ਦਿਲ ਕੇ ਅਰਮਾਂ ਆਂਸੂਓਂ ਮੇਂ ਵਹਿ ਗਏ,,,,,,
ਹਰਿੰਦਰ ਨਿੱਕਾ , ਬਰਨਾਲਾ 30 ਨਵੰਬਰ 2023
ਆਪ ਸਰਕਾਰ ਦੁਆਰਾ ਨਗਰ ਕੌਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਡੇਢ ਮਹੀਨੇ ਬਾਅਦ ਵੀ ਨਗਰ ਕੌਂਸਲ ਬਰਨਾਲਾ ਦਾ ਪ੍ਰਧਾਨ ਕੌਣ ਹੋਊ , ਦੇ ਹਰ ਕਿਸੇ ਦੀ ਜੁਬਾਨ ਤੇ ਚੜ੍ਹੇ ਸਵਾਲ ਦਾ ਸਟੀਕ ਜੁਆਬ, ਮਾਮਲਾ ਹਾਈਕੋਰਟ ਵਿੱਚ ਪਹੁੰਚ ਜਾਣ ਤੋਂ ਬਾਅਦ ਵੀ ਹਾਲੇ ਤੱਕ ਨਹੀਂ ਮਿਲਿਆ। ਇਸ ਮਾਮਲੇ ਉੱਤੇ ਤਿੰਨ ਵਾਰ ਹੋਈ ਸੁਣਵਾਈ ਤੋਂ ਬਾਅਦ ਵੀ, ਮਾਨਯੋਗ ਹਾਈਕੋਰਟ , ਘੁੰਡੀ ਨਹੀਂ ਖ਼ੋਲ੍ਹੀ। ਕਰੀਬ ਇੱਕ ਮਹੀਨੇ ਦੇ ਇੰਤਜਾਰ ਤੋਂ ਬਾਅਦ ਅੱਜ ਫਿਰ ਸ਼ਹਿਰੀਆਂ ਦੀਆਂ ਨਜ਼ਰਾਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਹੋਣ ਵਾਲੀ ਸੁਣਵਾਈ ਤੇ ਸਵੇਰ ਤੋਂ ਹੀ ਟਿਕੀਆਂ ਹੋਈਆਂ ਸਨ। ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਸੁਧੀਰ ਸਿੰਘ ਅਤੇ ਜਸਟਿਸ ਸੁਮੀਤ ਗੋਇਲ ਦੇ ਡਬਲ ਬੈਂਚ ਤੇ ਅੱਜ ਬਾਅਦ ਦੁਪਹਿਰ ਸੁਣਵਾਈ ਹੋਈੇ। ਪੰਜਾਬ ਸਰਕਾਰ ਦੀ ਤਰਫੋਂ ਪੇਸ਼ ਹੋਈ ਵਕੀਲਾਂ ਦੀ ਟੀਮ ਨੇ ਮਾਨਯੋਗ ਅਦਾਲਤ ਨੂੰ ਆਪਣੀਆਂ ਦਲੀਲਾਂ ਦੇ ਕੇ, ਨਵੇਂ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਦਾ ਨੌਟੀਫਿਕੇਸ਼ਨ ਜ਼ਾਰੀ ਕਰਨ ਤੇ ਲਾਈ ਰੋਕ ਹਟਾਉਣ ਲਈ ਕਿਹਾ। ਜਦੋਂਕਿ ਅਹੁਦਿਉਂ ਫਾਰਗ ਕੀਤੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੇ ਸੀਨੀਅਰ ਵਕੀਲ ਰਾਕੇਸ਼ ਨਹਿਰਾ ਨੇ ਸਰਕਾਰੀ ਵਕੀਲਾਂ ਦੀਆਂ ਦਲੀਲਾਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਜੇਕਰ ਨਵੇਂ ਚੁਣੇ ਪ੍ਰਧਾਨ ਦਾ ਨੋਟੀਫਿਕੇਸ਼ਨ ਜਾਰੀ ਹੋ ਜਾ਼ਂਦਾ ਹੈ ਤਾਂ ਫਿਰ ਗੈਰਕਾਨੂੰਨੀ ਢੰਗ ਨਾਲ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਰਾਮਣਵਾਸੀਆ ਦੀ ਦਾਇਰ ਕੀਤੀ ਰਿੱਟ ਪਟੀਸ਼ਨ ਹੀ ਬੇ ਮਾਇਨੀ ਹੋ ਜਾਵੇੇਗੀ। ਮਾਨਯੋਗ ਅਦਾਲਤ ਨੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਉਪਰੰਤ ਮਾਮਲੇ ਦੀ ਅਗਲੀ ਸੁਣਵਾਈ ਲਈ 20 ਮਾਰਚ 2024 ਦੀ ਪੇਸ਼ੀ ਮੁਕਰਰ ਕਰਦਿਆਂ , ਨਵੇਂ ਚੁਣੇ ਪ੍ਰਧਾਨ ਦੇ ਨੋਟੀਫਿਕੇਸ਼ਨ ਤੇ ਲਾਈ ਰੋਕ ਨੂੰ ਵੀ 20 ਮਾਰਚ ਤੱਕ ਅੱਗੇ ਵਧਾ ਦਿੱਤਾ। ਨਤੀਜੇ ਵਜੋਂ ਹਾਲੇ ਕਰੀਬ ਸਾਢੇ ਤਿੰਨ ਮਹੀਨੇ ਹੋਰ, ਨਗਰ ਕੋਂਸਲ ਬਰਨਾਲਾ ਦੇ ਪ੍ਰਧਾਨ ਦੀ ਕੁਰਸੀ ਖਾਲੀ ਹੀ ਰਹੇਗੀ।
ਫਲੈਸ਼ਬੈਕ- ‘ਤੇ ਕਦੋਂ ਕੀ ਹੋਇਆ,,,,,
- ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਨਗਰ ਕੌਂਸਲ ਬਰਨਾਲਾ ਦੇ ਤਤਕਾਲੀ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ 15 ਅਕਤੂਬਰ ਨੂੰ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਫਾਰਿਗ ਕਰ ਦਿੱਤਾ ਗਿਆ ਸੀ। ਪ੍ਰਧਾਨ ਤੇ ਦੋਸ਼ ਇਹ ਲਾਇਆ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ, ਨਗਰ ਪੰਚਾਇਤ ਹੰਡਿਆਇਆ ਨੂੰ ਚੈਕ ਰਾਹੀਂ 10 ਲੱਖ ਰੁਪਏ ਦੀ ਅਦਾਇਗੀ ਬਤੌਰ ਕਰਜ਼ ਉਧਾਰ ਕਰ ਦਿੱਤੀ ਸੀ। ਇਸੇ ਦੋਸ਼ ਤਹਿਤ ਤਤਕਾਲੀ ਈ.ਓ ਮੋਹਿਤ ਸ਼ਰਮਾ ਨੂੰ ਵੀ ਚਾਰਜਸ਼ੀਟ ਕੀਤਾ ਹੋਇਆ ਹੈ।
- ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅਹੁਦੇ ਤੋਂ ਲਾਹੇ ਜਾਣ ਤੋਂ 2 ਦਿਨ ਬਅਦ ਹੀ ਕਾਹਲੀ ਵਿੱਚ 17 ਅਕਤੂਬਰ ਨੂੰ ਸੱਦੀ ਹਾਊਸ ਦੀ ਮੀਟਿੰਗ ਵਿੱਚ ਹਾਜਿਰ ਕੁੱਲ 18 ਮੈਂਬਰਾਂ ਦੁਆਰਾ ,ਕੌਂਸਲਰ ਰੁਪਿੰਦਰ ਸਿੰਘ ਸ਼ੀਤਲ @ ਬੰਟੀ ਨੂੰ ਨਵਾਂ ਪ੍ਰਧਾਨ ਚੁਣ ਲਿਆ ਸੀ। ਜਦੋਂਕਿ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਾਊਸ ਦੇ 14 ਮੈਂਬਰਾਂ ਨੇ ਹਾਊਸ ਦੀ ਮੀਟਿੰਗ ਤੋਂ ਦੂਰੀ ਬਣਾ ਕੇ ਰੱਖੀ ਸੀ।
- 17 ਅਕਤੂਬਰ ਨੂੰ ਹੀ ਅਹੁਦੇ ਤੋਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਰਿੱਟ ਪਟੀਸ਼ਨ ਉੱਤੇ ਮਾਨਯੋਗ ਹਾਈਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ। ਇਸ ਸੁਣਵਾਈ ਸਮੇਂ ਅਦਾਲਤ ਨੇ ਨਵੇ ਚੁਣੇ ਪ੍ਰਧਾਨ ਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਰੋਕ ਲਾ ਦਿੱਤੀ ਸੀ। ਜਿਹੜੀ ਰੋਕ ਹੁਣ 20 ਮਾਰਚ 2024 ਤੱਕ ਵੀ ਬਰਕਰਾਰ ਰਹੇਗੀ। ਇਸ ਤਰਾਂ ਨਵੇਂ ਚੁਣੇ ਪ੍ਰਧਾਨ ਰੁਪਿੰਦਰ ਸੀਤਲ ਦੇ ਪ੍ਰਧਾਨ ਬਣਨ ਦੇ ਅਰਮਾਨ , ਫਿਲਹਾਲ …… ਮੇਂ ਵਹਿ ਗਏ।