ਅਸ਼ੋਕ ਵਰਮਾ, ਬਠਿੰਡਾ, 30 ਅਕਤੂਬਰ 2023
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹੰਡਾਨਾ ਨੇ ਅੱਜ ਬਠਿੰਡਾ ਬੱਸ ਅੱਡੇ ਦੇ ਦੌਰੇ ਦੌਰਾਨ ਉਨ੍ਹਾਂ ਪ੍ਰਾਈਵੇਟ ਟਰਾਂਸਪੋਰਟ ਮਾਲਕਾਂ ਨੂੰ ਭਾਜੜਾਂ ਪਾ ਦਿੱਤੀਆਂ ਜਿੰਨ੍ਹਾਂ ਦੀਆਂ ਬੱਸਾਂ ਲੁੜੀਂਦੇ ਕਾਗਜ਼ ਪੱਤਰਾਂ ਦੀ ਘਾਟ ਕਾਰਨ ਸੜਕਾਂ ਤੇ ਧੂੜਾਂ ਪੱਟਦੀਆਂ ਫਿਰ ਰਹੀਆਂ ਸਨ। ਇਸ ਦੌਰੇ ਨੂੰ ਕਾਫੀ ਗੁਪਤ ਰੱਖਿਆ ਗਿਆ ਸੀ ਜਿਸ ਕਰਕੇ ਬੱਸਾਂ ਦੇ ਅਮਲੇ ਨੂੰ ਇਸ ਦੀ ਭਿਣਕ ਨਾਂ ਪਈ। ਇਸ ਦੌਰਾਨ ਕਰੀਬ ਇੱਕ ਦਰਜ਼ਨ ਤੋਂ ਵੱਧ ਨਿੱਜੀ ਕੰਪਨੀਆਂ ਦੀਆਂ ਬੱਸਾਂ ਕਾਗਜ਼ਾਂ ਦੀ ਘਾਟ ਕਾਰਨ ਫੜ੍ਹ ਲਈਆਂ। ਇਸ ਮੌਕੇ ਜਦੋਂ ਚੇਅਰਮੈਨ ਵੱਲੋਂ ਮਾਰੇ ਛਾਪੇ ਦਾ ਰੌਲਾ ਪੈ ਗਿਆ ਤਾਂ ਅੱਡਾ ਸਟਾਫ ਨੇ ਬਾਹਰੋ ਤੋਂ ਆਉਣ ਵਾਲੀਆਂ ਬੱਸਾਂ ਨੂੰ ਫੋਨ ਖੜਕੇ ਦਿੱਤੇ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਬੱਸਾਂ ਅੱਡੇ ’ਚ ਲਿਆਉਣ ਦੀ ਥਾਂ ਬਾਹਰੋ-ਬਾਹਰ ਹੀ ਮੋੜਨੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ਚੇਅਰਮੈਨ ਨੇ ਬੱਸਾਂ ਦੀ ਚੈਕਿੰਗ ਤੋਂ ਇਲਾਵਾ ਬੱਸ ਅੱਡੇ ਦੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਪ੍ਰਬੰਧਾਂ ’ਚ ਸਾਹਮਣੇ ਆਈਆਂ ਊਣਤਾਈਆਂ ਨੂੰ ਦੂਰ ਕਰਨ ਦੇ ਨਿਰਦੇਸ਼ ਦਿੱਤੇ। ਚੇਅਰਮੈਨ ਬੱਸ ਅੱਡੇ ’ਚ ਸਫ਼ਾਈ ਦੇ ਮਾੜੇ ਪ੍ਰਬੰਧਾਂ ਨੂੰ ਦੇਖ ਕੇ ਕਾਫੀ ਨਾਰਾਜ਼ ਦਿਖਾਈ ਦਿੱਤੇ । ਉਨ੍ਹਾਂ ਨੇ ਮੌਕੇ ’ਤੇ ਹੀ ਸਫ਼ਾਈ ਕਰਨ ਵਾਲੇ ਕਰਮਚਾਰੀਆਂ ਨੂੰ ਸੱਦਿਆਂ ਅਤੇ ਉਨ੍ਹਾਂ ਤੋਂ ਗਿਣਤੀ ਬਾਰੇ ਜਾਣਕਾਰੀ ਲਈ। ਉਨ੍ਹਾਂ ਢੁੱਕਵੇਂ ਢੰਗ ਨਾਲ ਸਫਾਈ ਨਾਂ ਹੋਣ ਕਰਕੇ ਸਫਾਈ ਸੇਵਕਾਂ ਦੀ ਹਲਕੇ ਜਿਹੇ ਢੰਗ ਨਾਲ ਖਿਚਾਈ ਵੀ ਕੀਤੀ। ਉਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਬੱਸ ਅੱਡੇ ’ਚ ਸਾਫ ਸਫਾਈ ਕਰਨ ਲਈ ਇੱਕ ਹਫ਼ਤੇ ਦੀ ਮੋਹਲਤ ਦਿੱਤੀ। ਉਨ੍ਹਾਂ ਆਖਿਆ ਕਿ ਜੇਕਰ ਇੱਕ ਹਫ਼ਤਾ ਲਗਾਤਾਰ ਪੂਰੀ ਸਫ਼ਾਈ ਨਾ ਹੋਈ ਤਾਂ ਉਹ ਕੋਈ ਬਹਾਨਾ ਨਹੀਂ ਸੁਣਨਗੇ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪੀਆਰਟੀਸੀ ਦੇ ਮੁਲਾਜਮਾਂ ਨੇ ਬੱਸ ਅੱਡੇ ’ਚ ਬਣੇ ਪੈਖਾਨਿਆਂ ਨੂੰ ਦਰਵਾਜ਼ੇ ਲੱਗੇ ਨਾਂ ਹੋਣ ਦੀ ਗੱਲ ਚੇਅਰਮੈਨ ਦੇ ਧਿਆਨ ’ਚ ਲਿਆਂਦੀ। ਉਨ੍ਹਾਂ ਕਿਹਾ ਕਿ ਦਰਵਾਜਿਆਂ ਦੀ ਅਣਹੋਂਦ ’ਚ ਇੱਥੇ ਨਸ਼ੇੜੀ ਟੀਕੇ ਆਦਿ ਲਗਾ ਕੇ ਡਿੱਗ ਜਾਂਦੇ ਹਨ। ਮੁਲਾਜਮਾਂ ਨੇ ਇਸ ਮਾਮਲੇ ਦਾ ਹੱਲ ਕਰਨ ਦੀ ਮੰਗ ਵੀ ਕੀਤੀ। ਵੇਰਵਿਆਂ ਅਨੁਸਾਰ ਚੇਅਰਮੈਨ ਪੀਆਰਟੀਸੀ ਰਣਜੋਧ ਸਿੰਘ ਹੰਡਾਨਾ ਅੱਜ ਬਾਅਦ ਦੁਪਹਿਰ ਇੱਕ ਦਮ ਬਠਿੰਡਾ ਬੱਸ ਅੱਡੇ ’ਚ ਪੁੱਜੇ ਤਾਂ ਆਉਂਦਿਆਂ ਸਾਰ ਹੀ ਬੱਸਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਚੇਅਰਮੈਨ ਦਾ ਦੌਰਾ ਐਨਾਂ ਗੁਪਤ ਸੀ ਕਿ ਪੀਆਰਟੀਸੀ ਦੇ ਮੁਲਾਜ਼ਮਾਂ ਤੱਕ ਨੂੰ ਵੀ ਇਸ ਬਾਰੇ ਪਤਾ ਨਹੀਂ ਸੀ। ਜਦੋਂ ਬੱਸਾਂ ਦੀ ਚੈਕਿੰਗ ਸ਼ੁਰੂ ਹੋ ਗਈ ਤੇ ਪਤਾ ਲੱਗਿਆ ਕਿ ਚੇਅਰਮੈਨ ਬਠਿੰਡਾ ਅੱਡੇ ’ਚ ਪੁੱਜੇ ਹਨ ਤਾਂ ਬਠਿੰਡਾ ਡਿੱਪੂ ਦੇ ਅਧਿਕਾਰੀ ਵੀ ਹਰਕਤ ’ਚ ਆ ਗਏ।
ਚੇਅਰਮੈਨ ਨੇ ਸਭ ਤੋਂ ਪਹਿਲਾਂ ਨਿੱਜੀ ਬੱਸਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੂੰ ਇੱਕ ਦਰਜ਼ਨ ਤੋਂ ਵੱਧ ਅਜਿਹੀਆਂ ਬੱਸਾਂ ਮਿਲੀਆਂ ਜਿੰਨ੍ਹਾਂ ਦੇ ਕਾਗਜ਼ਾਤ ਅਧੂਰੇ ਸਨ ਜਦੋਂਕਿ ਕਈਆਂ ਕੋਲ ਪਰਮਿਟ ਆਦਿ ਨਹੀਂ ਸੀ।ਇਸ ਮੌਕੇ ਕੁੱਝ ਨਿੱਜੀ ਬੱਸ ਚਾਲਕਾਂ ਨੇ ਆਪਣੇ ਕੋਲ ਕਾਗਜ਼ ਪੂਰੇ ਹੋਣ ਪਰ ਮੌਕੇ ਤੇ ਨਾਂ ਹੋਣ ਦੀ ਦਲੀਲ ਦਿੱਤੀ । ਚੇਅਰਮੈਨ ਨੇਬਾਅਦ ’ਚ ਕਾਗਜ਼ਾਂ ਦੀ ਜਾਂਚ ਕੀਤੀ ਅਤੇ ਬਾਕੀਆਂ ਦੇ ਚਲਾਨ ਕੱਟੇ ਗਏ। ਚੇਅਰਮੈਨ ਨੇ ਸਖਤ ਲਹਿਜੇ ’ਚ ਕਿਹਾ ਕਿ ਅਧੂਰੇ ਕਾਗਜਾਂ ਜਾਂ ਬਿਨ੍ਹਾਂ ਪਰਮਿਟ ਵਾਲੀਆਂ ਬੱਸਾਂ ਨੂੰ ਉਹ ਚੱਲਣ ਨਹੀਂ ਦੇਣਗੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਰਣਜੋਧ ਸਿੰਘ ਹੰਡਾਨਾ ਨੇ ਦੱਸਿਆ ਕਿ ਅੱਜ ਦੀ ਚੈਕਿੰਗ ਦੌਰਾਨ ਦੇਖਿਆ ਗਿਆ ਕਿ ਬਹੁਤ ਸਾਰੀਆਂ ਬੱਸਾਂ ਵਾਲਿਆਂ ਕੋਈ ਕਾਗਜ਼ਾਤ ਹੀ ਨਹੀਂ ਹਨ।
ਉਨ੍ਹਾਂ ਦੱਸਿਆ ਕਿ ਚੈਕਿੰਗ ਦਾ ਪਤਾ ਲੱਗਦਿਆਂ ਹੀ ਬਹੁਤ ਸਾਰੇ ਡਰਾਈਵਰ-ਕਡੰਕਟਰ ਬੱਸਾਂ ਛੱਡ ਕੇ ਹੀ ਚਲੇ ਗਏ। ਉਨ੍ਹਾਂ ਦੱਸਿਆ ਕਿ ਅਧੂਰੇ ਕਾਗਜਾਂ ਜਾਂ ਬਿਨ੍ਹਾਂ ਪਰਮਿਟ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਚੇਅਰਮੈਨ ਨੇ ਦੱਸਿਆ ਕਿ ਬਿਨ੍ਹਾਂ ਕਾਗਜਾਂ ਵਾਲਿਆਂ ਨੂੰ ਬੱਸਾਂ ਬਾਹਰ ਕੱਢਣ ਸਬੰਧੀ ਕਈ ਵਾਰ ਚਿਤਾਵਨੀ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਵਾਰ-ਵਾਰ ਕਹਿਣ ਦੇ ਬਾਵਜ਼ੂਦ ਜਦੋਂ ਉਨ੍ਹਾਂ ਨੇ ਸਰਕਾਰੀ ਆਦੇਸ਼ਾਂ ਨੂੰ ਟਿੱਚ ਜਾਣਿਆ ਤਾਂ ਅੱਜ ਸਖਤ ਕਾਰਵਾਈ ਕਰਨੀ ਪਈ ਹੈ। ਉਨ੍ਹਾਂ ਬੱਸ ਮਾਲਕਾਂ ਨੂੰ ਅਪੀਲ ਕੀਤਦੀ ਕਿ ਉਹ ਆਪਣੇ ਕਾਗਜ਼ ਪੱਤਰ ਸਹੀ ਕਰਨ ਤਾਂ ਜੋ ਕਿਸੇ ਦੀ ਬੱਸ ਖਿਲਾਫ ਕਾਰਵਾਈ ਨਾਂ ਕਰਨੀ ਪਵੇ।