ਬਿੱਟੂ ਜਲਾਲਾਬਾਦੀ, ਫਾਜਿ਼ਲਕਾ, 8 ਨਵੰਬਰ 2023
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਅੱਜ ਜਿ਼ਲ੍ਹੇ ਦੇ ਪਿੰਡ ਗੱਦਾਡੋਬ ਵਿਚ ਬਣੇ ਡੀ ਡਿਵੈਲਪਮੈਂਟ ਇੰਜਨੀਅਰਿੰਗ ਲਿਮ: ਦੇ ਬਾਇਓਮਾਸ ਪਲਾਂਟ ਦਾ ਦੌਰਾ ਕੀਤਾ। ਇਸ ਪਲਾਂਟ ਵਿਚ ਖੇਤੀ ਰਹਿੰਦ ਖੁਹੰਦ ਜਿਵੇਂ ਕਿ ਪਰਾਲੀ ਤੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਲਾਂਟ ਦੀ ਸਮੱਰਥਾ 8 ਮੈਗਾਵਾਟ ਹੈ। ਉਨ੍ਹਾਂ ਪਲਾਂਟ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪਲਾਂਟ ਵੱਲੋਂ ਜਿ਼ਲ੍ਹੇ ਵਿਚ 80 ਹਜਾਰ ਟਨ ਪਰਾਲੀ ਦੀ ਖਰੀਦ ਦਾ ਟੀਚਾ ਹੈ ਅਤੇ ਇਸ ਸਮੇਂ ਤੱਕ 55 ਹਜਾਰ ਟਨ ਪਰਾਲੀ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਟੀਚੇ ਅਨੁਸਾਰ ਬਾਕੀ ਪਰਾਲੀ ਦੀ ਖਰੀਦ ਵੀ ਜਲਦ ਤੋਂ ਜਲਦ ਕੀਤੀ ਜਾਵੇ। ਬਾਇਓਮਾਸ ਪਲਾਂਟ ਦੇ ਅਧਿਕਾਰੀਆਂ ਨੇ ਵਿਸਵਾਸ਼ ਦੁਆਇਆ ਕਿ ਉਹ ਜਲਦ ਹੀ ਟੀਚੇ ਅਨੁਸਾਰ ਪੂਰੀ ਪਰਾਲੀ ਚੁੱਕਣਗੇ।
ਇਸ ਮੌਕੇ ਪਲਾਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪਲਾਂਟ ਜਿੱਥੇ ਪਰਾਲੀ ਦੀ ਸੰਭਾਲ ਵਿਚ ਤਾਂ ਯੋਗਦਾਨ ਪਾ ਹੀ ਰਿਹਾ ਹੈ ਨਾਲ ਦੀ ਨਾਲ ਇਸ ਪਲਾਂਟ ਕਾਰਨ ਸੈਂਕੜੇ ਲੋਕਾਂ ਨੂੰ ਸਿੱਧੇ ਅਸਿੱਧੇ ਤੌਰ ਤੇ ਰੋਜਗਾਰ ਮਿਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਨਾਲ 76 ਤੋਂ ਜਿਆਦਾ ਬੇਲਰ ਜੁੜੇ ਹੋਏ ਹਨ ਜਦ ਕਿ ਪਰਾਲੀ ਖੇਤਾਂ ਤੋਂ ਲੈਕੇ ਆਉਣ ਲਈ 600 ਤੋਂ ਜਿਆਦਾ ਟਰੈਕਟਰ ਟਰਾਲੀਆਂ ਕੰਮ ਕਰਦੇ ਹਨ ਜਿਸ ਨਾਲ 3600 ਤੋਂ ਜਿਆਦਾ ਲੋਕਾਂ ਨੁੰ ਰੁਜਗਾਰ ਮਿਲਿਆ ਹੋਇਆ ਹੈ। ਇਸੇ ਤਰਾਂ ਪਲਾਂਟ ਵਿਖੇ ਟਰਾਲੀਆਂ ਖਾਲੀ ਕਰਨ ਵਿਚ ਵੀ 500 ਲੋਕਾਂ ਨੂੰ ਰੋਜਗਾਰ ਮਿਲਿਆ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਲਾਂਟ ਦੇ ਅਧਿਕਾਰੀਆਂ ਨੂੰ ਜਿਆਦਾ ਤੋਂ ਜਿਆਦਾ ਪਰਾਲੀ ਖਰੀਦ ਕਰਨ ਲਈਕਿਹਾ । ਉਨ੍ਹਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਨਾ ਸਗੋਂ ਇਸਦੀਆਂ ਗੱਠਾਂ ਬਣਾ ਕੇ ਅਜਿਹੇ ਪਲਾਂਟਾਂ ਨੂੰ ਵੇਚ ਸਕਦੇ ਹਨ ਜਾਂ ਜਮੀਨ ਵਿਚ ਹੀ ਮਿਲਾ ਕੇ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ। ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਪਲਾਂਟ ਦੇ ਸੀਈਓ ਸ੍ਰੀ ਬੀਐਸ ਜਾਂਗੜਾ ਤੇ ਮੈਨੇਜਰ ਰਮਾਕਾਂਤ ਸਾਰਸਵਤ ਵੀ ਹਾਜਰ ਸਨ।