ਪ੍ਰਧਾਨ ਰਾਮਣਵਾਸੀਆ ਨੂੰ ਲਾਹੁਣ ਖਿਲਾਫ ਨਗਰ ਕੌਂਸਲ ਦਫਤਰ ਬਰਨਾਲਾ ‘ਚ ਜੋਰਦਾਰ ਨਾਅਰੇਬਾਜੀ
ਹਰਿੰਦਰ ਨਿੱਕਾ, ਬਰਨਾਲਾ 12 ਅਕਤੂਬਰ 2023
ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆਂ ਨੂੰ ਅਹੁਦੇ ਤੋਂ ਲਾਹੇ ਜਾਣ ਦੇ ਵਿਰੋਧ ਵਿੱਚ ਅੱਜ ਕਾਂਗਰਸੀਆਂ ਨੇ ਕੌਂਸਲ ਦਫਤਰ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਮੀਤ ਹੇਅਰ ਨੂੰ ਰੋਹ ਭਰਪੂਰ ਮੁਜਾਹਰਾ ਕਰਕੇ ਵੰਗਾਰਿਆ। ਰੋਸ ਪ੍ਰਦਰਸ਼ਨ ਦੀ ਅਗਵਾਈ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ , ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਸ਼ਹਿਰੀ ਬਲਾਕ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕੀਤੀ। ਰੋਸ ਪ੍ਰਦਰਸ਼ਨ ਤੋਂ ਪਹਿਲਾਂ ਕਾਂਗਰਸੀ ਆਗੂ ਬਰਨਾਲਾ ਕਲੱਬ ਵਿੱਚ ਇਕੱਠੇ ਹੋਏ। ਉਹ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਸੜਕ ਦੇ ਦੂਜੇ ਬੰਨ੍ਹੇ ਕੌਂਸਲ ਦਫਤਰ ਵਿੱਚ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਮਨੀਸ਼ ਬਾਂਸਲ ਨੇ ਕਿਹਾ ਕਿ ਕੌਂਸਲ ਪ੍ਰਧਾਨ ਰਾਮਣਵਾਸੀਆ ਨੂੰ ਗੈਰਕਾਨੂੰਨੀ ਢੰਗ ਨਾਲ ਲਾਹਿਆ ਗਿਆ ਹੈ। ਇਸ ਧੱਕੇਸ਼ਾਹੀ ਦੀ ਕਾਂਗਰਸ ਪਾਰਟੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੀ ਹੈ ਅਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪੂਰੀ ਤਾਕਤ ਨਾਲ ਪ੍ਰਧਾਨ ਗੁਰਜੀਤ ਸਿੰਘ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਸ ਧੱਕੇਸ਼ਾਹੀ ਦੇ ਖਿਲਾਫ ਕਾਂਗਰਸ ਪਾਰਟੀ ਸੜਕਾਂ ਤੇ ਉਤਰਨ ਤੋਂ ਇਲਾਵਾ ਕਾਨੂੰਨੀ ਲੜਾਈ ਵੀ ਲੜੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਪਹਿਲਾਂ ਪੰਚਾਇਤਾਂ ਭੰਗ ਕੀਤੀਆਂ ਉਦੋਂ ਹਾਈਕੋਰਟ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ ’ਤੇ ਜ਼ਾਰੀ ਕੀਤਾ ਗਿਆ ਨੋਟੀਫਿਕੇਸ਼ਨ ਵਾਪਿਸ ਲੈ ਕੇ ਖਹਿੜਾ ਛੁਡਾਉਣਾ ਪਿਆ। ਬਾਂਸਲ ਨੇ ਕਿਹਾ ਕਿ ਹੁਣ ਪ੍ਰਧਾਨ ਨੂੰ ਲਾਹੇ ਜਾਣ ਦੇ ਮੁੱਦੇ ਤੇ ਵੀ, ਸਰਕਾਰ ਨੂੰ ਨਮੋਸ਼ੀ ਹੀ ਪੱਲੇ ਪਵੇਗੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਅਤੇ ਕੈਬਨਿਟ ਮੰਤਰੀ ਮੀਤ ਹੇਅਰ 17 ਮਹੀਨਿਆਂ ਵਿੱਚ ਵੀ ਜਦੋਂ ਪ੍ਰਧਾਨ ਨੂੰ ਕੌਂਸਲਰਾਂ ਦਾ ਬਹੁਮਤ ਹਾਸਿਲ ਕਰਕੇ,ਅਹੁਦੇ ਤੋਂ ਲਾਹੁਣ ਵਿੱਚ ਪੂਰੀ ਤਰਾਂ ਫੇਲ੍ਹ ਹੋ ਗਏ। ਫਿਰ ਹੁਣ ਕੋਝਾ ਹਥਿਆਰ ਪ੍ਰਧਾਨ ਨੂੰ ਲਾਹੁਣ ਲਈ ਵਰਤਿਆ ਹੈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕੌਂਸਲਰਾਂ ਦੇ ਬਹੁਮਤ ਹਾਲੇ ਵੀ ਪ੍ਰਧਾਨ ਦੇ ਨਾਲ ਹੈ। ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਆਪ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾ ਜੁਆਬ ਦੇਵੇਗੀ। ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਲੋਟਾ ਨੇ ਕਿਹਾ ਕਿ ਪ੍ਰਧਾਨ ਰਾਮਣਵਾਸੀਆਂ ਨੇ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਲੰਘ ਰਹੀ , ਨਗਰ ਪੰਚਾਇਤ ਹੰਡਿਆਇਆ ਨੂੰ 10 ਲੱਖ ਰੁਪਏ ਦਾ ਚੈਕ ਦੇ ਕੇ ਕੋਈ ਗੁਨਾਹ ਨਹੀਂ ਕੀਤਾ। ਅਜਿਹਾ ਪਹਿਲਾਂ ਵੀ ਨਗਰ ਕੌਂਸਲ ਵੱਲੋਂ ਸਮੇਂ ਸਮੇਂ ਤੇ ਨਗਰ ਸੁਧਾਰ ਟਰੱਸਟ ਦੀ ਮੱਦਦ ਕਰਨ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਨੂੰ ਲਾਹੁਣ ਲਈ ਕਾਹਲੇ ਆਪ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਆਉਂਦੇ ਦਿਨਾਂ ਨਗਰ ਪੰਚਾਇਤ ਹੰਡਿਆਇਆ ਦੀ ਚੋਣ ਵਿੱਚ ਅਜਿਹੀ ਵਧੀਕੀ ਦਾ ਜੁਆਬ ਅਸੀਂ ਸੱਥਾਂ ਵਿੱਚ ਖੜ੍ਹ ਕੇ ਮੰਗਾਂਗੇ ਕਿ ਹੁਣ ਉਹ ਕਿਹੜੇ ਮੂੰਹ ਨਾਲ ਹੰਡਿਆਇਆ ਵਾਸੀਆਂ ਤੋਂ ਵੋਟਾਂ ਮੰਗ ਰਹੇ ਹਨ। ਇਸ ਦਾ ਖਾਮਿਆਜਾ ਹੰਡਿਆਇਆ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਆਪ ਵਾਲਿਆਂ ਨੂੰ ਭੁਗਤਣਾ ਪਵੇਗਾ। ਇਸ ਮੌਕੇ ਸਰਪੰਚ ਸਤਨਾਮ ਸਿੰਘ, ਕਾਂਗਰਸੀ ਆਗੂ ਕੈਪਟਨ ਭੁਪਿੰਦਰ ਸਿੰਘ ਝਲੂਰ , ਸੁਰਿੰਦਰ ਪਾਲ ਬਾਲਾ ਧਨੌਲਾ ਅਤੇ ਹੋਰ ਆਗੂ ਤੇ ਵਰਕਰ ਵੀ ਮੌਜੂਦ ਸਨ।