ਵਾਰਦਾਤ ਦੇ 24 ਘੰਟੇ ਬਾਅਦ ਵੀ ਹਾਦਸੇ ਜਾਂ ਹੱਤਿਆ ਦਾ ਨਿਰਣਾ ਕਰਨ ਚ, ਉਲਝੀ ਪੁਲਿਸ
-ਘਟਨਾ ਵਾਲੀ ਜਗ੍ਹਾ ਦੀ ਹੱਦ ਤੈਅ ਕਰਦਿਆਂ ਲੰਘੀ 2 ਥਾਣਿਆਂ ਦੀ ਪੁਲਿਸ ਦੀ ਰਾਤ
ਮ੍ਰਿਤਕ ਦੇ ਪਰਿਵਾਰ ਦਾ ਦੋਸ਼, ਹਾਦਸਾ ਨਹੀਂ, ਸੇਵਕ ਦੀ ਕੀਤੀ ਹੱਤਿਆ
ਦੇਰ ਰਾਤ ਦਰਜ਼ ਹੋਊ ਕੇਸ ਅਤੇ ਭਲਕੇ ਹੋਵੇਗਾ ਪੋਸਟਮਾਰਟਮ
ਹਰਿੰਦਰ ਨਿੱਕਾ ਬਰਨਾਲਾ 20 ਜੂਨ 2020
ਬਰਨਾਲਾ-ਬਠਿੰਡਾ ਸੜ੍ਹਕ ਤੇ ਘੁੰਨਸ ਪੈਟਰੌਲ ਪੰਪ ਦੇ ਨਜ਼ਦੀਕ ਕਰੀਬ 24 ਘੰਟੇ ਪਹਿਲਾਂ ਸ਼ਰਾਬ ਤਸਕਰਾਂ ਦੀ ਕਾਰ ਚ, ਸਵਾਰ ਬੰਦਿਆਂ ਨੇ ਨਜਾਇਜ਼ ਸ਼ਰਾਬ ਫੜ੍ਹਨ ਲਈ ਨਾਕਾ ਲਾਈ ਖੜ੍ਹੇ ਤਪਾ ਦੇ ਸ਼ਰਾਬ ਠੇਕੇਦਾਰ ਦੇ ਕਰਿੰਦੇ ਨੂੰ ਦਰੜ੍ਹ ਦਿੱਤਾ। ਸ਼ਰਾਬ ਤਸਕਰਾਂ ਦੀ ਸਿਵਫਟ ਕਾਰ ਠੇਕੇਦਾਰ ਦੇ ਕਰਿੰਦੇ ਨੂੰ ਦੂਰ ਤੱਕ ਘੜੀਸ ਕੇ ਲੈ ਗਈ। ਠੇਕੇਦਾਰ ਦੇ ਕਰਿੰਦੇ ਸੇਵਕ ਸਿੰਘ ਘੁੰਨਸ ਦੀ ਮੌਕੇ ਤੇ ਹੀ ਮੌਤ ਹੋ ਗਈ। ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬੰਦੇ ਮੌਕੇ ਤੋਂ ਟਲਣ ਚ। ਕਾਮਯਾਬ ਹੋ ਗਏ। ਇਹ ਘਟਨਾ ਸ਼ੁਕਰਵਾਰ ਰਾਤ ਕਰੀਬ 10:30 ਵਜੇ ਦੀ ਹੈ। ਸੂਚਨਾ ਮਿਲਦਿਆਂ ਹੀ ਭਾਂਵੇ ਤਪਾ ਥਾਣੇ ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ । ਪੁਲਿਸ ਪਾਰਟੀ ਨੇ ਲਾਸ਼ ਨੂੰ ਸਿਵਲ ਹਸਪਤਾਲ ਬਰਨਾਲਾ ਦੇ ਮੁਰਦਾਘਰ ਚ, ਸੰਭਾਲ ਦਿੱਤਾ ਅਤੇ ਹਾਦਸੇ ਵਾਲੀ ਥਾਂ ਤੇ ਖੜ੍ਹੀਆਂ ਗੱਡੀਆਂ ਕਬਜੇ ਚ, ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ। ਸ਼ਰਾਬ ਤਸਕਰਾਂ ਦੀ ਕਾਰ ਚੋਂ ਭਾਰੀ ਮਾਤਰਾ ਚ, ਹਰਿਆਣਾ ਪ੍ਰਦੇਸ਼ ਤੋਂ ਨਜ਼ਾਇਜ਼ ਢੰਗ ਨਾਲ ਲਿਆਂਦੀ ਸ਼ਰਾਬ ਵੀ ਬਰਾਮਦ ਹੋਈ। ਰਾਤ ਭਰ ਥਾਣਾ ਤਪਾ ਅਤੇ ਰੂੜੇਕੇ ਥਾਣਿਆਂ ਦੀ ਪੁਲਿਸ ਘਟਨਾ ਵਾਲੀ ਥਾਂ ਦੀ ਹੱਦ ਦਾ ਮੁੱਦਾ ਸੁਲਝਾਉਣ ਚ, ਲੱਗੀ ਰਹੀ। ਜਦੋਂ ਹੱਦ ਦਾ ਮੁੱਦਾ ਸੁਲਝਿਆ ਤਾਂ ਫਿਰ ਘਟਨਾ ਚ, ਹਾਦਸੇ ਜਾਂ ਹੱਤਿਆ ਨੂੰ ਲੈ ਕੇ ਮਾਮਲਾ ਉਲਝ ਗਿਆ। ਸੇਵਕ ਸਿੰਘ ਦਾ ਅਤੇ ਤਪਾ ਖੇਤਰ ਦੇ ਠੇਕੇਦਾਰ ਪੁਲਿਸ ਤੇ ਦੋਸ਼ੀਆਂ ਖਿਲਾਫ ਹਾਦਸੇ ਦੀ ਬਜਾਏ ਹੱਤਿਆ ਦਾ ਕੇਸ ਦਰਜ਼ ਕਰਨ ਲਈ ਦਬਾਅ ਪਾਉਣ ਲੱਗ ਪਏ। ਭੜ੍ਹਕੇ ਹੋਏ ਲੋਕਾਂ ਨੇ ਹੱਤਿਆ ਦਾ ਕੇਸ ਦਰਜ਼ ਕੀਤੇ ਬਿਨਾਂ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਲੋਕਾਂ ਨੇ ਸਿਵਲ ਹਸਪਤਾਲ ਚ, ਧਰਨਾ ਲਾ ਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਚ, ਢਿੱਲ ਕਰ ਰਹੀ ਪੁਲਿਸ ਪਾਰਟੀ ਅਤੇ ਦੋਸ਼ੀ ਠੇਕੇਦਾਰ ਵਿੱਕੀ ਤਪਾ ਅਤੇ ਉਸਦੇ ਸਾਥੀਆਂ ਦੇ ਖਿਲਾਫ ਨਾਅਰੇਬਾਜੀ ਵੀ ਕੀਤਾ। ਦਿਨ ਭਰ ਹਸਪਤਾਲ ਚ, ਤਣਾਅ ਦਾ ਮਾਹੌਲ ਬਣਿਆ ਰਿਹਾ। ਹਾਲਤ ਨੂੰ ਕਾਬੂ ਚ, ਰੱਖਣ ਲਈ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ।
-ਫੋਨ ਕਰਕੇ ਬਿੱਲੇ ਨੇ ਸੇਵਕ ਨੂੰ ਘਰੋਂ ਬੁਲਾਇਆ-ਜਸਪਾਲ ਸਿੰਘ
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਸੇਵਕ ਸਿੰਘ ਦੇ ਕਰੀਬੀ ਰਿਸ਼ਤੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਸੇਵਕ ਸਿੰਘ ਸ਼ੁਕਰਵਾਰ ਰਾਤ ਨੂੰ ਕੰਮ ਨਿਬੇੜ ਕੇ ਘਰ ਪਹੁੰਚ ਗਿਆ ਸੀ। ਪਰੰਤੂ ਬਰਨਾਲਾ ਦੇ ਠੇਕੇਦਾਰ ਵਿੱਕੀ ਤਪਾ ਦੇ ਸਾਥੀ ਬਿੱਲੇ ਨੇ ਸੇਵਕ ਸਿੰਘ ਨੂੰ ਫੋਨ ਕਰਕੇ ਘੁੰਨਸ ਮੋੜ ਤੇ ਇਹ ਕਹਿ ਕੇ ਬੁਲਾ ਲਿਆ ਕਿ ਬਰਨਾਲਾ ਵਾਲੇ ਪਾਸਿਉਂ ਨਜਾਇਜ਼ ਸ਼ਰਾਬ ਦੀ ਪਰੀ ਇੱਕ ਸਿਵਫਟ ਕਾਰ ਆ ਰਹੀ ਹੈ। ਜਿਸ ਨੂੰ ਅੱਗੇ ਹੋ ਕੇ ਘੇਰ ਲੈਣਾ। ਇਹ ਸੁਣ ਕੇ ਸੇਵਕ ਸਿੰਘ ਆਪਣੇ ਠੇਕੇਦਾਰ ਦੀ ਗੱਡੀ ਲੈ ਕੇ ਘੁੰਨਸ ਪੈਟਰੌਲ ਪੰਪ ਕੋਲ ਖੜ੍ਹ ਗਿਆ। ਸਿਵਫਟ ਕਾਰ ਚ, ਸਵਾਰ ਚਮਕੌਰ ਸਿੰਘ, ਬਿੱਲਾ , ਠੇਕੇਦਾਰ ਵਿੱਕੀ ਤਪਾ ਆਦਿ ਨੇ ਸੇਵਕ ਸਿੰਘ ਦੀ ਹੱਤਿਆ ਕਰਨ ਲਈ ਸਿਵਫਟ ਕਾਰ ਸਿੱਧੀ ਸੇਵਕ ਸਿੰਘ ਚ, ਮਾਰੀ ਤੇ ਦੂਰ ਤੱਕ ਸੇਵਕ ਨੂੰ ਘੜੀਸ ਕੇ ਲੈ ਗਏ। ਮੌਕੇ ਤੇ ਹੀ ਸੇਵਕ ਸਿੰਘ ਦੀ ਮੌਤ ਹੋ ਗਈ ਅਤੇ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਗਏ। ਉਨ੍ਹਾਂ ਕਿਹਾ ਕਿ ਸ਼ਰਾਬ ਤਸਕਰਾਂ ਨੇ ਹੱਤਿਆ ਨੂੰ ਹਾਦਸੇ ਦਾ ਰੂਪ ਦੇਣ ਲਈ ਹੀ ਅਜਿਹਾ ਕਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੋਸ਼ੀਆਂ ਖਿਲਾਫ ਹੱਤਿਆ ਦਾ ਕੇਸ ਦਰਜ਼ ਨਹੀਂ ਕਰਦੀ ਤਾਂ ਉਹ ਨਾ ਲਾਸ਼ ਦਾ ਅੰਤਿਮ ਸੰਸਕਾਰ ਨਹੀਂ ਕਰਨਗੇ।
-ਤਹਿਕੀਕਾਤ ਜਾਰੀ, ਪਹਿਲੀ ਨਜਰ ਚ, ਲੱਗਦਾ ਹੈ ਹਾਦਸਾ-ਐਸਐਚਉ
ਥਾਣਾ ਰੂੜੇਕੇ ਕਲਾਂ ਦੇ ਐਸਐਚਉ ਕਮਲਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਮ੍ਰਿਤਕ ਦਾ ਪਰਿਵਾਰ ਘਟਨਾ ਨੂੰ ਹਾਦਸਾ ਕਹਿ ਰਿਹਾ ਹੈ। ਪਰੰਤੂ ਪਹਿਲੀ ਨਜ਼ਰ ਚ, ਦੋ ਗੱਡੀਆਂ ਦੀ ਟੱਕਰ ਤੋਂ ਇਹ ਹਾਦਸਾ ਹੀ ਜਾਪਦਾ ਹੈ। ਫਿਰ ਵੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਪਰਿਵਾਰ ਹਾਦਸੇ ਦੀ ਕਾਰਵਾਈ ਕਰਵਾਉਣ ਦੇ ਸਹਿਮਤ ਹੋ ਗਿਆ ਹੈ। ਜੇਕਰ ਪੜਤਾਲ ਅਤੇ ਤੱਥਾਂ ਤੋਂ ਬਾਅਦ ਘਟਨਾ ਹੱਤਿਆ ਦੀ ਸਾਹਮਣੇ ਆਈ ਤਾਂ ਕੇਸ ਦੇ ਜੁਰਮ ਚ, ਵਾਧਾ ਵੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਐਤਵਾਰ ਨੂੰ ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਐਸਐਚਉ ਨੇ ਦੋਸ਼ੀਆਂ ਦੇ ਨਾਮ ਦੱਸਣ ਤੋਂ ੲਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਪਰਿਵਾਰ ਦੇ ਬਿਆਨਾਂ ਚ, ਜਿਹੜੇ ਨਾਮ ਹੋਣਗੇ, ਉਨ੍ਹਾਂ ਖਿਲਾਫ ਕੇਸ ਦਰਜ਼ ਕਰ ਦਿੱਤਾ ਜਾਵੇਗਾ।