ਗਗਨ ਹਰਗੁਣ, ਬਰਨਾਲਾ 19 ਨਵੰਬਰ 2023
ਸੁਪਰੀਮ ਕੋਰਟ ਦੇ ਹੁਕਮਾਂ ਨੂੰ ਆੜ ਹੇਠ ਪੁਲਿਸ ਕਿਸਾਨਾਂ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕਰਨ ਉੱਤੇ ਉੱਤਰੀ ਹੋਈ ਹੈ। ਸਾਰਾ ਤਾਮਝਾਮ ਪਰਾਲ਼ੀ ਨੂੰ ਸਾੜਨ ਲਈ ਮਜ਼ਬੂਰ ਹੋਏ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਣ ਦੇ ਰਾਹ ਪਿਆ ਹੋਇਆ ਹੈ। ਇਸੇ ਹੀ ਤਰ੍ਹਾਂ ਉੱਪਲੀ ਦੇ ਕਿਸਾਨ ਨਿਰਭੈ ਸਿੰਘ ਉੱਪਲੀ ਨੂੰ ਧਨੌਲਾ ਥਾਣੇ ਦੀ ਪੁਲਿਸ ਜ਼ਬਰੀ ਫੜਕੇ ਥਾਣੇ ਲੈ ਗਈ। ਇਸ ਗੱਲ ਦੀ ਭਿਣਕ ਜਿਉਂ ਹੀ ਕਿਸਾਨ ਆਗੂਆਂ ਨੂੰ ਲੱਗੀ ਤਾਂ ਉਹ ਬਲਾਕ ਬਰਨਾਲਾ ਦੇ ਪ੍ਰਧਾਨ ਬਾਬੂ ਸਿੰਘ ਖੁੱਡੀਕਲਾਂ ਅਤੇ ਕੁਲਵਿੰਦਰ ਸਿੰਘ ਉੱਪਲੀ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਟਰਾਲੀਆਂ ਭਰਕੇ ਥਾਣੇ ਧਨੌਲਾ ਵੱਲ ਚਾਲੇ ਪਾ ਦਿੱਤੇ।
ਕਿਸਾਨ ਨਿਰਭੈ ਸਿੰਘ ਉੱਪਲੀ ਨੂੰ ਰਿਹਾਅ ਕਰਨ ਲਈ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਸੂਬਾ ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਕੁਲਵਿੰਦਰ ਸਿੰਘ ਉੱਪਲੀ, ਸੁਖਮੰਦਰ ਸਿੰਘ ਉੱਪਲੀ ਅਤੇ ਰਣ ਸਿੰਘ ਉੱਪਲੀ ਨੇ ਕਿਹਾ ਕਿ ਪੰਜਾਬ ਸਰਕਾਰ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫੈਸਲੇ ਨੂੰ ਸਹੀ ਸੰਦਰਭ ਵਿੱਚ ਲਾਗੂ ਕਰਨ ਦੀ ਥਾਂ ਵੱਖ-ਵੱਖ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਰਜ਼ੇ ਦੇ ਸੰਕਟ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੀ ਹੈ। ਜਦ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਫੈਸਲੇ ਅਨੁਸਾਰ ਨਾਂ ਤਾਂ ਸਰਕਾਰ ਛੋਟੇ ਕਿਸਾਨਾਂ ਨੂੰ ਮੁਫ਼ਤ ਮਸ਼ੀਨਰੀ ਅਤੇ ਨਾਂ ਹੀ ਲੋੜੀਂਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਮਹਿੰਗੀ ਮਸ਼ੀਨਰੀ ਖਰੀਦਣਾ ਛੋਟੇ ਕਿਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ।
ਇੱਥੇ ਹੀ ਵੱਸ ਨਹੀਂ, 23 ਫ਼ਸਲਾਂ ਦੀ ਨਿਰਧਾਰਿਤ ਘੱਟੋ-ਘੱਟ ਕੀਮਤ ਨਹੀਂ ਦਿੱਤੀ ਜਾ ਰਹੀ। ਇਸ ਕਰਕੇ ਕਿਸਾਨ ਪਰਾਲੀ ਕਾਰਨ ਹੁੰਦੇ ਵਾਤਾਵਰਨ ਦੇ ਨੁਕਸਾਨ ਤੋਂ ਭਲੀਭਾਂਤ ਜਾਣੂ ਹੈ,ਪਰ ਮਜਬੂਰੀ ਵੱਸ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਪੁਲਿਸ ਕੇਸਾਂ ਵਿੱਚ ਉਲਝਾਉਣ ਦੀ ਕਿਸੇ ਵੀ ਸੂਰਤ ਵਿੱਚ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਕਿਸਾਨਾਂ ਦੇ ਰੋਹ ਅੱਗੇ ਝੁਕਦਿਆਂ ਕਿਸਾਨ ਨਿਰਭੈ ਸਿੰਘ ਉੱਪਲੀ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਇਸ ਸਮੇਂ ਕਿਸਾਨ ਆਗੂਆਂ ਨੇ ਐਸਕੇਐਮ ਦੀ ਅਗਵਾਈ ਵਿੱਚ 26 ਨਵੰਬਰ ਤੋਂ 28 ਨਵੰਬਰ ਤੱਕ ਚੰਡੀਗੜ੍ਹ ਲੱਗਣ ਵਾਲੇ ਮੋਰਚੇ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ। ਕਿਸਾਨ ਆਗੂਆਂ ਸਤਨਾਮ ਸਿੰਘ, ਨਿਰਭੈ ਸਿੰਘ,ਭੂਰਾ ਸਿੰਘ, ਵਾਹਿਗੁਰੂ ਸਿੰਘ , ਹਰਦੀਪ ਸਿੰਘ,ਜਨਕ ਸਿੰਘ, ਜਰਨੈਲ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਜਥੇਬੰਦਕ ਕਿਸਾਨ ਤਾਕਤ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਜੇਤੂ ਅੰਦਾਜ਼ ਵਿੱਚ ਨਾਹਰੇ ਮਾਰਦੇ ਕਿਸਾਨ ਪਿੰਡ ਉੱਪਲੀ ਪੁੱਜੇ।