ਅਸ਼ੋਕ ਵਰਮਾ, ਬਠਿੰਡਾ 8 ਨਵੰਬਰ 2023
ਬੀਤੀ 4 ਨਵੰਬਰ ਨੂੰ ਪਿੰਡ ਮਲੂਕਾ ਵਿਖੇ ਸਵੇਰ ਸਮੇਂ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਵਪਾਰੀ ਲੱਖੀ ਚੰਦ ਵਾਸੀ ਮਲੂਕਾ ਕੋਲੋਂ 4.17 ਲੱਖ ਰੁਪਏ ਖੋਹਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਚੌਥਾ ਫਿਲਹਾਲ ਫਰਾਰ ਹੈ ਜਿਸ ਦੀ ਤਲਾਸ਼ ਲਈ ਪੁਲਿਸ ਛਾਪੇ ਮਾਰ ਰਹੀ ਹੈ। ਲੱਖੀ ਚੰਦ ਦੀ ਸ਼ਟਰਿੰਗ ਦਾ ਕਾਰੋਬਾਰੀ ਹੈ ਜਿਸ ਤੇ ਹਮਲਾ ਉਸ ਵਕਤ ਕੀਤਾ ਗਿਆ ਜਦੋਂ ਉਹ ਸਵੇਰੇ ਕਰੀਬ ਸਾਢੇ ਪੰਜ ਵਜੇ ਆਪਣੀ ਦੁਕਾਨ ਦਾ ਜਿੰਦਰਾ ਖੋਹਲ ਰਿਹਾ ਸੀ। ਇਸ ਦੌਰਾਨ 3 ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਜਬਰੀ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਉਸ ਕੋਲੋਂ ਪੈਸਿਆਂ ਵਾਲੇ ਬੈਗ ਦੀ ਮੰਗ ਕਰਨ ਲੱਗੇ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਇੰਨ੍ਹਾਂ ਨੌਜਵਾਨਾਂ ਨੇ ਲੋਹੇ ਦੀ ਰਾਡ ਨਾਲ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਤੇ ਹੱਥ ’ਚ ਫੜ੍ਹਿਆ ਪੈਸਿਆਂ ਵਾਲਾ ਬੈਗ ਜਿਸ ਵਿੱਚ 4 ਲੱਖ 17 ਹਜ਼ਾਰ ਨਕਦੀ ਅਤੇ ਵਹੀਆਂ ਸਨ ਖੋਹ ਕੇ ਫਰਾਰ ਹੋ ਗਏ ਸਨ। ਮੁਲਜਮਾਂ ਵਿੱਚੋਂ ਇੱਕ ਦਾ ਸਬੰਧ ਵਪਾਰੀ ਦੇ ਪਿੰਡ ਮਲੂਕਾ ਨਾਲ ਹੈ ਜਿਸ ਕਰਕੇ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸ ਨੇ ਬਾਕੀਆਂ ਨਾਲ ਮਿਲਕੇ ਇਸ ਵਾਰਦਾਤ ਦੀ ਯੋਜਨਾ ਬਣਾਈ ਹੋ ਸਕਦੀ ਹੈ। ਪੁਲਿਸ ਹੁਣ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ’ਚ ਜੁਟ ਗਈ ਹੈ।
ਪੁਲਿਸ ਵੱਲੋਂ ਗ੍ਰਿਫਤਾਰ ਮੁਲਜਮਾਂ ਦੀ ਪਛਾਣ ਅੰਗਰੇਜ ਸਿੰਘ ਉਰਫ ਬੌਣਾ ਪੁੱਤਰ ਕਾਕਾ ਸਿੰਘ ਵਾਸੀ ਗੋਬਿੰਦਪੁਰਾ,ਗੁਰਪ੍ਰੀਤ ਸਿੰਘ ਉਰਫ ਗੋਰਖਾ ਪੁੱਤਰ ਸਤਨਾਮ ਸਿੰਘ ਵਾਸੀ ਮਲੂਕਾ ਅਤੇ ਸੁਖਜਿੰਦਰ ਸਿੰਘ ਉਰਫ ਬਿੱਲਾ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਕੋਠਾ ਗੁਰੂ ਦੇ ਤੌਰ ਤੇ ਕੀਤੀ ਗਈ ਹੈ। ਫਰਾਰ ਮੁਲਜਮ ਸਿਕੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਗੋਬਿੰਦਪੁਰਾ ਦੱਸਿਆ ਗਿਆ ਹੈ। ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ,ਡੀਐਸਪੀ ਫੂਲ ਮੋਹਿਤ ਅੱਗਰਵਾਲ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਸਫਲਤਾ ਬਾਰੇ ਜਾਣਕਾਰੀ ਦਿੱਤੀ ਹੈ। ਐਸ ਐਸ ਪੀ ਨੇ ਦੱਸਿਆ ਕਿ ਮੁਲਜਮਾਂ ਕੋਲੋਂ 2 ਲੱਖ 84 ਹਜ਼ਾਰ ਰੁਪਏ ਅਤੇ ਵਾਰਦਾਤ ਮੌਕੇ ਵਰਤੀ ਲੋਹੇ ਦੀ ਰਾਡ ਬਰਾਮਦ ਕਰ ਲਈ ਹੈ।
ਉਨ੍ਹਾਂ ਦੱਸਿਆ ਕਿ ਡੀਐਸਪੀ ਮੋਹਿਤ ਅਗਰਵਾਲ ਦੀ ਅਗਵਾਈ ਹੇਠ ਥਾਣਾ ਦਿਆਲਪੁਰਾ ਭਾਈ ਦੀਆਂ ਪੁਲਿਸ ਟੀਮਾਂ ਨੇ ਅੰਗਰੇਜ ਸਿਘ, ਗੁਰਪ੍ਰੀਤ ਸਿੰਘ ਅਤੇ ਸੁਖਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ 2 ਲੱਖ 84 ਹਜ਼ਾਰ ਰੁਪਏ ਅਤੇ ਰਾਡ ਬਰਾਮਦ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਅਗਰੇਜ ਸਿੰਘ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਹੈ ਅਤੇ ਉਸ ਖਿਲਾਫ ਵੱਖ ਵੱਖ ਥਾਣਿਆਂ ’ਚ ਲੁੱਟਾਂ ਖੋਹਾਂ,ਚੋਰੀ ਅਤੇ ਨਸ਼ਿਆਂ ਦੇ ਮੁਕੱਦਮੇ ਦਰਜ ਹਨ। ਇੰਨ੍ਹਾਂ ਚੋਂ 4 ਮੁਕੱਦਮਿਆਂ ਦਾ ਸਬੰਧ ਥਾਣਾ ਕੈਂਟ ਬਠਿੰਡਾ ਨਾਲ ਹੈ। ਪੁਲਿਸ ਹੁਣ ਅੰਗਰੇਜ ਸਿੰਘ ਕੋਲੋਂ ਇੰਨ੍ਹਾਂ ਵਾਰਦਾਤਾਂ ਦੇ ਸਬੰਧ ’ਚ ਵੀ ਪੁੱਛ ਪੜਤਾਲ ਕਰ ਸਕਦੀ ਹੈ। ਜਾਂਚ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਤਿੱਕੜੀ ਕੋਲੋਂ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।