ਅਸ਼ੋਕ ਵਰਮਾ, ਚੰਡੀਗੜ੍ਹ 30 ਨਵੰਬਰ 2023
ਬੁੱਧਵਾਰ ਸ਼ਾਮ ਨੂੰ ਲੁਧਿਆਣਾ ਜਿਲ੍ਹੇ ਵਿੱਚ ਹੋਏ ਪੁਲਿਸ ਮੁਕਾਬਲੇ ਦੌਰਾਨ ਦੋ ਖਤਰਨਾਕ ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਅਤੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦਾ ਅਕਸ ਇੱਕ ਦਬੰਗ ਪੁਲਿਸ ਅਫਸਰ ਅਤੇ ਸਿੰਘਮ ਫਿਲਮ ਦੇ ਨਾਇਕ ਬਾਜੀ ਰਾਓ ਸਿੰਘਮ ਵਾਂਗ ‘ਸਿੰਘਮ’ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਇਸ ਮੁਕਾਬਲੇ ਦੌਰਾਨ ਗੈਂਗਸਟਰ ਸੰਜੀਵ ਕੁਮਾਰ ਉਰਫ ਸੰਜੂ ਬਾਹਮਣ ਅਤੇ ਸ਼ਭਮ ਗੋਪੀ ਦੀ ਮੌਤ ਹੋ ਗਈ ਸੀ। ਅੱਜ ਦਾ ਦਬੰਗ ਕੁਲਦੀਪ ਚਾਹਲ ਪੁਲਿਸ ਸੇਵਾ ਦੇ ਸ਼ੁਰੂ ’ਚ ਆਮ ਪੁਲਿਸ ਅਧਿਕਾਰੀਆਂ ਵਾਂਗ ਚੁੱਪਚਾਪ ਆਪਣੀ ਡਿਊਟੀ ਕਰਨ ਵਾਲਾ ਅਫਸਰ ਹੀ ਸੀ। ਸਭ ਤੋਂ ਪਹਿਲੀ ਵਾਰ ਕੁਲਦੀਪ ਚਾਹਲ ਉਦੋਂ ਚਰਚਾ ਦਾ ਵਿਸ਼ਾ ਬਣਿਆ ਜਦੋਂ ਪੰਜਾਬ ਦਾ ਏ ਕੈਟਾਗਰੀ ਦੇ ਗੈਂਗਸਟਰ ਗੁਰਸ਼ਹੀਦ ਸਿੰਘ ਉਰਫ ਸ਼ੇਰਾ ਖੁੱਬਣ ਬਠਿੰਡਾ ਦੇ ਕਮਲਾ ਨਹਿਰੂ ਨਗਰ ਇਲਾਕੇ ਵਿੱਚ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਜਦੋਂ ਇਹ ਘਟਨਾ ਵਾਪਰੀ ਉਦੋਂ ਕੁਲਦੀਪ ਸਿੰਘ ਚਾਹਲ ਬਠਿੰਡਾ ਦੇ ਏਐਸਪੀ ਸਨ ਜਿੰਨ੍ਹਾਂ ਦੀ ਰਿਹਾਇਸ਼ ਲਾਗੇੇ ਇਹ ਮੁਕਾਬਲਾ ਹੋਇਆ ਸੀ।
ਹਾਲਾਂਕਿ ਉਸ ਵਕਤ ਮਾਪਿਆਂ ਨੇ ਪੁਲਿਸ ਮੁਕਾਬਲੇ ਤੇ ਉਂਗਲ ਉਠਾਈ ਸੀ ਪਰ ਇੱਕ ਗੈਂਗਸਟਰ ਦੇ ਮਾਰੇ ਜਾਣ ਕਾਰਨ ਕੁਲਦੀਪ ਚਾਹਲ ਦੀ ਗਿਣਤੀ ਦਲੇਰ ਅਫਸਰ ਵਜੋਂ ਹੋਣ ਲੱਗ ਪਈ ਸੀ। ਸਾਲ 2019 ਵਿੱਚ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਹਰਿਆਣਾ ਵਾਸੀ ਗੈਂਗਸਟਰ ਅੰਕਿਤ ਭਾਦੂ ਜੀਰਕਪੁਰ ’ਚ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਅਤੇ ਪੁਲਿਸ ਨੇ ਲੱਖ ਲੱਖ ਰਪਏ ਦੇ ਇਨਾਮ ਵਾਲੇ ਦੋ ਬਦਮਾਸ਼ ਗ੍ਰਿਫਤਾਰ ਕੀਤੇ ਸਨ ਤਾਂ ਉਦੋਂ ਕੁਲਦੀਪ ਚਾਹਲ ਮੋਹਾਲੀ ਦੇ ਐਸਐਸਪੀ ਸਨ। ਕੁਲਦੀਪ ਚਾਹਲ ਇੱਕ ਵਾਰ ਮੁੜ ਉਸ ਵਕਤ ਵੱਡੀ ਚਰਚਾ ਦਾ ਵਿਸ਼ਾ ਬਣਿਆ ਜਦੋਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਪ੍ਰਸ਼ਾਸ਼ਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਸੂਤਰ ਦੱਸਦੇ ਹਨ ਕਿ ਕੁਲਦੀਪ ਚਾਹਲ ਨੇ ਉਸ ਵਕਤ ਕੁੱਝ ਅਜਿਹੇ ਮਸਲਿਆਂ ਨੂੰ ਲੈਕੇ ਅਵਾਜ਼ ਚੁੱਕੀ ਸੀ ਜੋ ਸਿਆਸੀ ਲੋਕਾਂ ਨੂੰ ਪਸੰਦ ਨਹੀਂ ਆਏ ਸਨ। ਇੰਨ੍ਹਾਂ ਮੁੱਦਿਆਂ ਨੂੰ ਲੈਕੇ ਕੁਲਦੀਪ ਚਾਹਲ ਅਤੇ ਰਾਜਪਾਲ ਵਿਚਕਾਰ ਐਨੀ ਖੜਕ ਗਈ ਕਿ ਐਸਐਸਪੀ ਹੋਣ ਦੇ ਬਾਵਜੂਦ ਇਸ ਪੁਲਿਸ ਅਫਸਰ ਨੇ ਇੱਕ ਅਹਿਮ ਸਮਾਗਮ ਤੋਂ ਇਸ ਲਈ ਕਿਨਾਰਾ ਕਰ ਲਿਆ ਕਿਉਂਕਿ ਉੱਥੇ ਰਾਜਪਾਲ ਮੁੱਖ ਮਹਿਮਾਨ ਸਨ। ਦਰਅਸਲ ਆਈਪੀਐੱਸ ਕੁਲਦੀਪ ਚਾਹਲ ਨੂੰ 2020 ਵਿੱਚ ਡੈਪੂਟੇਸ਼ਨ ’ਤੇ ਚੰਡੀਗੜ੍ਹ ਦਾ ਐੱਸਐੱਸਪੀ ਬਣਾਇਆ ਗਿਆ ਸੀ।
ਇਸ ਅਹੁਦੇ ’ਤੇ ਤਾਇਨਾਤੀ ਨੂੰ ਪੰਜਾਬ ਦੀ ਅਫ਼ਸਰਸ਼ਾਹੀ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵੱਕਾਰ ਦੇ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ। ਇਸ ਲਈ ਇਹ ਨਿਯੁਕਤੀ ਮਿਲਣੀ ਕਿਸੇ ਵੀ ਪੁਲਿਸ ਅਧਿਕਾਰੀ ਲਈ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਮੰਨੀ ਜਾਂਦੀ ਹੈ। ਆਮ ਤੌਰ ‘ਤੇ ਤਾਇਨਾਤੀ ਤਿੰਨ ਸਾਲਾਂ ਲਈ ਹੁੰਦੀ ਹੈ ਪਰ ਕੁਲਦੀਪ ਚਾਹਲ ਨੂੰ ਇਹ ਕਾਰਜਕਾਲ ਪੂਰਾ ਹੋਣ ਤੋਂ ਕਈ ਮਹੀਨੇ ਪਹਿਲਾਂ ਹਟਾ ਦਿੱਤਾ ਗਿਆ ਅਤੇ ਪੰਜਾਬ ਕੈਡਰ ਵਿੱਚ ਵਾਪਸ ਜਾਣ ਦੇ ਹੁਕਮ ਦਿੱਤੇ ਗਏ ਸਨ। ਬਿਨਾਂ ਕਿਸੇ ਰਵਾਇਤੀ ‘ਵਿਦਾਈ ਪ੍ਰੋਗਰਾਮ’ ਦੇ ਇੱਕ ਉੱਘੇ ਸੀਨੀਅਰ ਅਧਿਕਾਰੀ ਦਾ ਅਚਾਨਕ ਚਲੇ ਜਾਣ ਨਾਲ ਉਨ੍ਹਾਂ ਲੋਕਾਂ ਦਾ ਨਾਰਾਜ਼ ਹੋਣਾ ਲਾਜ਼ਮੀ ਸੀ ਜੋ ਅਕਸਰ ਕਾਨੂੰਨ ਅਨੁਸਾਰ ਕੰਮ ਕਰਨ ਵਾਲੇ ਪੁਲਿਸ ਅਫਸਰ ਦੀ ਕਾਰਗੁਜ਼ਾਰੀ ਪ੍ਰਤੀ ਖੁਸ਼ ਹੁੰਦੇ ਹਨ। ਚੰਡੀਗੜ੍ਹ ਵਿਦਾਇਗੀ ਤੋਂ ਬਾਅਦ ਪੰਜਾਬ ਸਰਕਾਰ ਨੇ ਕੁਲਦੀਪ ਚਾਹਲ ਨੂੰ ਡੀਆਈਜੀ ਬਣਾ ਦਿੱਤਾ ਅਤੇ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਸੀ। ਕਰੀਬ 9 ਦਿਨ ਪਹਿਲਾਂ ਹੀ ਨਿਯੁਕਤ ਕੀਤੇ ਕੁਲਦੀਪ ਚਾਹਲ ਨੇ ਜਦੋਂ ਅਹੁਦਾ ਸੰਭਾਲਿਆ ਤਾਂ ਪੁਲਿਸ ਤੇ ਪੰਜਾਬ ਸਰਕਾਰ ਇੱਕ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਲੋਕਾਂ ਦੇ ਨਿਸ਼ਾਨੇ ਤੇ ਸਨ।
ਆਮ ਲੋਕ ਵੀ ਮੰਨਦੇ ਹਨ ਕਿ ਲੁਧਿਆਣਾ ਪੁਲਿਸ ਨੇ ਜਿਸ ਢੰਗ ਨਾਲ ਕੇਸ ਨੂੰ ਨਜਿੱਠਿਆ ਉਸ ਤੋਂ ਕੁਲਦੀਪ ਚਾਹਲ ਦਾ ਡਿਊਟੀ ਪ੍ਰਤੀ ਸਖਤ ਅਤੇ ਅਪਰਾਧ ਖਿਲਾਫ ਦਬੰਗ ਅਫਸਰ ਹੋਣ ਦਾ ਸੰਦੇਸ਼ ਗਿਆ ਹੈ। ਕੁਲਦੀਪ ਸਿੰਘ ਚਾਹਲ ਭਾਰਤੀ ਪੁਲਿਸ ਸੇਵਾ ਦੇ ਪੰਜਾਬ ਕਾਡਰ ਦੇ 2009 ਬੈਚ ਦੇ ਅਧਿਕਾਰੀ ਹਨ। ਉਹ ਹਰਿਆਣਾ ਦੇ ਜੀਂਦ ਜ਼ਿਲ੍ਹੇ ਦਾ ਰਹਿਣ ਵਾਲੇ ਹਨ ਅਤੇ ਉਨ੍ਹਾਂ ਨੇ ਹਰਿਆਣਾ ਦੀ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਸਿੱਖਿਆ ਹਾਸਲ ਕੀਤੀ ਹੈ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੀ ਪ੍ਰੀਖਿਆ ਪਾਸ ਕਰਕੇ ਆਈਪੀਐੱਸ ਵਜੋਂ ਚੁਣੇ ਗਏ ਕੁਲਦੀਪ ਸਿੰਘ ਚਾਹਲ ਸਾਲ 2005 ਦੌਰਾਨ ਚੰਡੀਗੜ੍ਹ ਪੁਲਿਸ ਵਿੱਚ ਏਐਸਆਈ ਵੀ ਰਹਿ ਚੁੱਕੇ ਹਨ। ਇਸ ਅਹੁਦੇ ‘ਤੇ ਕੰਮ ਕਰਦੇ ਹੋਏ ਉਨ੍ਹਾਂ ਨੇ ਯੂਪੀਐੱਸਸੀ ਦੀ ਪ੍ਰੀਖਿਆ ਦੀ ਤਿਆਰੀ ਅਤੇ ਸਫਲਤਾ ਵੀ ਹਾਸਲ ਕਰਨ ਦੇ ਨਾਲ ਨਾਲ ਪੁਲਿਸ ਪ੍ਰਸ਼ਾਸ਼ਨ ’ਚ ਪੂਰੀ ਦਲੇਰੀ ਨਾਲ ਕੰਮ ਕੀਤਾ।
ਸਾਲ 2018 ਵਿੱਚ ਬਹਾਦਰੀ ਮੈਡਲ ਨਾਲ ਸਨਮਾਨਿਤ ਆਈਪੀਐੱਸ ਕੁਲਦੀਪ ਚਾਹਲ ਨੂੰ ਜਦੋਂ ਚੰਡੀਗੜ੍ਹ ਦਾ ਐੱਸਐੱਸਪੀ ਬਣਾਇਆ ਗਿਆ ਤਾਂ ਉਦੋਂ ਤੱਕ ਉਨ੍ਹਾਂ ਦਾ ਅਕਸ ਇੱਕ ਹੁਸ਼ਿਆਰ ਅਤੇ ਦੰਬਗ ਪੁਲਿਸ ਅਫਸਰ ਵਾਲਾ ਬਣ ਚੁੱਕਾ ਸੀ ਜੋ ਲਗਾਤਾਰ ਵਧਦਾ ਹੀ ਗਿਆ । ਕੁਲਦੀਪ ਚਾਹਲ ਇੱਕ ਐਨਜੀਓ ‘ਪ੍ਰਯਾਸ ਸੇਵਾ ਸੰਮਤੀ’ ਨਾਲ ਜੁੜੇ ਅਤੇ ਇੱਕ ਚੇਤੰਨ ਸਮਾਜ ਸੇਵੀ ਵੀ ਹਨ। ਚੰਗੇ ਘੋੜ ਸਵਾਰ, ਵਾਤਾਵਰਨ ਅਤੇ ਖੇਡ ਪ੍ਰੇਮੀ ਕੁਲਦੀਪ ਚਾਹਲ ਦੀ ਸੋਸ਼ਲ ਮੀਡੀਆ ਫੇਸਬੁੱਕ ਤੇ ਪ੍ਰਸੰਸਕਾਂ ਦੀ ਗਿਣਤੀ ਕਰੀਬ 4 ਲੱਖ ਹੈ। ਰੌਚਕ ਪਹਿਲੂ ਇਹ ਵੀ ਹੈ ਕਿ ਲੱਖਾਂ ਲੋਕਾਂ ਦਾ ਚਹੇਤਾ ਪੁਲਿਸ ਅਫਸਰ ਖੁਦ ਫਿਲਮ ਅਭਿਨੇਤਾ ਧਰਮਿੰਦਰ ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਪ੍ਰਸੰਸਕ ਹੈ ਜਿੰਨ੍ਹਾਂ ਦੀਆਂ ਆਪਣੇ ਨਾਲ ਫੋਟੋਆਂ ਉਨ੍ਹਾਂ ਆਪਣੇ ਫੇਸਬੁੱਕ ਪੇਜ਼ ਤੇ ਪਾਈਆਂ ਹੋਈਆਂ ਹਨ।