ਅਸ਼ੋਕ ਵਰਮਾ, ਬਠਿੰਡਾ, 27 ਨਵੰਬਰ 2023
ਬਠਿੰਡਾ ਦੇ ਨਵ ਨਿਯੁਕਤ ਕੀਤੇ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਨੇ ਪੁਲਿਸ ਢਾਂਚੇ ਨੂੰ ਚਸਤ ਦਰੁਸਤ ਬਨਾਉਣ ਲਈ ਜਿਲ੍ਹਾ ਪੁਲਿਸ ਦੇ ਅਫਸਰਾਂ ਅਤੇ ਮੁਲਾਜਮਾਂ ਦੀ ਕਲਾਸ ਲਾਈ। ਅੱਜ ਸਵੇਰ ਵਕਤ ਸ੍ਰੀ ਗਿੱਲ ਨੇ ਥਾਣਾ ਤਲਵੰਡੀ ਸਾਬੋ, ਥਾਣਾ ਰਾਮਾਂ ਅਤੇ ਪੁਲਿਸ ਚੌਂਕੀ ਰਿਫਾਇਨਰੀ ਦੀ ਅਚਨਚੇਤ ਚੈਕਿੰਗ ਕੀਤੀ । ਜਿਲ੍ਹਾ ਪੁਲਿਸ ਮੁਖੀ ਨੇ ਅੱਜ ਆਪਣੀ ਡਿਊਟੀ ਤਨਦੇਹੀ ਨਾਲ ਕਰਨ ਵਾਲੇ ਪੁਲਿਸ ਮੁਲਾਜਮਾਂ ਪ੍ਰਤੀ ਨਰਮ ਤੇ ਕੰਮਚੋਰਾਂ ਪ੍ਰਤੀ ਗਰਮ ਵਤੀਰਾ ਅਪਨਾਉਣ ਦੇ ਸੰਕੇਤ ਦਿੱਤੇ । ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਬੇਹਤਰ ਬਨਾਉਣ ਤੇ ਮੁਲਾਜਮਾਂ ਨੂੰ ਚੁਸਤ ਦਰੁਸਤ ਰੱਖਣ ਦੇ ਮੰਤਵ ਨਾਲ ਐਸ ਐਸ ਪੀ ਨੇ ਥਾਣਿਆ ਅਤੇ ਚੌਂਕੀਆਂ ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਨੂੰ ਡੰਗ ਟਪਾਊ ਪਹੁੰਚ ਛੱਡ ਕੇ ਦਫ਼ਤਰਾਂ ਚੋਂ ਬਾਹਰ ਨਿਕਲਣ ਦੀ ਹਦਾਇਤ ਕੀਤੀ।
ਜਿਲ੍ਹਾ ਪੁਲਿਸ ਮੁਖੀ ਨੇ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਪੁਲੀਸ ਦੇ ਡੰਡੇ ਦਾ ਡਰਾਵਾ ਵੀ ਦਿੱਤਾ ਅਤੇ ਇਮਾਨਦਾਰ ਮੁਲਾਜਮਾਂ ਦੀ ਪਿੱਠ ਥਾਪੜਣ ਦਾ ਇਸ਼ਾਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਕੁਰੱਪਸ਼ਨ ਦੇ ਮੁੱਦੇ ਤੇ ਜੀਰੋ ਟੌਲਰੈਂਸ ਵਾਲਾ ਰਵੱਈਆ ਅਖਤਿਆਰ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਉਹ ਪੁਲਿਸ ਪ੍ਰਸ਼ਾਸ਼ਨ ’ਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਦਫਤਰੀ ਕੰਮਕਾਜ ’ਚ ਪੂਰੀ ਪਾਰਦਰਸ਼ਤਾ ਲਿਆਉਣਗੇ । ਉਨ੍ਹਾਂ ਕੰਮਚੋਰੀ ਵਾਲਾ ਵਤੀਰਾ ਛੱਡਕੇ ਅਫਸਰਾਂ ਨੂੰ ਤਾੜਨਾ ਕਰਦਿਆਂ ਨਤੀਜਿਆਂ ਵਿੱਚ ਸੁਧਾਰ ਲਿਆਉਣ ਲਈ ਕਿਹਾ। ਇਸ ਮੌਕੇ ਉਨ੍ਹਾਂ ਹਰ ਤਰਾਂ ਦੇ ਕੇਸਾਂ ਦੀ ਤਫਤੀਸ਼ 15 ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਹੁਕਮ ਦਿੱਤੇ।
ਉਨ੍ਹਾਂ ਸਪਸ਼ਟ ਕੀਤਾ ਕਿ ਕਿਸੇ ਵੀ ਮਾਮਲੇ ਦਾ ਦੋਸ਼ੀ ਤਿੰਨ ਦਿਨਾਂ ਦੌਰਾਨ ਹਰ ਹੀਲੇ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ। ਉਨ੍ਹਾਂ ਥਾਣਾ ਇੰਚਾਰਜਾਂ ਨੂੰ ਸਖਤ ਹਦਾਇਤ ਕੀਤੀ ਕਿ ਜਿਸ ਕੇਸ ਦੀ ਤਫਤੀਸ਼ ਮੁਕੰਮਲ ਹੋ ਚੁੱਕੀ ਹੋਵੇ ਉਨ੍ਹਾਂ ਦਾ ਚਲਾਣ ਬਣਾਕੇ ਅਦਾਲਤ ਵਿੱਚ ਸੁਣਵਾਈ ਲਈ ਪੇਸ਼ ਕੀਤਾ ਜਾਵੇ। ਉਨ੍ਹਾਂ ਥਾਣੇ ਵਿੱਚ ਬਕਾਇਆ ਪਈਆਂ ਆਦਮਪਤਾ ਅਖਰਾਜ ਰਿਪੋਰਟਾਂ ਦੀ ਸਮੁੱਚੀ ਪਰਕ੍ਰਿਆ ਮੁਕੰਮਲ ਕਰਕੇ ਅਦਾਲਤ ਵਿੱਚ ਪੇਸ਼ ਕੀਤੀਆਂ ਜਾਣ। ਇਸ ਦੌਰੇ ਦੌਰਾਨ ਐਸ ਐਸ ਪੀ ਨੇ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਸਰਗਰਮ ਨਸ਼ਾ ਤਸਕਰਾਂ ਦੀ ਸ਼ਨਾਖ਼ਤ ਅਤੇ ਕਾਬੂ ਕਰਨ ਦੀ ਹਦਾਇਤ ਕੀਤੀ ਅਤੇ ਉਨ੍ਹਾਂ ਅਜਿਹੇ ਅਨਸਰਾਂ ‘ਤੇ ਕਰੜੀ ਨਜ਼ਰ ਰੱਖਣ ਵਾਸਤੇ ਜ਼ਿਆਦਾ ਮੁਸਤੈਦ ਰਹਿਣ ਲਈ ਵੀ ਕਿਹਾ।
ਐਸ ਐਸ ਪੀ ਨੇ ਕਿਹਾ ਕਿ ਨਸ਼ੇ ਨਾਲ ਪ੍ਰਭਾਵਿਤ ਏਰੀਏ ਵਿੱਚ ਨਸ਼ਿਆਂ ਵਿਰੋਧੀ ਵੱਧ ਤੋਂ ਵੱਧ ਸੈਮੀਨਾਰ ਕਰਵਾ ਕੇ ਨਸ਼ੇ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਜਾਗਰੂਕ ਕਰਨ , ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਤੁਰੰਤ ਮੁਕੱਦਮਾ ਦਰਜ ਕੀਤਾ ਜਾਏ। ਉਨ੍ਹਾਂ ਇਤਫਾਕੀਆ ਮੌਤ ਸਬੰਧੀ ਵੀ ਪ੍ਰੀਕ੍ਰਿਆ ਸਬੰਧਤ ਐੱਸ.ਡੀ.ਐੱਮ ਤੋਂ ਮੰਨਜੂਰ ਕਰਵਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਥਾਣੇ ਦੇ ਫੈਸਲਾਸ਼ੁਦਾ ਮਾਲ ਮੁਕੱਦਮਾ ਦਾ ਅਤੇ ਵਹੀਕਲਾਂ ਦਾ ਅਦਾਲਤ ਤੋਂ ਪ੍ਰਵਾਨਗੀ ਜਾਂ ਫੈਸਲਿਆਂ ਦੀ ਨਜ਼ਰਸਾਨੀ ਕਰਕੇ ਨਿਪਟਾਰਾ ਕਰਨ, ਭਗੌੜਿਆਂ ਅਤੇ ਜਮਾਨਤ ਉਪਰੰਤ ਫਰਾਰ ਹੋਣ ਵਾਲਿਆਂ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੀ ਚੱਲ/ਅਚੱਲ ਸੰਪਤੀ ਤਸਦੀਕ ਕਰਵਾ ਕੇ ਉਹਨਾਂ ਦੇ ਖਿਲਾਫ 83 ਸੀ.ਆਰ.ਪੀ.ਸੀ ਦੀ ਕਾਰਵਾਈ ਅਮਲ ਵਿੱਚ ਲਿਆਂਉਣ ਦੇ ਹੁਕਮ ਜਾਰੀ ਕੀਤੇ।