ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਸਿੱਖ ਕੌਮ ਵਿਰੁੱਧ ਕੀਤੀਆਂ ਜਾ ਰਹੀਆਂ ਕਾਰਵਾਈਆਂ ‘ਤੇ ਰੋਕ ਲਾਉਣ ਦੀ ਕੀਤੀ ਮੰਗ
ਰਘਵੀਰ ਹੈਪੀ , ਬਰਨਾਲਾ 18 ਦਸੰਬਰ 2023
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜ਼ਿਲ੍ਹਾ ਜਥੇਬੰਦੀ ਵੱਲੋਂ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੇ ਨਾਂਅ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਕਿ ਭਾਰਤੀ ਵਿਦੇਸ਼ ਮੰਤਰਾਲਿਆ ਵੱਲੋਂ ਵਿਦੇਸ਼ਾਂ ਵਿੱਚ ਆਪਣੀਆਂ ਏਜੰਸੀਆਂ ਅਤੇ ਕੌਸਲੇਟ ਖਾਨਿਆਂ ਰਾਹੀਂ ਸਿੱਖ ਕੌਮ ਵਿਰੁੱਧ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ‘ਤੇ ਤੁਰੰਤ ਰੋਕ ਲਗਾਈ ਜਾਵੇ |
ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਭਾਰਤੀ ਹੁਕਮਰਾਨਾਂ ਵੱਲੋਂ ਸ਼ੁਰੂ ਤੋਂ ਹੀ ਸਿੱਖ ਕੌਮ ਵੱਲੋਂ ਮਨੁੱਖਤਾ ਦੀ ਖਾਤਿਰ ਦਿੱਤੀਆਂ ਅਨੇਕਾਂ ਕੁਰਬਾਨੀਆਂ ਨੂੰ ਅਣਦੇਖਿਆ ਕਰਕੇ ਕੌਮ ਨੂੰ ਦਬਾਉਣ ਲਈ ਅੱਤਿਆਚਾਰ ਕੀਤੇ ਜਾਂਦੇ ਰਹੇ ਹਨ | ਦੇਸ਼ ਦੇ ਸੰਵਿਧਾਨ ਵਿੱਚ ਸਾਰੇ ਧਰਮਾਂ ਲਈ ਬਰਾਬਰ ਦੇ ਅਧਿਕਾਰ ਹੋਣ ਦੇ ਬਾਵਜੂਦ ਦੇਸ਼ ਵਿੱਚ ਘੱਟ ਗਿਣਤੀਆਂ ਤੇ ਬਹੁ ਗਿਣਤੀਆਂ ਲਈ ਵੱਖਰੇ-ਵੱਖਰੇ ਕਾਨੂੰਨਾਂ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ |
ਮੰਗ ਪੱਤਰ ਵਿੱਚ ਸਿੱਖ ਕੌਮ ਅਨੁਸਾਰ ‘ਖਾਲਿਸਤਾਨ’ ਤੇ ‘ਬੇਗਮਪੁਰਾ’ ਸ਼ਬਦਾਂ ਦੀ ਮਹਾਨਤਾ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਹੈ ਕਿ ਜੇਕਰ ਸਿੱਖ ਕੌਮ ਆਪਣੀ ਕੌਮ ਦੇ ਮਹਾਨ ਸ਼ਬਦ ‘ਖਾਲਿਸਤਾਨ’ ਜਾਂ ‘ਬੇਗਮਪੁਰਾ’ ਦੀ ਗੱਲ ਕਰਦੀ ਹੈ ਤਾਂ ਦੇਸ਼ਧ੍ਰੋਹ ਵਰਗੀਆਂ ਕਾਲੀਆਂ ਧਾਰਾਵਾਂ ਲਾ ਕੇ ਕੌਮ ਦੇ ਆਗੂਆਂ ਉੱਪਰ ਅੱਤਿਆਚਾਰ ਕੀਤੇ ਜਾਂਦੇ ਹਨ, ਜਦੋਂਕਿ ਦੂਜੇ ਪਾਸੇ ਭਾਰਤ ਦੇ ਬਹੁਗਿਣਤੀ ਵਰਗਾਂ ਨੂੰ ਰਾਮ ਰਾਜ, ਹਿੰਦੂ ਰਾਸ਼ਟਰ, ਹਿੰਦੂ-ਹਿੰਦੀ ਹਿੰਦੂਸਤਾਨ ਦੇ ਜੈਕਾਰੇ ਲਾਉਣ ਦੀ ਆਜਾਦੀ ਹੈ | ਭਾਰਤੀ ਹੁਕਮਰਾਨਾਂ ਦੀਆਂ ਸਿੱਖ ਕੌਮ ਵਿਰੋਧੀ ਕਾਰਵਾਈਆਂ ਦੇ ਨਿਸ਼ਾਨੇ ਤਹਿਤ ਹੀ ਹੁਣ ਭਾਰਤੀ ਵਿਦੇਸ਼ ਮੰਤਰਾਲਿਆਂ ਵੱਲੋਂ ਬਾਹਰਲੇ ਮੁਲਕਾਂ ਵਿੱਚ ਵਸੇ ਸਿੱਖਾਂ ਵਿਰੁੱਧ ਆਪਣੀਆਂ ਅੰਬੇਸੀਆਂ ਤੇ ਕੌਸਲੇਟਾਂ ਨੂੰ ਲਾਮਬੰਦ ਕਰਨ ਸੰਬੰਧੀ ਪੱਤਰ ਲਿਖਿਆ ਗਿਆ ਹੈ |
ਮੰਗ ਪੱਤਰ ਵਿੱਚ ਰਾਸ਼ਟਰਪਤੀ ਤੋਂ ਮੰਗ ਕੀਤੀ ਗਈ ਹੈ ਕਿ ਕੌਮਾਂਤਰੀ ਪੱਧਰ ‘ਤੇ ਇੰਡੀਅਨ ਹੁਕਮਰਾਨਾਂ ਦੀਆਂ ਸਿੱਖ ਕੌਮ ਤੇ ਘੱਟ ਗਿਣਤੀ ਵਿਰੋਧੀ ਨਫਰਤ ਭਰੀਆਂ ਕਾਰਵਾਈਆਂ ‘ਤੇ ਅਮਲਾ ਨੂੰ ਬੰਦ ਕਰਵਾ ਕੇ ਸਿੱਖਾਂ ਨੂੰ ਸਰੀਰਿਕ ਤੌਰ ‘ਤੇ ਖਤਮ ਕਰਨ ਦੇ ਮਨੁੱਖਤਾ ਵਿਰੋਧੀ ਅਮਲਾਂ ਦਾ ਸਹੀ ਰੂਪ ਵਿੱਚ ਅੰਤ ਕਰਕੇ ਇੰਡੀਆ ਅਤੇ ਬਾਹਰਲੇ ਮੁਲਕਾਂ ਵਿੱਚ ਇੰਡੀਆਂ ਦੀ ਖਤਮ ਹੁੰਦੀ ਜਾ ਰਹੀ ਸਾਖ ਨੂੰ ਸਹੀ ਕਰਨ ਵਿੱਚ ਯੋਗਦਾਨ ਪਾਓਗੇ ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਗੁਰਦਿੱਤ ਸਿੰਘ ਬਰਾੜ ਜ਼ਿਲ੍ਹਾ ਸੋਸ਼ਲ ਮੀਡੀਆ ਇੰਚਾਰਜ , ਓਕਾਰ ਸਿੰਘ ਬਰਾੜ ਵਰਕਿੰਗ ਕਮੇਟੀ ਮੈਂਬਰ ਬਲਦੇਵ ਸਿੰਘ ਸੀਨੀਅਰ ਵਾਈਸ ਪ੍ਰਧਾਨ, ਡਾ. ਜਗਰੂਪ ਸਿੰਘ ਸੀਨੀਅਰ ਸ਼ਹਿਰੀ ਵਾਈਸ ਪ੍ਰਧਾਨ, ਭੋਲਾ ਸਿੰਘ ਭੂਰੇ ਸਰਕਲ ਪ੍ਰਧਾਨ, ਭੋਲਾ ਸਿੰਘ ਜਗਜੀਤਪੁਰਾ ਸਰਕਲ ਪ੍ਰਧਾਨ ਸ਼ਹਿਣਾ, ਮੇਲਾ ਸਿੰਘ ਯੂਥ ਵਿੰਗ ਪ੍ਰਧਾਨ ਸਰਕਲ ਵਾਈਸ ਪ੍ਰਧਾਨ ਸ਼ਹਿਣਾ, ਸਮਸ਼ੇਰ ਸਿੰਘ, ਹਰਮੰਦਿਰ ਸਿੰਘ ਟੱਲੇਵਾਲ ਸਰਕਲ ਪ੍ਰਧਾਨ, , ਬੀਬੀ ਮਨਵੀਰ ਕੌਰ, ਬੀਬੀ ਮਿੰਦਰ ਕੌਰ, ਬੀਬੀ ਬਲਜੀਤ ਕੌਰ, ਬੀਬੀ ਕਰਮਜੀਤ ਕੋਰ ਬਦੇਸਾ ਸਮੇਤ ਹੋਰ ਆਗੂ ਤੇ ਵਰਕਰ ਹਾਜਰ ਸਨ ।