ਵਿਧਾਇਕਾ ਰੂਬੀ ਨੇ ਕਿਹਾ, ਹਰ ਖੇਤਰ ‘ਚ ਮਾਫ਼ੀਆ ਸਰਗਰਮ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ
ਰਾਜਿੰਦਰ ਸਿੰਘ ਮਰਾਹੜ ਭਗਤਾ ਭਾਈ 2020
ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ ਵਿਚ ਪਾਰਟੀ ਨੂੰ ਮਜਬੂਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਹਲਕਾ ਰਾਮਪੁਰਾ ਫੂਲ ਦੇ ਪਾਰਟੀ ਵਰਕਰਾਂ ਦੀ ਮੀਟਿੰਗ ਬਰਾੜ ਪੈਲੇਸ ਭਗਤਾ ਭਾਈ ਵਿਖੇ ਹੋਈ। ਮੀਟਿੰਗ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਪਾਰਟੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਦੋਸ਼ ਲਗਾਇਆ ਕਿ ਪੰਜਾਬ ਵਿਚ ਸਰਕਾਰ ਅਤੇ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਹਰੇਕ ਖੇਤਰ ‘ਚ ਸਰਗਰਮ ਮਾਫ਼ੀਆ ਅਤੇ ਭਿ੍ਸ਼ਟਾਚਾਰ ਦਾ ਬੋਲਬਾਲਾ ਹੋ ਚੁੱਕਿਆ ਹੈ ਅਤੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਤੋਂ ਬੇਹੱਦ ਨਿਰਾਸ਼ ਹੋ ਚੁੱਕੇ ਹਨ ਅਤੇ ਉਹ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ‘ਚ ‘ਆਪ’ ਦੀ ਸਰਕਾਰ ਬਣਾਉਣ ਲਈ ਤਿਆਰ ਬੈਠੇ ਹਨ। ਪਾਰਟੀ ਦੇ ਜਿਲਾ ਪ੍ਰਧਾਨ ਨਵਦੀਪ ਜੀਦਾ, ਜਸਦੀਪ ਸਿੰਘ ਗੈਰੀ, ਨਛੱਤਰ ਸਿੰਘ ਸਿੱਧੂ, ਮਨਜੀਤ ਸਿੰਘ ਬਿੱਟੀ ਅਤੇ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ ਅਤੇ ਇਸ ਨਿਕੰਮੀ ਸਰਕਾਰ ਤੋਂ ਖਹਿੜਾ ਛੁਡਾਉਣ ਲਈ ਉਤਾਵਲੇ ਹਨ। ਵਿਧਾਇਕਾ ਰੂਬੀ ਨੇ ਪਾਰਟੀ ਦੀ ਕਰੋਨਾ ਕਾਲਿੰਗ ਮੁਹਿੰਮ ‘ਚ ਫਰੀਦਕੋਟ ਲੋਕ ਸਭਾ ਹਲਕੇ ‘ਚੋ ਪਹਿਲਾਂ ਸਥਾਨ ਹਾਸਲ ਕਰਨ ਵਾਲੇ ਜਤਿੰਦਰ ਸਿੰਘ ਭੱਲਾ, ਗੁਰਵਿੰਦਰ ਸੇਲਬਰਾਹ, ਰਾਜਿੰਦਰ ਸੋਢੀ, ਡਾ ਕੇਵਲ ਭਗਤਾ , ਰਮਨ, ਰੁਪਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਗੁਰਮੀਤ ਸਿੰਘ ਸੋਨੀ, ਰਾਜਵਿੰਦਰ ਸਿੰਘ ਭਗਤਾ, ਜਸਵੀਰ ਸਿੰਘ ਭਾਈਰੂਪਾ, ਜਸ ਭਗਤਾ, ਬੂਟਾ ਜਲਾਲ, ਰਮਨ ਗੁੰਮਟੀ, ਗੁਰਚਰਨ ਸਿੰਘ ਭਾਈਰੂਪਾ ਆਦਿ ਹਾਜਰ ਸਨ।