ਅਨੁਭਵ ਦੂਬੇ, ਚੰਡੀਗੜ੍ਹ 17 ਅਕਤੂਬਰ 2023
ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਨਗਰ ਕੌਂਸਲ ਦੇ ਅਹੁਦਿਓਂ ਲਾਹੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਦੇ ਹੁਕਮਾਂ ਨੇ ਖੁਸ਼ੀਆਂ ‘ਚ ਖੀਵਾ ਹੋਈ ਆਮ ਆਦਮੀ ਪਾਰਟੀ ਦੀਆਂ ਸੇਵੀਆਂ ਵਿੱਚ ਲੂਣ ਪਾ ਕੇ, ਨਵੇਂ ਚੁਣੇ ਪ੍ਰਧਾਨ ਰੁਪਿੰਦਰ ਸਿੰਘ ਸ਼ੀਤਲ ਦੀ ਜਿੱਤ ਦਾ ਸੁਆਦ ਹੀ ਕਿਰਿਕਰਾ ਕਰ ਦਿੱਤਾ ਹੈ। ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਰਾਜਮੋਹਨ ਸਿੰਘ ਅਤੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੇ ਬੈਂਚ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਸੈਕਟਰੀ ਅਜੋਏ ਸ਼ਰਮਾ ਵੱਲੋਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਅਹੁਦੇ ਤੋਂ ਫਾਰਗ ਕੀਤੇ ਜਾਣ ਦੇ ਹੁਕਮਾਂ ਤੋਂ ਬਾਅਦ ਅੱਜ ਹੋਈ ਪ੍ਰਧਾਨਗੀ ਦੀ ਚੋਣ ਤੇ ਰੋਕ ਲਾ ਦਿੱਤੀ ਹੈ। ਕੇਸ ਦੀ ਅਗਲੀ ਸੁਣਵਾਈ ਹੁਣ 31 ਅਕਤੂਬਰ ਨੂੰ ਹੋਵੇਗੀ। ਇਸ ਤਰਾਂ ਹਾਈਕੋਰਟ ਦਾ ਹੁਕਮ ਆਉਂਦਿਆਂ ਹੀ ਕਹੀ ਖੁਸ਼ੀ, ਕਹੀਂ ਗਮ ਵਾਲੀ ਹਾਲਤ ਬਣ ਗਈ ਹੈ। ਜਿਹੜੇ ਨਵੇਂ ਪ੍ਰਧਾਨ ਰੁਪਿੰਦਰ ਸ਼ੀਤਲ ਬੰਟੀ ਦੀ ਚੋਣ ਹੋਣ ਸਮੇਂ ਖੁਸ਼ੀਆਂ ਮਨਾ ਰਹੇ ਸੀ, ਉਨਾਂ ਦੀ ਖੁਸ਼ੀ ਸਿਰਫ ਚਾਰ ਘੰਟਿਆਂ ਬਾਅਦ ਹੀ ਕਾਫੂਰ ਵਾਂਗ ਉੱਡ ਗਈ। ਜਦੋਂਕਿ ਇਸ ਚੋਣ ਤੋਂ ਬਾਅਦ ਮਾਯੂਸ ਹੋਏ ਗੁਰਜੀਤ ਸਿੰਘ ਰਾਮਣਵਾਸੀਆ ਦੇ ਸਮੱਰਥਕਾਂ ਦੇ ਚਿਹਰਿਆਂ ਤੇ ਖੁਸ਼ੀ ਛਾ ਗਈ ਹੈ। ਹਾਈਕੋਰਟ ਦਾ ਫੈਸਲਾ ਸੁਣਦਿਆਂ ਹੀ ਰਾਮਣਵਾਸੀਆਂ ਦੇ ਸਮੱਰਥਕਾਂ ਵੱਲੋਂ ਇੱਕ ਦੂਜੇ ਨੂੰ ਵਧਾਈ ਦੇਣ ਲਈ ਫੋਨ ਦੀ ਘੰਟੀਆਂ ਵੱਜਣੀਆਂ ਸ਼ੁਰੂ ਹੋ ਗਈਆਂ।
ਹਾਈਕੋਰਟ ਦੇ ਹੁਕਮਾਂ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਸਚਾਈ ਦੀ ਜਿੱਤ ਹੋਈ ਹੈ । ਉਨ੍ਹਾਂ ਕਿਹਾ ਕਿ ਮੈਨੂੰ ਸ਼ੁਰੂ ਤੋਂ ਹੀ ਸ੍ਰੀ ਅਕਾਲ ਪੁਰਖ,ਵਾਹਿਗੁਰੂ ਅਤੇ ਹਾਈਕੋਰਟ ਤੇ ਭਰੋਸਾ ਸੀ,ਉਹ ਭਰੋਸਾ ਹਾਈਕੋਰਟ ਦੇ ਹਾਲੀਆ ਹੁਕਮਾਂ ਨਾਲ ਹੋਰ ਵੀ ਪੱਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਵਾਲੇ ਕਦਮ ਨੂੰ ਹਾਈਕੋਰਟ ਨੇ ਰੋਕ ਕੇ ਇਨਸਾਫ ਦੇ ਤਰਾਜੂ ਵਿੱਚ ਪੂਰਾ ਤੋਲਿਆ ਹੈ। ਰਾਮਣਵਾਸੀਆ ਨੇ ਕਿਹਾ ਕਿ ਮੈਂ ਮੇਰੇ ਨਾਲ ਡਟ ਕੇ ਖੜ੍ਹੇ 12 ਕੌਂਸਲਰਾਂ ਦਾ ਵੀ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ, ਜਿਹੜੇ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ, ਹਰ ਕਿਸਮ ਦਾ ਲਾਲਚ ਤਿਆਗ ਕੇ, ਮੇਰੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਬਰਨਾਲਾ ਦੇ ਇੰਚਾਰਜ ਮਨੀਸ਼ ਬਾਂਸਲ, ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਬਲਾਕ ਕਾਂਗਰਸ ਦੇ ਪ੍ਰਧਾਨ ਮਹੇਸ਼ ਲੋਟਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ ਨੇ ਹਾਈਕੋਰਟ ਦੇ ਫੈਸਲੇ ਨੂੰ ਇਨਸਾਫ ਦੀ ਜਿੱਤ ਅਤੇ ਸੱਤਾਧਾਰੀਆਂ ਦੀ ਮਚਾਈ ਅੱਤ ਦਾ ਅੰਤ ਕਰਾਰ ਦਿੱਤਾ ਹੈ। ਵਰਨਣਯੋਗ ਹੈ ਕਿ ਅੱਜ ਕਰੀਬ ਸਾਢੇ ਕੁ ਗਿਆਰਾਂ ਵਜੇ ਰੁਪਿੰਦਰ ਸਿੰਘ ਸ਼ੀਤਲ ਨੂੰ 18 ਕੌਂਸਲਰਾਂ ਨੇ ਪ੍ਰਧਾਨ ਚੁਣ ਲਿਆ ਸੀ ਤੇ ਇਹ ਪ੍ਰਧਾਨਗੀ ਸਿਰਫ ਚਾਰ ਕੁ ਘੰਟੇ ਹੀ ਕਾਇਮ ਰਹਿ ਸਕੀ।