ਬਿੱਟੂ ਜਲਾਲਾਬਾਦੀ, ਫਾਜ਼ਿਲਕਾ, 13 ਅਕਤੂਬਰ 2023
ਡਾਇਰੈਕਟਰ ਉਦਯੋਗ ਅਤੇ ਕਮਰਸ ਵਿਭਾਗ, ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਜਨਰਲ ਮੈਨੇਜਰ ਜਸਵਿੰਦਰ ਪਾਲ ਸਿੰਘ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਫੰਕਸਨਲ ਮੈਨੇਜਰ ਸ਼੍ਰੀ ਕੁਲਵੰਤ ਰਾਏ ਵਰਮਾ ਦੀ ਅਗਵਾਈ ਹੇਠ ਸਰਕਾਰੀ ਆਈ.ਟੀ.ਆਈ.ਜਲਾਲਾਬਾਦ ਵਿਖੇ ਪ੍ਰਧਾਨ ਮੰਤਰੀ ਰੋਜ਼ਗਾਰ ਉਤਪੱਤੀ ਪ੍ਰੋਗਰਾਮ (ਪੀ.ਐਮ.ਈ.ਜੀ.ਪੀ.) ਸਕੀਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੋਕੇ ਜਾਣਕਾਰੀ ਦਿੰਦੇ ਹੋਏ ਜਨਰਲ ਮੈਨੇਜਰ ਜਸਵਿੰਦਰਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਜ਼ਿਲ੍ਹਾ ਉਦਯੋਗ ਕੇਂਦਰ ਫਾਜ਼ਿਲਕਾ ਵੱਲੋਂ ਪੀ.ਐਮ.ਈ.ਜੀ.ਪੀ ਸਕੀਮ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ ਅਤੇ ਵਿਦਿਅਕ ਸਾਲ 2022-23 ਦੌਰਾਨ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜਲਾਲਾਬਾਦ ਦੇ ਪਾਸ ਆਉਟ ਵਿਦਿਆਰਥੀਆਂ ਨੂੰ ਪੀ.ਐਮ.ਈ.ਜੀ.ਪੀ. ਸਕੀਮ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ।
ਜਲਾਲਾਬਾਦ ਆਈ.ਟੀ.ਆਈ ਵਿੱਚ ਲਗਾਏ ਗਏ ਕੈਂਪ ਦੋਰਾਨ ਫੰਕਸਨਲ ਮੈਨੇਜਰ ਸ਼੍ਰੀ ਕੁਲਵੰਤ ਰਾਏ ਵਰਮਾ ਨੇ ਹਾਜ਼ਰੀਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪੀ.ਐਮ.ਈ.ਜੀ.ਪੀ ਸਕੀਮ ਬਾਰੇ ਵਿਸਤਾਰਪੂਰਵਕ ਦੱਸਿਆ । ਉਨ੍ਹਾਂ ਵਿਦਿਆਰਥੀਆਂ ਨੂੰ ਸਵੈ-ਰੋਜ਼ਗਾਰ ਪ੍ਰਤੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਪੀ.ਐਮ.ਈ.ਜੀ.ਪੀ ਸਕੀਮ ਅਧੀਨ 15 ਤੋਂ 35 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸਕੀਮ ਤਹਿਤ 10 ਲੱਖ ਰੁਪਏ ਤੱਕ ਦੇ ਕਰਜ਼ੇ ਬਿਨਾਂ ਕਿਸੇ ਕੂਲੈਟਰਲ ਸਿਕਊਰਟੀ ਦੇ ਦਿੱਤੇ ਜਾਂਦੇ ਹਨ। 5 ਲੱਖ ਤੋਂ ਵੱਧ ਦੇ ਕਰਜ਼ਿਆਂ ਲਈ ਘੱਟੋ-ਘੱਟ ਵਿਦਿਅਕ ਯੋਗਤਾ 8ਵੀਂ ਪਾਸ ਹੋਣੀ ਚਾਹੀਦੀ ਹੈ। ਇਸ ਸਕੀਮ ਦੇ ਸਬੰਧ ਵਿੱਚ ਕਿਸੇ ਵੀ ਕਿਸਮ ਦੀ ਮਦਦ ਪ੍ਰਦਾਨ ਕਰਨ ਲਈ ਜ਼ਿਲ੍ਹਾ ਉਦਯੋਗ ਕੇਂਦਰ ਹਮੇਸ਼ਾ ਹਾਜ਼ਰ ਹੈ।
ਇਸ ਮੋਕੇ ਆਈ.ਟੀ.ਆਈ ਜਲਾਲਾਬਾਦ ਦੇ ਪ੍ਰਿੰਸੀਪਲ ਸ਼੍ਰੀ ਰਜਿੰਦਰ ਸਿੰਘ ਜੋਸਨ ਨੇ ਜਿਲ੍ਹਾ ਉਦਯੋਗ ਕੇਂਦਰ, ਫਾਜਿਲਕਾ ਵੱਲੋਂ ਸ਼ੁਰੂ ਕੀਤੀ ਗਈ ਪੀ.ਐਮ.ਈ.ਜੀ.ਪੀ ਸਕੀਮ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੰਨਾਂ ਕੈਂਪਾਂ ਨਾਲ ਅੱਜ ਦੇ ਨੋਜਵਾਨਾਂ ਅਤੇ ਵਿਦਿਆਰਥੀਆਂ ਨੂੰ ਜਰੂਰ ਫਾਇਦਾ ਹੋਵੇਗਾ ਅਤੇ ਸਵੈ-ਰੋਜਗਾਰ ਅਪਣਾਉਣ ਲਈ ਹੱਲਾ ਸ਼ੇਰੀ ਮਿਲੇਗੀ । ਇਸ ਮੋਕੇ ਤੇ ਵੱਖ-ਵੱਖ ਟ੍ਰੇਡਾਂ ਵਿੱਚ ਪਾਸ ਆਊਟ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ ।
ਇਸ ਮੋਕੇ ਤੇ ਬੀ.ਐਲ.ਈ.ਓ ਸ਼੍ਰੀ ਅਰੁਣ ਕੁਮਾਰ ਤੋਂ ਇਲਾਵਾ ਸਰਕਾਰੀ ਆਈ.ਟੀ.ਆਈ ਸਟਾਫ ਸੁਰਜੀਤ ਸਿੰਘ (ਪਲੇਸਮੈਂਟ ਅਫਸਰ), ਗੁਰਵਿੰਦਰ ਸਿੰਘ, ਅਮਰਜੀਤ ਸਿੰਘ, ਜਗਦੀਸ਼ ਚੰਦਰ ਆਦਿ ਸ਼ਾਮਲ ਰਹੇ।