ਅਸ਼ੋਕ ਵਰਮਾ, ਬਠਿੰਡਾ,29 ਨਵੰਬਰ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਡਾ.ਗੁਰਮੀਤ ਰਾਮ ਸਿੰਘ ਨੇ ਉਨ੍ਹਾਂ ਨੂੰ ਮਿਲਣ ਵਾਲੀ ਪੈਰੋਲ ਜਾਂ ਫਰਲ੍ਹੋ ਛੁੱਟੀ ਦਾ ਵਿਰੋਧ ਕਰਨ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਕਾਨੂੰਨ ਦੀ ਕਿਤਾਬ ਪੜ੍ਹਨ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਪੈਰੋਲ ਦਿੱਤੀ ਜਾਣੀ ਗਲ੍ਹਤ ਲੱਗਦੀ ਹੈ ਤਾਂ ਉਹ ਅਦਾਲਤ ’ਚ ਚੁਣੌਤੀ ਦੇ ਸਕਦਾ ਹੈ। ਕਾਫੀ ਤਿੱਖੇ ਲਹਿਜ਼ੇ ’ਚ ਡੇਰਾ ਸਿਰਸਾ ਮੁਖੀ ਨੇ ਕਿਹਾ ਕਿ ਜਦੋਂ ਉਹ ਬਾਹਰ ਆਉਂਦੇ ਹਨ ਤਾਂ ਪਤਾ ਨਹੀਂ ਕੁੱਝ ਲੋਕਾਂ ਨੂੰ ਕਿਓਂ ਤਕਲੀਫ ਹੋਣ ਲੱਗ ਜਾਂਦੀ ਹੈ। ਰਾਮ ਰਹੀਮ 27 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ’ਚ ਸਥਿੱਤ ਬਰਨਾਵਾ ਡੇਰੇ ਤੋਂ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਤੇ ਪਹਿਲੇ ਮੁਖੀ ਸ਼ਾਹ ਮਸਤਾਨਾ ਦੇ 132ਵੇਂ ਜਨਮ ਦਿਹਾੜੇ ਮੌਕੇ ਕਰਵਾਏ ਇੱਕ ਵੱਡੇ ਸਮਾਗਮ ’ਚ ਸ਼ਾਮਲ ਲੱਖਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਆਪਣੇ ਸ਼ਰਧਾਲੂਆਂ ਨੂੰ ਆਨਲਾਈਨ ਪਲੇਟਫਾਰਮ ਰਾਹੀਂ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਈ ਮਹਾਂਪੁਰਸ਼ ਅਜਿਹੇ ਹਨ ਜੋ ਪੈਰੋਲ ਦੇ ਦਿਨਾਂ ਬਾਰੇ ਗੀਤ ਗਾਉਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਜਾਣਕਾਰੀ ਨਾਂ ਹੋਣ ਦੇ ਮਾਮਲੇ ’ਚ ਮੀਡੀਆ ’ਚ ਰਹੀ ਇੱਕ ਹਸਤੀ ਨੂੰ ਵੀ ਕਟਹਿਰੇ ’ਚ ਖੜ੍ਹਾਇਆ। ਉਨ੍ਹਾਂ ਵਿਰੋਧ ਕਰਨ ਤੋਂ ਪਹਿਲਾਂ ਅਜਿਹੇ ਲੋਕਾਂ ਨੂੰ ਕਾਨੂੰਨੀ ਪਹਿਲੂਆਂ ਦਾ ਪਤਾ ਲਾ ਲੈਣ ਦੀ ਸਲਾਹ ਵੀ ਦਿੱਤੀ ਹੈ। ਕਾਫੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਡੇਰਾ ਮੁਖੀ ਨੇ ਕਿਹਾ ਕਿ ਪ੍ਰੀਵਾਰ ਨੂੰ ਮਿਲਣਾ ਸਾਡਾ ਹੱਕ ਹੈ ਜਿਸ ਤਹਿਤ ਉਹ ਤਾਂ ਅਜੇ ਸਿਰਫ ਆਪਣੇ ਪ੍ਰੀਵਾਰ ਨੂੰ ਹੀ ਮਿਲਦੇ ਹਨ ਜਦੋਂਕਿ ਸਾਡਾ ਤਾਂ ਪ੍ਰੀਵਾਰ ਹੀ ਛੇ ਕਰੋੜ ਦਾ ਹੈ ਇਸ ਲਈ ਜੇ ਕੱਲੇ ਕੱਲੇ ਨੂੰ ਮਿਲਣ ਲੱਗ ਪਏ ਫਿਰ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਵੀ ਉਹ ਕਾਨੂੰਨ ਦੇ ਹਿਸਾਬ ਨਾਲ ਰਹਿੰਦੇ ਹਨ ਅਤੇ ਜੇਲ੍ਹ ਮੈਨੂਅਲ ਮੁਤਾਬਕ ਪੈਰੋਲ ਵੀ ਉਨ੍ਹਾਂ ਦਾ ਕਾਨੂੰਨੀ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਇਹ ਨਿਯਮ ਕੋਈ ਉਨ੍ਹਾਂ ਇੱਕੱਲਿਆਂ ਲਈ ਨਹੀਂ ਬਣਿਆ ਬਲਕਿ ਸਜ਼ਾ ਕੱਟ ਰਿਹਾ ਕੋਈ ਵੀ ਵਿਅਕਤੀ ਇੱਕ ਸਾਲ ਦੇ ਅੰਦਰ ਅੰਦਰ 71 ਦਿਨ ਦੀ ਪੈਰੋਲ ਹਾਸਲ ਕਰ ਸਕਦਾ ਹੈ ਬਸ਼ਰਤੇ ਉਹ ਜੇਲ੍ਹ ਵਿਭਾਗ ਦੇ ਮਾਪਦੰਡਾਂ ਤੇ ਖਰਾ ਉੱਤਰਦਾ ਹੋਵੇ ।
ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਪੈਰੋਲ ਇੱਕੋ ਵਾਰ ਜਾਂ ਫਿਰ ਦੋ ਹਿੱਸਿਆਂ ਵਿੱਚ ਵੰਡ ਕੇ ਵੀ ਲਈ ਜਾ ਸਕਦੀ ਹੈ ਜਦੋਂਕਿ ਫਰਲ੍ਹੋ ਛੁੱਟੀ ਇਸ ਤੋਂ ਵੱਖਰੀ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਮੁਤਾਬਕ ਹੰਗਾਮੀ ਹਾਲਾਤਾਂ ਵਿੱਚ ਵੀ ਜੇਲ੍ਹ ਵਿੱਚੋਂ ਛੁੱਟੀ ਲਈ ਜਾ ਸਕਦੀ ਹੈ। ਡੇਰਾ ਮੁਖੀ ਨੇ ਖੁਦ ਨੂੰ ਹਰਿਆਦਾ ਸਰਕਾਰ ਵੱਲੋਂ ਵੀਆਈਪੀ ਟਰੀਟਮੈਂਟ ਦਿੱਤੇ ਜਾਣ ਸਬੰਧੀ ਚੱਲ ਰਹੀ ਚੁੰਝ ਚਰਚਾ ਨੂੰ ਵੀ ਸਿਰੇ ਤੋਂ ਰੱਦ ਕੀਤਾ ।
ਉਨ੍ਹਾਂ ਕਿਹਾ ਕਿ ਜਿੰਨ੍ਹਾਂ ਨੇ ਬੋਲਣਾ ਹੈ ਬੋਲਦੇ ਰਹਿਣ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਕੋਈ ਸੈਂਸਰ ਤਾਂ ਹੈ ਨਹੀਂ ਇਸ ਲਈ ਜਿਸ ਦਾ ਜਿਵੇਂ ਜੀਅ ਕਰਦਾ ਉਵੇਂ ਹੀ ਬੋਲੀ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਈ ਬੰਦੇ ਤਾਂ ਜਨਮ ਹੀ ਨਿੰਦਾ ਕਰਨ ਲਈ ਲੈਂਦੇ ਹਨ। ਉਨ੍ਹਾਂ ਕਿਹਾ ਕਿ ਸ਼ਾਹ ਮਸਤਾਨਾ ਨੇ ਤਾਂ ਨਿੰਦਾ ਕਰਨ ਵਾਲਿਆਂ ਸਬੰਧੀ ‘ਨਿੰਦਕ ਜੀਏ’ ਦੇ ਵਚਨ ਕੀਤੇ ਹੋਏ ਹਨ ਇਸ ਲਈ ਉਹ ਵੀ ਕੁੱਝ ਨਹੀਂ ਕਹਿਣਗੇ । ਉਨ੍ਹਾਂ ਕਿਹਾ ਕਿ ਨਿੰਦਾ ਕਰਕੇ ਨਿੰਦਕ ਇੱਕ ਤਰਾਂ ਨਾਲ ਡੇਰੇ ਦੀ ਮਸ਼ਹੂਰੀ ਹੀ ਕਰਦੇ ਹਨ। ਦੱਸਣਯੋਗ ਹੈ ਕਿ ਸਾਲ 2017 ਵਿੱਚ ਪੰਚਕੂਲਾ ਦੀ ਇੱਕ ਅਦਾਲਤ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਨੂੰ ਸਜ਼ਾ ਸੁਣਾਈ ਸੀ ਜੋ ਉਹ ਹਰਿਆਣਾ ਦੇ ਰੋਹਤਕ ਜਿਲ੍ਹੇ ਦੀ ਸੁਨਾਰੀਆ ਜੇਲ੍ਹ ਵਿਚ ਕੱਟ ਰਹੇ ਹਨ। ਲੰਘੀ 21 ਨਵੰਬਰ 2023 ਨੂੰ ਹਰਿਆਣਾ ਦੇ ਜੇਲ੍ਹ ਵਿਭਾਗ ਵੱਲੋਂ ਡੇਰਾ ਸਿਰਸਾ ਮੁਖੀ ਨੂੰ 21 ਦਿਨ ਲਈ ਫਰਲ੍ਹੋ ਦਿੱਤੀ ਗਈ ਸੀ।
ਇਸੇ ਸਾਲ 10 ਜੁਲਾਈ ਨੂੰ ਡੇਰਾ ਮੁਖੀ 30 ਦਿਨ ਦੀ ਪੈਰੋਲ ਤਹਿਤ ਜੇਲ੍ਹ ਤੋਂ ਬਾਹਰ ਆਏ ਸਨ। ਡੇਰਾ ਮੁਖੀ ਨੂੰ ਪਹਿਲੀ ਵਾਰ 17 ਜੂਨ 2021 ਨੂੰ 30 ਦਿਨਾਂ ਦੀ ਪੈਰੋਲ ਮਿਲੀ ਅਤੇ 18 ਜੁਲਾਈ ਨੂੰ ਜੇਲ੍ਹ ਵਾਪਸੀ ਕੀਤੀ। ਇਸੇ ਤਰ੍ਹਾਂ ਹੀ 15 ਅਕਤੂਬਰ 2021 ਨੂੰ ਦੂਜੀ ਵਾਰ ਪੈਰੋਲ ਮਿਲੀ ਜਿਸ ਨੂੰ ਪੂਰੀ ਕਰਨ ਤੋਂ ਬਾਅਦ 25 ਨਵੰਬਰ ਨੂੰ ਉਹ ਵਾਪਸ ਜੇਲ੍ਹ ਚਲੇ ਗਏ। ਸਾਲ 2023 ਦੀ 21 ਜਨਵਰੀ ਨੂੰ ਰਾਮ ਰਹੀਮ ਤੀਸਰੀ ਵਾਰ 40 ਦਿਨਾਂ ਦੀ ਪੈਰੋਲ ’ਤੇ ਆਏ ਤੇ 3 ਮਾਰਚ ਨੂੰ ਜੇਲ੍ਹ ਵਾਪਸੀ ਕੀਤੀ ਸੀ । ਡੇਰਾ ਮੁਖੀ ਨੂੰ ਸਭ ਤੋਂ ਪਹਿਲਾਂ ਇੱਕ ਵਾਰ 20 ਦਿਨ ਦੀ ਫਰਲ੍ਹੋ ਵੀ ਮਿਲ ਚੁੱਕੀ ਹੈ।