ਅਸ਼ੋਕ ਵਰਮਾ, ਬਠਿੰਡਾ, 28 ਨਵੰਬਰ 2023
ਬਠਿੰਡਾ ਪੁਲਿਸ ਨੇ ਸੀਨੀਅਰ ਕਪਤਾਨ ਪੁਲਿਸ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਥਰਮਲ ’ਚ ਪੈਂਦੀ ਖੇਤਾ ਸਿੰਘ ਬਸਤੀ ਅਤੇ ਥਾਣਾ ਸਿਵਲ ਲਾਈਨ ਇਲਾਕੇ ਅਘੀਨ ਆਉਂਦੀ ਧੋਬੀਆਣਾ ਬਸਤੀ ਵਿੱਚ ਮੂੰਹ ਹਨੇਰੇ ਨਸ਼ਿਆਂ ਅਤੇ ਅਪਰਾਧੀਆਂ ਦੀ ਭੈੜ ਨੱਪਣ ਲਈ ਤਲਾਸ਼ੀ ਮੁਹਿੰਮ ਚਲਾਈ ਜਿਸ ਨੂੰ ਕਾਸੋ ਆਪਰੇਸ਼ਨ ਦਾ ਨਾਮ ਦਿੱਤਾ ਗਿਆ ਹੈ। ਇਸ ਅਪਰੇਸ਼ਨ ਵਿੱਚ ਸ਼ਾਮਲ ਟੀਮਾਂ ਦੀ ਅਗਵਾਈ ਐੱਸ.ਪੀ ਸਿਟੀ ਬਠਿੰਡਾ ਨਰਿੰਦਰ ਸਿੰਘ ਨੇ ਕੀਤੀ ਜਦੋਂਕਿ ਸੀ.ਆਈ.ਏ-1/2 ਅਤੇ ਥਾਣਿਆਂ ਦੇ ਮੁੱਖ ਥਾਣਾ ਅਫਸਰ ਹਾਜਰ ਸਨ।
ਇਸ ਮੌਕੇ ਐੱਸ.ਪੀ ਸਿਟੀ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ਼ੇ ਅੰਦਰ ਸ਼ਰਾਰਤੀ ਅਨਸਰਾਂ ਖਿਲ਼ਾਫ ਵਿੱਢੀ ਮੁਹਿੰਮ ਤਹਿਤ ਅਚਨਚੇਤ ਤੜਕਸਾਰ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੇ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ। ਇਸ ਸਰਚ ਅਭਿਆਨ ਤੋਂ ਪਹਿਲਾਂ ਇਸ ਇਲਾਕੇ ਨੂੰ ਅੰਦਰ ਅਤੇ ਬਾਹਰ ਜਾਣ ਵਾਲੇ ਰਸਤੇ ਨਾਕਬੰਦੀ ਕਰਕੇ ਸੀਲ ਕੀਤੇ ਗਏ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਏਰੀਏ ਤੋਂ ਬਾਹਰ ਨਾ ਜਾਵੇ। ਇਸ ਸਰਚ ਅਪਰੇਸ਼ਨ ਦੌਰਾਨ ਪੁਲਿਸ ਨੇ 11 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਇਸ ਦੌਰਾਨ 10 ਗਰਾਮ ਹੈਰੋਇਨ, 10 ਮੋਬਾਈਲ ਫੋਨ, 15ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਇਸ ਮੌਕੇ ਅੱਧੀ ਦਰਜਨ ਬਿਨਾ ਨੰਬਰ ਵਾਲੇ ਵਾਹਨ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਮਾਮਲਿਆਂ ਵਿੱਚ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਜੇਕਰ ਤੁਹਾਡੇ ਧਿਆਨ ਵਿੱਚ ਕੋਈ ਸ਼ੱਕੀ ਵਿਅਕਤੀ ਜਾਂ ਕੋਈ ਨਸ਼ਾ ਸਮੱਗਲਰ ਨਸ਼ਾ ਵੇਚਦਾ ਤਾਂ ਉਸਦੀ ਜਾਣਕਾਰੀ 91155-02252 ਨੰਬਰ ਪਰ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਏਗਾ।