ਬਿੱਟੂ ਜਲਾਲਾਬਾਦੀ, ਫਿਰੋਜ਼ੁਪਰ 12 ਅਕਤੂਬਰ 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ-2023 ਲਈ ਕੇਸਧਾਰੀ ਸਿੱਖਾਂ ਦੀ ਵੋਟਰ ਰਜਿਸਟ੍ਰੇਸ਼ਨ ਦਾ ਕੰਮ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਚਾਰ ਚੋਣ ਹਲਕੇ 18-ਮਮਦੋਟ, 19-ਫਿਰੋਜ਼ਪੁਰ,20-ਤਲਵੰਡੀ ਭਾਈ ਅਤੇ 21-ਜ਼ੀਰਾ ਪੈਂਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐੱਸ. ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਪਹਿਲਾਂ 21 ਅਕਤੂਬਰ 2023 ਨੂੰ ਵੋਟਰ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ, ਜੋ ਕਿ 15 ਨਵੰਬਰ 2023 ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ 16 ਨਵੰਬਰ 2023 ਤੋਂ 4 ਦਸੰਬਰ 2023 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਹੋਵੇਗੀ। ਇਸ ਤੋਂ ਬਾਅਦ 5 ਦਸੰਬਰ 2023 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 26 ਦਸੰਬਰ 2023 ਹੋਵੇਗੀ। ਉਨ੍ਹਾਂ ਦੱਸਿਆ ਕਿ 4 ਜਨਵਰੀ 2024 ਤੱਕ ਦਾਅਵਿਆਂ ਅਤੇ ਇਤਰਾਜ਼ਾਂ ਦਾ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10(3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 15 ਜਨਵਰੀ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 16 ਜਨਵਰੀ 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਚੋਣ ਹਲਕਾ ਮਮਦੋਟ ਵਿਖੇ ਡੀ.ਡੀ.ਪੀ.ਓ ਫਿਰੋਜ਼ਪੁਰ ਨੂੰ ਬਤੌਰ ਰਿਵਾਈਜਿੰਗ ਅਫਸਰ, ਬੀ.ਡੀ.ਪੀ.ਓ. ਫਿਰੋਜ਼ਪੁਰ ਅਤੇ ਬੀ.ਡੀ.ਪੀ.ਓ. ਮਮਦੋਟ ਨੂੰ ਬਤੌਰ ਸਹਾਇਕ ਰਿਵਾਈਜਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਚੋਣ ਹਲਕਾ ਫਿਰੋਜ਼ਪੁਰ ਵਿਖੇ ਐਸ.ਡੀ.ਐਮ. ਫਿਰੋਜ਼ਪੁਰ ਨੂੰ ਬਤੌਰ ਰਿਵਾਈਜਿੰਗ ਅਫਸਰ ਅਤੇ ਤਹਿਸੀਲਦਾਰ ਫਿਰੋਜ਼ਪੁਰ, ਨਾਇਬ ਤਹਿਸੀਲਦਾਰ ਫਿਰੋਜ਼ਪੁਰ, ਈ.ਓ.ਐਮ.ਸੀ ਫਿਰੋਜ਼ਪੁਰ ਨੂੰ ਬਤੌਰ ਸਹਾਇਕ ਰਿਵਾਈਜਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਚੋਣ ਹਲਕਾ ਤਲਵੰਡੀ ਭਾਈ ਵਿਖੇ ਸਹਾਇਕ ਕਮਿਸ਼ਨਰ (ਜ.) ਫਿਰੋਜ਼ਪੁਰ ਨੂੰ ਬਤੌਰ ਰਿਵਾਈਜਿੰਗ ਅਫਸਰ ਅਤੇ ਬੀ.ਡੀ.ਪੀ.ਓ ਘੱਲ ਖੁਰਦ, ਨਾਇਬ ਤਹਿਸੀਲਦਾਰ ਤਲਵੰਡੀ ਭਾਈ, ਈ.ਓ.ਐਮ.ਸੀ ਤਲਵੰਡੀ ਭਾਈ ਨੂੰ ਬਤੌਰ ਸਹਾਇਕ ਰਿਵਾਈਜਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਚੋਣ ਹਲਕਾ ਜੀਰਾ ਵਿਖੇ ਐਸ.ਡੀ.ਐਮ. ਜ਼ੀਰਾ ਨੂੰ ਬਤੌਰ ਰਿਵਾਈਜਿੰਗ ਅਫਸਰ ਅਤੇ ਤਹਿਸੀਲਦਾਰ ਜੀਰਾ, ਨਾਇਬ ਤਹਿਸੀਲਦਾਰ ਜੀਰਾ ਅਤੇ ਬੀ.ਡੀ.ਪੀ.ਓ.ਜੀਰਾ ਨੂੰ ਬਤੌਰ ਸਹਾਇਕ ਰਿਵਾਈਜਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਸਮੂਹ ਰਿਵਾਈਜਿੰਗ ਅਫਸਰਾਂ ਨੂੰ ਹਦਾਇਤ ਕੀਤੀ ਕਿ ਵੋਟਰ ਸੂਚੀ ਤਿਆਰ ਕਰਦੇ ਸਮੇਂ ਪ੍ਰਾਪਤ ਹੋਏ ਸਡਿਊਲ ਤੇ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਫਾਰਮ-। ਸਬੰਧਤ ਚੋਣ ਹਲਕੇ ਦੇ ਰਿਵਾਈਜਿੰਗ ਅਫਸਰ ਦੇ ਦਫਤਰ ਵਿਖੇ ਉੱਪਲਬਧ ਹਨ ਤੇ ਜ਼ਿਲ੍ਹੇ ਦੇ 21 ਸਾਲ ਦੇ ਸਮੂਹ ਕੇਸਧਾਰੀ ਸਿੱਖ ਵੋਟਰ ਆਪਣੀ ਵੋਟ ਬਣਾਉਣ ਲਈ ਫਾਰਮ-1 ਭਰਨ ਤੋਂ ਬਾਅਦ ਰਿਵਾਈਜਿੰਗ ਅਫਸਰ, ਸਹਾਇਕ ਰਿਵਾਈਜਿੰਗ ਅਫਸਰ ਦੇ ਦਫਤਰ ਜਾਂ ਆਪਣੇ ਹਲਕੇ ਦੇ ਪਟਵਾਰੀ ਪਾਸ ਜਮਾਂ ਕਰਵਾ ਸਕਦੇ ਹਨ। ਵੋਟਰਾਂ ਦੀ ਸਹੂਲਤ ਲਈ ਫਾਰਮ-1 ਜਿਲੇ ਦੀ ਵੈਬ ਸਾਈਟ www.ferozepur.nic.in ਤੇ ਵੀ ਉਪਲਬਧ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਧ ਤੋਂ ਵੱਧ ਕੇਸਧਾਰੀ ਸਿੱਖਾਂ ਨੂੰ ਫਾਰਮਾਂ ਰਾਹੀਂ ਆਪਣੀ ਵੋਟ ਬਣਾਉਣ ਅਤੇ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।