ਮਿਲਾਵਟਖੋਰਾਂ ਦੀ ਮੱਦਦ ਤੇ ਉੱਤਰੇ ਕੁੱਝ ਆਪ ਦੇ ਲੀਡਰ,,!
ਹਰਿੰਦਰ ਨਿੱਕਾ , ਬਰਨਾਲਾ 30 ਅਕਤੂਬਰ 2023
ਤਿਉਹਾਰੀ ਸੀਜਨ ਦੇ ਚਲਦਿਆਂ ਬੇਸ਼ੱਕ ਸਿਹਤ ਵਿਭਾਗ ਨੇ ਫਿਲਹਾਲ ਕੋਈ ਬਹੁਤੀ ਸਰਗਰਮੀ ਤਾਂ ਨਹੀਂ ਦਿਖਾਈ। ਪਰੰਤੂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਦੀ ਚੂੜੀ ਪੁਲਿਸ ਮਹਿਕਮੇ ਦੇ ਅਧਿਕਾਰੀਆਂ ਨੇ ਜਰੂਰ ਕਸ ਦਿੱਤੀ ਹੈ। ਸੀਆਈਏ ਦੀ ਟੀਮ ਨੇ ਲੰਘੇ ਦਿਨ ਤਪਾ ਮੰਡੀ ਨੇੜਲੇ ਪਿੰਡ ਢਿੱਲਵਾਂ ਦੇ ਗੋਦਾਮ ਵਿੱਚ ਮਿਲਾਵਟੀ ਘਿਉ ਅਤੇ ਤੇਲ ਤਿਆਰ ਕਰਨ ਵਾਲੇ ਪਿਉ ਪੁੱਤ ਦੀ ਜੋੜੀ ਨੂੰ ਗਿਰਫਤਾਰ ਕਰਕੇ,ਉਨ੍ਹਾਂ ਦੇ ਕਬਜੇ ਵਿੱਚੋਂ ਮਿਲਾਵਟੀ ਘਿਉ/ਤੇਲ ਤੋਂ ਇਲਾਵਾ ਹੋਰ ਸਮਾਨ ਵੀ ਬਰਾਮਦ ਕਰਵਾਇਆ ਗਿਆ ਸੀ। ਫਿਰ ਥੋੜੀ ਸਖਤੀ ਨਾਲ ਹੋਈ ਪੁੱਛਗਿੱਛ ਦੇ ਅਧਾਰ ਪਰ, ਪੁਲਿਸ ਨੇ ਮਿਲਾਵਟਖੋਰਾਂ ਦੇ ਇੱਕ ਹੋਰ ਸਾਥੀ ਨੂੰ ਵੀ ਕਾਬੂ ਕਰਕੇ,ਉਸਦੇ ਕਬਜੇ ਵਿੱਚੋਂ ਵੀ ਮਿਲਾਵਟੀ ਵਸਤਾਂ ਬਰਾਮਦ ਕਰਵਾ ਲਈਆਂ ਹਨ। ਹੁਣ ਤੱਕ ਪੁਲਿਸ ਦੇ ਸ਼ਿਕੰਜੇ ਵਿੱਚ ਆਏ ਮਿਲਾਵਟਖੋਰਾਂ ਦੀ ਗਿਣਤੀ ਤਿੰਨ ਹੋ ਗਈ ਹੈ। ਜਦੋਂਕਿ ਪੁਲਿਸ ਨੇ ਮੁਖਬਰ ਦੀ ਸੂਚਨਾ ਦੇ ਅਧਾਰ ਪਰ, ਦੋ ਨਾਮਜ਼ਦ ਦੋਸ਼ੀਆਂ ਖਿਲਾਫ ਹੀ ਤਪਾ ਥਾਣੇ ਵਿੱਚ ਕੇਸ ਦਰਜ਼ ਕੀਤਾ ਗਿਆ ਸੀ। ਇਸ ਪੂਰੀ ਮੁਹਿੰਮ ਬਾਰੇ ਐਸਐਸਪੀ ਸੰਦੀਪ ਮਲਿਕ ਨੇ ਵਿਸਥਾਰ ਸਹਿਤ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਮਾਰਕੀਟ ਵਿੱਚ ਮਿਲਾਵਟੀ ਸਮਾਨ ਤਿਆਰ ਕਰਕੇ ਵੇਚਣ ਵਾਲੇ ਵਿਅਕਤੀਆਂ ਪਰ ਖਾਸ ਨਿਗਰਾਨੀ ਰੱਖੀ ਜਾ ਰਹੀ ਸੀ। ਸ੍ਰੀ ਰਮਨੀਸ਼ ਕੁਮਾਰ ਚੌਧਰੀ, ਕਪਤਾਨ ਪੁਲਿਸ (ਡੀ) ਬਰਨਾਲਾ, ਗਮਦੂਰ ਸਿੰਘਉਪ ਕਪਤਾਨ ਪੁਲਿਸ (ਇੰਨ, ਬਰਨਾਲਾ ਦੀ ਯੋਗ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਤਹਿਤ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਨੂੰ ਸੋਰਸ ਖਾਸ ਨੇ ਇਤਲਾਹ ਦਿੱਤੀ ਸੀ ਕਿ ਸੁਰੇਸ ਕੁਮਾਰ ਪੁੱਤਰ ਸ਼ਾਮ ਲਾਲ, ਹਿਮਾਂਸੂ ਗਰਗ ਪੁੱਤਰ ਸੁਰੇਸ ਕੁਮਾਰ ਵਾਸੀਆਨ ਤਪਾ ਹਾਲ ਗਲੀ ਨੰਬਰ 7 ਲੱਖੀ ਕਲੋਨੀ ਬਰਨਾਲਾ ਨੇ ਤਪਾ-ਪੱਖੋ ਕੈਂਚੀਆਂ ਰੋਡ, ਢਿੱਲਵਾਂ ਵਿਖੇ ਇੱਕ ਗੋਦਾਮ ਕਿਰਾਏ ਘਰ ਲੈ ਕੇ ਉਸ ਵਿਚ ਮਿਲਾਵਟੀ ਦੇਸੀ ਘਿਉ ਅਤੇ ਸਰੋਂ ਦਾ ਤੇਲ ਆਦਿ ਤਿਆਰ ਕਰਕੇ ਉਸ ਪਰ ਵੱਖ-ਵੱਖ ਕੰਪਨੀਆਂ ਦੇ ਤਿਆਰ ਕੀਤੇ ਜਾਅਲੀ ਅਤੇ ਫਰਜੀ ਰੈਪਰ ਲਗਾ ਕਰ ਜਾਅਲੀ ਬਿਲਾਂ ਦੇ ਅਧਾਰ ਉੱਤੇ ਬਜਾਰ ਵਿੱਚ ਸਪਲਾਈ ਕਰਦੇ ਹਨ। ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀ ਸੁਰੇਸ਼ ਕੁਮਾਰ ਅਤੇ ਹਿਮਾਂਸ਼ੂ ਗਰਗ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਨ੍ਹਾਂ ਦੋਵਾਂ ਦੋਸ਼ੀਆਂ ਦੀ ਪੁੱਛਗਿੱਛ ਦੇ ਅਧਾਰ ਪਰ, ਇੱਨ੍ਹਾਂ ਦੇ ਇੱਕ ਹੋਰ ਸਾਥੀ ਵਿਵੇਕ ਮਿੱਤਲ ਉਰਫ ਵਿੱਕੀ ਪੁੱਤਰ ਅਸ਼ੋਕ ਕੁਮਾਰ ਵਾਸੀ ਰਾਮ ਰਾਜਿਆ ਕੋਲਨੀ ਬਰਨਾਲਾ ਨੂੰ ਵੀ ਗਿਰਫਤਾਰ ਕਰਕੇ,ਉਸ ਦੇ ਕਬਜੇ ਵਿੱਚੋਂ ਮਿਲਾਵਟੀ ਵਸਤਾਂ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀਆਂ ਤੋਂ ਪੁੱਛਗਿੱਛ ਜ਼ਾਰੀ ਹੈ,ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਜਦੋਂ ਤੋਂ ਮਿਲਾਵਟਖੋਰ ਪੁਲਿਸ ਦੇ ਅੜਿੱਕੇ ਆਏ ਤਾਂ ਕੁੱਝ ਆਮ ਆਦਮੀ ਪਾਰਟੀ ਦੇ ਆਗੂ, ਉਨ੍ਹਾਂ ਨੂੰ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਵੀ ਲਾਉਂਦੇ ਸਾਹਮਣੇ ਆਏ। ਪਰੰਤੂ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਮਯਾਬ ਨਾ ਹੋ ਸਕੀਆਂ।