ਅਸ਼ੋਕ ਵਰਮਾ , ਬਠਿੰਡਾ 12 ਅਕਤੂਬਰ 2023
ਵਿਧਾਨ ਸਭਾ ਹਲਕਾ ਤਲਵੰਡੀ ਤੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜੀਤ ਮਹਿੰਦਰ ਸਿੰਘ ਸਿੱਧੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਜੀਤ ਮਹਿੰਦਰ ਵਿਧਾਇਕ ਹੋਣ ਦੇ ਬਾਵਜੂਦ 7 ਮਾਰਚ 2014 ਨੂੰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ। ਲੋਕ ਸਭਾ ਚੋਣਾਂ ਮੌਕੇ ਇੱਕ ਵੱਡੇ ਆਗੂ ਦੇ ਸਿਆਸੀ ਪੈਂਤੜੇ ਨੇ ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਤੇ ਬਾਦਲ ਪਰਿਵਾਰ ਦੀ ਨੂੰਹ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜੀਤ ਮਹਿੰਦਰ ਦੇ ਇਸ ਫੈਸਲੇ ਨੂੰ ਅਕਾਲੀ ਦਲ ਲਈ ਵੱਡਾ ਝਟਕਾ ਅਤੇ ਹੈਰਾਨ ਕਰਨ ਦੇਣ ਵਾਲਾ ਫੈਸਲਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਲੰਘੀ 14 ਸਤੰਬਰ ਨੂੰ ਆਪਣੇ ਫੇਸਬੁੱਕ ਪੇਜ਼ ਤੇ ਇੱਕ ਸਿਆਸੀ ਪ੍ਰੋਗਰਾਮ ਦੀ ਫੋਟੋ ਪਾਈ ਸੀ ਜਿਸ ਵਿੱਚ ਉਹ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਖੜ੍ਹੇ ਹਨ।
ਸਿਆਸੀ ਮਾਹਿਰ ਵੀ ਹੈਰਾਨ ਹਨ ਕਿ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਦੌਰਾਨ ਅਜਿਹੀ ਕਿਹੜੀ ਨੌਬਤ ਆ ਗਈ ਕਿ ਜੀਤ ਮਹਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪੈ ਗਿਆ ਹੈ। ਜੀਤ ਮਹਿੰਦਰ ਸਿੰਘ ਸਿੱਧੂ ਨੂੰ ਬੁੱਧਵਾਰ ਨੂੰ ਹੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਚ ਸ਼ਾਮਿਲ ਆਗੂਆਂ ਵੱਲੋਂ ਪਾਰਟੀ ਵਿਰੋਧੀ ਸਰਗਰਮੀਆਂ ਚਲਾਉਣ ਦੇ ਦੋਸ਼ਾਂ ਤਹਿਤ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਅਜੇ ਨੋਟਿਸ ਜਾਰੀ ਕਰਨ ਸਬੰਧੀ ਖਬਰਾਂ ਦੀ ਸਿਆਹੀ ਵੀ ਨੇ ਸੁੱਕੀ ਸੀ ਕਿ ਜੀਤ ਮਹਿੰਦਰ ਨੇ ਅੱਜ ਮਾਲਵੇ ਵਿੱਚ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਜਗਬੀਰ ਸ਼ ਬਰਾੜ ਤੋਂ ਬਾਅਦ ਜੀਤ ਮਹਿੰਦਰ ਸਿੱਧੂ ਤੀਜੇ ਵੱਡੇ ਆਗੂ ਹਨ ਜੋ ਪਾਰਟੀ ਨੂੰ ਅਲਵਿਦਾ ਆਖ ਗਏ ਹਨ ।
ਆਪਣੇ ਅਸਤੀਫੇ ਦਾ ਐਲਾਨ ਕਰਨ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਢੰਗ ਤਰੀਕਿਆਂ ਤੇ ਉਂਗਲ ਉਠਾਈ ਅਤੇ ਟੇਡੇ ਢੰਗ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਾਨਾ ਸ਼ਾਹ ਕਰਾਰ ਦਿੱਤਾ। ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਸੇ ਦਾ ਨਾਮ ਤਾਂ ਨਹੀਂ ਲਿਆ ਪਰ ਉਹ ਇਸ਼ਾਰਿਆ ਹੀ ਇਸ਼ਾਰਿਆਂ ਵਿੱਚ ਕਹੀ ਸੀਨੀਅਰ ਆਗੂਆਂ ਨਾਲ ਨਰਾਜ਼ਗੀ ਜਤਾਉਂਦੇ ਨਜ਼ਰ ਆਏ।ਉਨ੍ਹਾਂ ਸੁਖਬੀਰ ਬਾਦਲ ਨੂੰ ਸਵਾਲ ਕੀਤਾ ਕਿ ਇਸ ਤਰਾਂ ਸੀਨੀਅਰ ਆਗੂਆਂ ਨੂੰ ਅਕਾਲੀ ਦਲ ਵਿੱਚੋਂ ਕੱਢਿਆ ਜਾਂਦਾ ਰਹੇਗਾ ਤਾਂ ਪਾਰਟੀ ਕਿਸ ਤਰ੍ਹਾਂ ਮਜਬੂਤ ਹੋਵੇਗੀ। ਉਹਨਾਂ ਆਖਿਆ ਕਿ ਪਾਰਟੀ ਪ੍ਰਧਾਨ ਨੂੰ ਜੇ ਕੋਈ ਸੱਚੀ ਗੱਲ ਦੱਸਦਾ ਹੈ ਤਾਂ ਉਸਨੂੰ ਬਾਹਰ ਦਾ ਰਸਤਾ ਦਿਖਾ ਜਾਂਦਾ ਹੈ ਜਦੋਂ ਕਿ ਚਾਪਲੂਸ ਮੌਜਾਂ ਕਰਦੇ ਹਨ।
ਉਹਨਾਂ ਕਿਹਾ ਕਿ ਉਹਨਾਂ ਨੇ ਆਪਣਾ ਸਿਆਸੀ ਕੈਰੀਅਰ ਦਾਅ ਤੇ ਲਾ ਕੇ ਅਕਾਲੀ ਦਲ ਲਈ ਜੀਅ ਜਾਨ ਲਾ ਕੇ ਕੰਮ ਕੀਤਾ ਪਰ ਉਨ੍ਹਾਂ ਦੀ ਇਹ ਕਦਰ ਪਾਈ ਗਈ ਹੈ ਤੇ ਬਿਨਾਂ ਪੱਖ ਸੁਣਿਆ ਕਾਰਨ ਤੋਂ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨਾਂ ਨੂੰ ਕੋਈ ਫਰਕ ਨਹੀਂ ਪੈਣਾ ਉਹ ਪਹਿਲਾਂ ਵੀ ਆਜ਼ਾਦ ਲੜੇ ਸਨ ਤੇ ਹੁਣ ਵੀ ਚੋਣ ਲੜ ਲੈਣਗੇ ਪਰ ਅਸਲ ਵਿੱਚ ਹੁਣ ਇਹ ਇਮਤਿਹਾਨ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਦਾ ਹੈ। ਉਹਨਾਂ ਕਿਹਾ ਕਿ ਉਹ ਬੜੇ ਭਾਰੇ ਮਨ ਨਾਲ ਅਕਾਲੀ ਦਲ ਨੂੰ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਦੇ ਵਰਕਰਾਂ ਅਤੇ ਸਮਰਥਕਾਂ ਨਾਲ ਪਹਿਲਾਂ ਵੀ ਖੜ੍ਹੇ ਹਨ ਤੇ ਭਵਿੱਖ ਵਿੱਚ ਵੀ ਚਟਾਨ ਵਾਂਗ ਖੜ੍ਹਨਗੇ
ਉਹਨਾਂ ਕਿਹਾ ਕਿ ਉਹ ਆਪਣੇ ਭਵਿੱਖ ਦੀ ਸਿਆਸੀ ਰਣਨੀਤੀ ਬਾਰੇ ਖੁਲਾਸਾ ਆਪਣੇ ਹਲਕੇ ਤੋਂ ਇਲਾਵਾ ਮੌੜ, ਬਠਿੰਡਾ ਦਿਹਾਤੀ ਅਤੇ ਬਠਿੰਡਾ ਦੇ ਲੋਕਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਕਰਨਗੇ। ਹਾਲਾਂਕਿ ਸਾਬਕਾ ਵਿਧਾਇਕ ਨੇ ਇਸ ਮੌਕੇ ਕਿਸੀ ਸਿਆਸੀ ਪਾਰਟੀ ਦਾ ਨਾਂ ਤਾਂ ਨਹੀਂ ਲਿਆ ਪਰ ਮੌੜ ਹਲਕੇ ਦਾ ਜ਼ਿਕਰ ਕਰਨ ਕਾਰਨ ਮੰਨਿਆ ਜਾ ਰਿਹਾ ਹੈ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋ ਸਕਦੇ ਹਨ। ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਦੀ ਸਿਆਸੀ ਮੈਦਾਨ ਵਿੱਚੋਂ ਚੱਲ ਰਹੀ ਗੈਰ ਹਾਜ਼ਰੀ ਦੇ ਚਲਦਿਆਂ ਇਸ ਸੰਬੰਧ ਵਿੱਚ ਕਿਆਸ ਅਰਾਈਆਂ ਵੀ ਲਾਈਆਂ ਜਾ ਰਹੀਆਂ ਸਨ। ਵਿਧਾਨ ਸਭਾ ਹਲਕਾ ਮੌੜ ਪਿਛਲੇ ਲੰਮੇ ਤੋਂ ਕਾਂਗਰਸ ਦੇ ਸਥਾਈ ਆਗੂ ਦੀ ਅਣਹੋਂਦ ਵਿੱਚ ਹੀ ਚੋਣਾਂ ਲੜਦਾ ਆ ਰਿਹਾ ਹੈ।
ਇਸ ਹਲਕੇ ਤੋਂ ਜਿਆਦਾਤਰ ਚੋਣਾਂ ਬਾਹਰਲੇ ਆਗੂਆਂ ਨੇ ਹੀ ਲੜੀਆਂ ਹਨ ਜਿਨ੍ਹਾਂ ‘ਚ ਬੁਢਲਾਡਾ ਹਲਕੇ ਦੇ ਕਾਂਗਰਸੀ ਆਗੂ ਮੰਗਤ ਰਾਏ ਬਾਂਸਲ, ਉਹਨਾਂ ਦੀ ਧਰਮ ਪਤਨੀ ਮੰਜੂ ਬਾਲਾ ਅਤੇ ਹਰਮਿੰਦਰ ਸਿੰਘ ਜੱਸੀ ਸ਼ਾਮਿਲ ਹਨ। ਕਾਂਗਰਸ ਵੀ ਇਸ ਹਲਕੇ ਲਈ ਕਿਸੇ ਸਥਾਈ ਦੀ ਆਗੂ ਦੀ ਤਲਾਸ਼ ਵਿੱਚ ਸੀ ਜੋ ਹੁਣ ਪੂਰੀ ਹੁੰਦੀ ਦਿਖਾਈ ਦੇ ਰਹੀ ਹੈ। ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ ਵਿਧਾਨ ਸਭਾ ਹਲਕਿਆਂ ਦੀ ਹਲਕਾਬੰਦੀ ਕੀਤੀ ਗਈ ਸੀ ਤਾਂ ਤਲਵੰਡੀ ਸਾਬੋ ਹਲਕੇ ਦੇ ਕਾਫੀ ਪਿੰਡ ਮੌੜ ਵਿੱਚ ਸ਼ਾਮਿਲ ਕਰ ਦਿੱਤੇ ਗਏ ਸਨ ਜਿਨ੍ਹਾਂ ਵਿੱਚ ਜੀਤ ਮਹਿੰਦਰ ਦਾ ਵੱਡਾ ਆਧਾਰ ਰਿਹਾ ਹੈ। ਇਹੋ ਕਾਰਨ ਹੈ ਕਿ ਜੇਕਰ ਜੀਤ ਮਹਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਉਹਨਾਂ ਨੂੰ ਵਿਧਾਨ ਸਭਾ ਹਲਕਾ ਮੌੜ ਦੀ ਕਮਾਂਡ ਸੰਭਾਲੀ ਜਾ ਸਕਦੀ ਹੈ।