ਰਿਚਾ ਨਾਂਗਪਾਲ, ਪਟਿਆਲਾ, 3 ਨਵੰਬਰ 2023
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ ਤੇ ਹੋਰ ਅਧਿਕਾਰੀਆਂ ਨਾਲ ਵੱਖੋ-ਵੱਖ ਮੀਟਿੰਗਾਂ ਕਰਕੇ ਪਟਿਆਲਾ ਦਿਹਾਤੀ ਹਲਕੇ ਦੀਆਂ ਵਾਰਡਾਂ ਤੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਜੰਗੀ ਪੱਧਰ ‘ਤੇ ਮਿੱਥੇ ਸਮੇਂ ਦੇ ਅੰਦਰ-ਅੰਦਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸਾਰੇ ਕੰਮ ਉਨ੍ਹਾਂ ਦੇ ਡੈਸ਼ ਬੋਰਡ ਉਪਰ ਦਰਸਾਏ ਜਾਣਗੇ ਤਾਂ ਕਿ ਉਹ ਇਨ੍ਹਾਂ ਚੱਲ ਰਹੇ ਕੰਮਾਂ ਦਾ ਆਨਲਾਈਨ ਜਾਇਜ਼ਾ ਕਿਸੇ ਵੀ ਸਮੇਂ ਲੈ ਸਕਣ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਸ਼ਹਿਰ ਤੇ ਦਿਹਾਤੀ ਖੇਤਰਾਂ ਦੇ ਸਮੁੱਚੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ, ਇਸ ਲਈ ਕੰਮਾਂ ਵਿੱਚ ਜਾਣ ਬੁੱਝਕੇ ਦੇਰੀ ਕਰਨ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪਟਿਆਲਾ ਸ਼ਹਿਰ ਵਿੱਚੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਹੱਲ ਵੀ ਇਸੇ ਮਹੀਨੇ ਦੇ ਅੰਦਰ-ਅੰਦਰ ਕਰਕੇ ਲੋਕਾਂ ਨੂੰ ਤੋਹਫ਼ਾ ਦਿੱਤਾ ਜਾਵੇ। ਜਦਕਿ ਸ਼ਹਿਰ ਦੇ ਸੀਵਰੇਜ ਦੀ ਸਫਾਈ ਲਈ ਸੁਪਰ ਸੱਕਸ਼ਨ ਮਸ਼ੀਨ ਰਾਹੀਂ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇਗਾ।
ਨਗਰ ਨਿਗਮ ਵਿਖੇ ਪਟਿਆਲਾ ਦਿਹਾਤੀ ਹਲਕੇ ਅੰਦਰ ਪੈਂਦੀਆਂ ਸਮੁੱਚੀਆਂ ਵਾਰਡਾਂ ਦੇ ਕੰਮਾਂ ਦਾ ਵਾਰਡਵਾਇਜ਼ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਾਰੀਆਂ ਵਾਰਡਾਂ ‘ਚ ਸਟਰੀਟ ਲਾਈਟਾਂ ਦੀ ਸਮੱਸਿਆ ਦਾ ਸਦਾ ਲਈ ਅੰਤ ਕਰ ਦਿੱਤਾ ਜਾਵੇਗਾ। ਇਸ ਤੋਂ ਬਿਨ੍ਹਾਂ ਫੂਲਕੀਆਂ ਇਨਕਲੇਵ-ਪੁਲਿਸ ਲਾਈਨ ਸਮੇਤ ਫੈਕਟਰੀ ਏਰੀਆ, ਮਨਜੀਤ ਨਗਰ ਤੇ ਡੀ.ਐਲ.ਐਫ਼ ਕਲੋਨੀ ਵਿਖੇ ਬਰਸਾਤ ਦੇ ਖੜ੍ਹੇ ਹੁੰਦੇ ਪਾਣੀ ਦੀ ਸਮੱਸਿਆ ਦਾ ਵੀ ਸਥਾਈ ਹੱਲ ਕਰਨ ਲਈ ਸਟਰੌਮ ਵਾਟਰ ਚੈਨਲ ਪਾਉਣ ਦਾ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹਰ ਵਾਰਡ ਵਿੱਚ ਸਿਹਤ ਤੇ ਵਾਤਾਵਰਣ ਕਮੇਟੀਆਂ ਬਣਾਈਆਂ ਜਾਣਗੀਆਂ।
ਇਸੇ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਨ ਸਮੇਤ ਸਾਰੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। ਇਸ ਤੋਂ ਬਿਨ੍ਹਾਂ ਪਿੰਡ ਚਲੈਲਾ, ਰੋਹਟੀ ਪੁਲ, ਮੰਡੌਰ, ਨੰਦਪੁਰ ਕੇਸ਼ੋ, ਆਲੋਵਾਲ ਤੇ ਮਿੰਨੀ ਸਕੱਤਰੇਤ ਦੇ ਬਾਹਰ ਆਮ ਆਦਮੀ ਕਲੀਨਿਕ ਬਣਾਏ ਜਾਣ ਸਮੇਤ ਪਟਿਆਲਾ ਜ਼ਿਲ੍ਹੇ ਦੇ ਸਾਰੇ ਹਲਕਿਆਂ ਵਿੱਚ 10-10 ਹੋਰ ਆਮ ਆਦਮੀ ਕਲੀਨਿਕ ਬਣਾਏ ਜਾਣਗੇ। ਜਦਕਿ ਪਟਿਆਲਾ ਦਿਹਾਤੀ ਹਲਕੇ ਦੇ ਪਿੰਡ ਧੰਗੇੜਾ, ਅਜਨੌਦਾ ਖੁਰਦ ਤੇ ਲੰਗ ਵਿਖੇ ਸਪੋਰਟਸ ਨਰਸਰੀਆਂ ਖੋਲ੍ਹੀਆਂ ਜਾਣਗੀਆਂ।
ਇਕ ਮੌਕੇ ਕਰਨਲ ਜੇ.ਵੀ ਸਿੰਘ, ਬਲਵਿੰਦਰ ਸੈਣੀ, ਪੀ.ਡੀ.ਏ. ਦੇ ਏ.ਸੀ.ਏ. ਮਨਜੀਤ ਸਿੰਘ ਚੀਮਾ, ਏ.ਡੀ.ਸੀ. ਦਿਹਾਤੀ ਵਿਕਾਸ ਅਨੁਪ੍ਰਿਤਾ ਜੌਹਲ, ਸੰਯੁਕਤ ਕਮਿਸ਼ਨਰ ਜਸ਼ਨਪ੍ਰੀਤ ਕੌਰ ਗਿੱਲ, ਐਸ.ਡੀ.ਐਮ. ਡਾ ਇਸਮਤ ਵਿਜੇ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਜਗਦੀਪ ਸਿੰਘ ਜੱਗਾ, ਜਸਬੀਰ ਸਿੰਘ ਗਾਂਧੀ, ਹਰੀ ਚੰਦ ਬਾਂਸਲ, ਗੱਜਣ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।