ਬਿੱਟੂ ਜਲਾਲਾਬਾਦੀ, ਫਾਜ਼ਿਲਕਾ 26 ਨਵੰਬਰ 2023
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ ਵੱਲੋਂ ਅੱਜ “ਵਿਕਸਿਤ ਭਾਰਤ ਸੰਕਲਪ ਯਾਤਰਾ” ਮੁਹਿੰਮ ਤਹਿਤ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ “ਵਿਕਸਿਤ ਭਾਰਤ ਸੰਕਲਪ ਯਾਤਰਾ” ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਐਗਰੀ ਬੋਟ ਡਰੋਨ ਬਾਰੇ ਨੈਸ਼ਨਲ ਫਰਟੀਲਾਈਜਰਸ ਲਿਮਟਿਡ ਫਾਜ਼ਿਲਕਾ ਤੋਂ ਜ਼ਿਲ੍ਹਾ ਇੰਚਾਰਜ ਸ੍ਰੀ. ਮੁਕੇਸ ਜਾਖੜ ਨਾਲ ਐਗਰੀ ਬੋਟ ਡਰੋਨ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਇਸ ਡਰੋਨ ਬਾਰੇ ਪਿੰਡ ਵਾਸੀਆਂ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ ਤੇ ਪਿੰਡ ਵਾਸੀਆਂ ਨੂੰ ਇਕੱਠੇ ਕਰਕੇ ਇਸ ਡਰੋਨ ਦੀ ਮਦਦ ਨਾਲ ਫਸਲਾਂ ਨੂੰ ਹੋਣ ਵਾਲੀ ਸਪਰੇਅ ਅਤੇ ਉੱਡਣ ਦੇ ਢੰਗਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਨਾਲ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ. ਪਿਆਰ ਸਿੰਘ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ “ਵਿਕਸਤ ਭਾਰਤ ਸੰਕਲਪ ਯਾਤਰਾ” ਤਹਿਤ ਜੋ ਇਹ ਵੈਨ ਰਵਾਨਾ ਕੀਤੀ ਗਈ ਹੈ ਇਹ ਵੈਨ ਵੱਖ-ਵੱਖ ਬਲਾਕਾਂ ਦੇ ਪਿੰਡਾਂ ਵਿੱਚ ਪ੍ਰਚਾਰ ਕਰੇਗੀ ਅਤੇ ਹਰ ਰੋਜ਼ 2 ਪਿੰਡ ਕਵਰ ਕਰਦਿਆਂ ਭਾਰਤ ਸਰਕਾਰ ਦੀਆਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ “ਵਿਕਸਤ ਭਾਰਤ ਸੰਕਲਪ ਯਾਤਰਾ” ਤਹਿਤ ਜ਼ਿਲ੍ਹੇ ਦੇ ਲੋਕਾਂ ਨੂੰ ਭਾਰਤ ਸਰਕਾਰ ਦੀਆਂ ਸਕੀਮਾਂ ਬਾਰੇ ਜਾਗਰੂਕ ਕਰਨ ਲਈ 4 ਵੈਨਾਂ ਚੱਲਣਗੀਆਂ ਅਤੇ ਅੱਜ ਪਹਿਲੀ ਵੈਨ ਰਵਾਨਾ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਇਹ ਵੈਨ ਦੂਰ-ਦੁਰਾਡੇ ਦੇ ਇਲਾਕਿਆਂ ਜਿੱਥੋਂ ਦੇ ਲੋਕ ਭਾਰਤ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਰਹਿ ਗਏ ਹਨ ਜਾਂ ਪੂਰੀ ਤਰ੍ਹਾਂ ਲਾਭ ਪ੍ਰਾਪਤ ਨਹੀਂ ਕਰ ਸਕੇ ਜਾਂ ਗਰੀਬ ਲੋਕ ਜੋ ਪੜ੍ਹਾਈ ਆਦਿ ਤੋਂ ਵਾਂਝੇ ਹਨ ਨੂੰ ਜਾਗਰੂਕ ਕਰੇਗੀ ਤਾਂ ਜੋ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਪ੍ਰਾਪਤ ਹੋ ਸਕੇ । ਉਨ੍ਹਾਂ ਦੱਸਿਆ ਕਿ ਇਨ੍ਹਾਂ ਵੈਨ ਰਾਹੀਂ ਭਾਰਤ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਸਬੰਧੀ ਜਿਵੇਂ ਫਾਰਮ ਭਰਨ ਤੋਂ ਲੈ ਕੇ ਲਾਭ ਪ੍ਰਾਪਤ ਕਰਨ ਤੱਕ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗ । ਇਸ ਤੋਂ ਇਲਾਵਾ ਸਕਰੀਨ ਸ਼ਾਟ, ਫਿਲਮਾਂ, ਨਾਟਕਾਂ, ਸਕਿੱਟਾਂ, ਗੀਤਾਂ, ਬੋਲੀਆਂ, ਕਲਚਰਲ ਪ੍ਰੋਗਰਾਮਾਂ ਰਾਹੀਂ, ਲਿਟਰੇਚਰ, ਕਿਤਾਬਚੇ, ਪੜ੍ਹਨ ਸਮੱਗਰੀ ਆਦਿ ਵੰਡ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ । ਅੱਜ 26 ਨਵੰਬਰ ਦੇ ਪਹਿਲੇ ਦਿਨ ਇਹ ਵੈਨ ਫਾਜ਼ਿਲਕਾ ਦੇ ਪਿੰਡ ਆਸਫਵਾਲਾ ਤੇ ਆਲਮਸ਼ਾਹ, 27 ਨਵੰਬਰ ਦੇ ਦੂਜੇ ਦਿਨ ਆਵਾ ਉਰਫ ਵਰਿਆਮਪੁਰਾ ਅਤੇ ਬਾਧਾ, 28 ਨਵੰਬਰ ਦੇ ਤੀਜੇ ਦਿਨ ਬੰਨਵਾਲਾ ਹੰਨਵੰਤਾ ਅਤੇ ਬੱਖੂਸ਼ਾਹ, 29 ਨਵੰਬਰ ਦੇ ਚੌਥੇ ਦਿਨ ਬਹਿਕ ਖਾਸ ਤੇ ਬੇਘਾ ਵਾਲੀ ਅਤੇ 30 ਨਵੰਬਰ ਦੇ ਪੰਜਵੇਂ ਦਿਨ ਛੋਟੀ ਓਡੀਆ ਅਤੇ ਚੰਨਣਵਾਲਾ ਦੇ ਲੋਕਾਂ ਨੂੰ ਜਾਗਰੂਕ ਕਰੇਗੀ।
ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਿਆਰ ਸਿੰਘ ਨੇ ਦੱਸਿਆ ਕਿ ਇਸ ਵੈਨ ਦੁਆਰਾ ਆਧੁਨਿਕ ਤਕਨਾਲੋਜ਼ੀ, ਰੋਚਕਤਾ ਭਰਪੂਰ ਕਲਚਰਲ ਪ੍ਰੋਗਰਾਮ ਨਾਲ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਲੋੜਵੰਦ ਭਾਰਤੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ ਅਤੇ ਵਿਕਸਤ ਭਾਰਤ ਦੇ ਸੰਕਲਪ ਦਾ ਟੀਚਾ ਪੂਰਾ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਮਨੀਸ਼ ਕੁਮਾਰ, ਜ਼ਿਲ੍ਹਾ ਸੂਚਨਾ ਵਿਗਿਆਨ ਅਫਸਰ ਪ੍ਰਿੰਸ, ਜ਼ਿਲ੍ਹਾ ਤਕਨੀਕੀ ਕੁਆਰਡੀਨੇਟਰ ਮਨੀਸ਼ ਠਕਰਾਲ, ਜ਼ਿਲ੍ਹਾ ਇੰਚਾਰਜ ਨੈਸ਼ਨਲ ਫਰਟੀਲਾਈਜਰਸ ਲਿਮਟਿਡ ਮੁਕੇਸ ਜਾਖੜ, ਗਵਰਨੈਂਸ ਰਿਫੋਰਮਸ ਤੋਂ ਦੀਪਕ ਡੋਡਾ, ਐੱਨ.ਆਈ.ਸੀ ਤੋਂ ਨੈੱਟਵਰਕ ਇੰਜੀ. ਅਮਰਜੀਤ ਸਿੰਘ ਅਤੇ ਐੱਫ.ਸੀ.ਆਈ ਤੋਂ ਸੁਰਿੰਦਰ ਸ਼ੁਕਲਾ ਅਤੇ ਆਲ ਇੰਡੀਆ ਰੇਡੀਓ ਫਾਜ਼ਿਲਕਾ ਤੋਂ ਗਗਨਦੀਪ ਗਰੋਵਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।