ਨੈੱਟਬਾਲ­, ਬੈਡਮਿੰਟਨ ਤੇ ਟੈਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਸ਼ਾਨੋਂ-ਸ਼ੌਕਤ ਨਾਲ ਸ਼ੁਰੂ

Advertisement
Spread information

ਰਘਬੀਰ ਹੈਪੀ, ਬਰਨਾਲਾ, 10 ਅਕਤੂਬਰ 2023


   ਸੂਬਾ ਸਰਕਾਰ ਵਲੋਂ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2023’ ਦੇ ਰਾਜ ਪੱਧਰੀ ਨੈੱਟਬਾਲ­, ਬੈਡਮਿੰਟਨ ਤੇ ਟੈਬਲ ਟੈਨਿਸ ਦੇ ਮੁਕਾਬਲੇ ਅੱਜ ਸ਼ਾਨੋਂ-ਸ਼ੌਕਤ ਨਾਲ ਸ਼ੁਰੂ ਹੋ ਗਏ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਆਗਾਜ਼ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਨੇ ਐੱਸ.ਡੀ ਕਾਲਜ ਬਰਨਾਲਾ ਵਿਖੇ ਖੇਡਾਂ ਦਾ ਝੰਡਾ ਚੜ੍ਹਾ ਕੇ ਕੀਤਾ।    ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਖੇਡ ਮੰਤਰੀ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਵਿੱਚ ਖੇਡਾਂ ਦਾ ਮਾਹੌਲ ਸਿਰਜਨ ਦੇ ਮੰਤਵ ਨਾਲ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦਾ ਇਸ ਵਾਰ ਦੂਜਾ ਪੜਾਅ ਚੱਲ ਰਿਹਾ ਹੈ ਜਿਸ ਤਹਿਤ ਬਰਨਾਲਾ ਵਿਖੇ ਨੈੱਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਦੇ ਸੂਬਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚ ਸੈਂਕੜੇ ਖਿਡਾਰੀ ਭਾਗ ਲੈ ਰਹੇ ਹਨ।    ਉਨ੍ਹਾਂ ਕਿਹਾ ਕਿ ਖੇਡਾਂ ਦੇ ਸਿਰਜੇ ਇਸ ਮਾਹੌਲ ਨਾਲ ਪੰਜਾਬ ਦੀ ਜਵਾਨੀ ਮੁੜ ਖੇਡਾਂ ਲਈ ਉਤਸ਼ਾਹਿਤ ਹੋਈ ਹੈ, ਜੋ ਸਾਡੇ ਸੂਬੇ ਲਈ ਚੰਗਾ ਸੁਨੇਹਾ ਹੈ। ਉਨ੍ਹਾਂ ਖਿਡਾਰੀਆਂ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉਤੇ ਹੋਈ ਪ੍ਰਾਪਤੀਆਂ ਅਤੇ ਖਿਡਾਰੀਆਂ ਵਲੋਂ ਜਿੱਤੇ ਮੈਡਲ ਸੂਬੇ ਦੇ ਹੋਰ ਖਿਡਾਰੀਆਂ ਨੂੰ ਵੀ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ।
     ਇਸ ਤੋਂ ਪਹਿਲਾਂ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਉਮੇਸ਼ਵਰੀ ਸ਼ਰਮਾ ਨੇ ਖਿਡਾਰੀਆਂ ਅਤੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ 10 ਤੋਂ 15 ਅਕਤੂਬਰ ਤੱਕ ਵੱਖ ਵੱਖ ਉਮਰ ਵਰਗ ’ਚ ਕਰਵਾਈਆਂ ਜਾ ਰਹੀਆਂ ਇਨ੍ਹਾਂ ਖੇਡਾਂ ’ਚ ਬਾਹਰੋਂ ਆਈਆਂ ਟੀਮਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
     ਉਨ੍ਹਾਂ ਦੱਸਿਆ ਕਿ  ਟੇੇਬਲ ਟੈਨਿਸ ਮੁਕਾਬਲੇ ਬਰਨਾਲਾ ਕਲੱਬ, ਬੈਡਮਿੰਟਨ ਦੇ ਮੁਕਾਬਲੇ ਐਲ ਬੀ ਐੱਸ ਕਾਲਜ ਵਿੱਚ ਤੇ ਨੈੱਟਬਾਲ ਦੇ ਮੁਕਾਬਲੇ ਐਸ ਡੀ ਕਾਲਜ ਵਿੱਚ ਸ਼ੁਰੂ ਹੋ ਗਏ ਹਨ। ਟੇਬਲ ਟੈਨਿਸ ਵਿੱਚ ਅੱਜ ਲੜਕੀਆਂ ਦੀਆਂ ਅੰਡਰ 14, 17 ਅਤੇ ਅੰਡਰ 21 ਵਿੱਚ ਵੱਖ ਵੱਖ ਜ਼ਿਲਿਆਂ ਦੀਆਂ ਟੀਮਾਂ ਨੇ ਭਾਗ ਲਿਆ। ਨੈੱਟਬਾਲ ਵਿੱਚ ਲੜਕਿਆਂ ਦੀਆਂ ਅੰ: 14 ਦੀਆਂ ਟੀਮਾਂ, ਅੰ: 17 ਦੀਆਂ ਟੀਮਾਂ, ਅੰ. 21 ਦੀਆਂ ਟੀਮਾਂ , 21—30 , 31—40 ਦੀਆਂ ਟੀਮਾਂ ਨੇ ਭਾਗ ਲਿਆ। ਬੈਡਮਿੰਟਨ  ਵਿੱਚ ਲੜਕੀਆਂ ਦੀਆਂ ਅੰ. 14, 17, ਅੰਡਰ 21, 21—30 ਅਤੇ 31—40 ੳਮਰ ਵਰਗ ਦੀਆਂ ਟੀਮਾਂ ਨੇ ਭਾਗ ਲਿਆ।
     ਇਸ ਮੌਕੇ ਨੈੱਟਬਾਲ ਦੇ ਕਨਵੀਨਰ ਪ੍ਰੋ. ਬਲਵਿੰਦਰ ਕੁਮਾਰ ਸ਼ਰਮਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਐਸ.ਡੀ.ਐਮ ਬਰਨਾਲਾ ਸ੍ਰੀ ਗੋਪਾਲ ਸਿੰਘ, ਐੱਸ.ਡੀ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਅਨੀਸ਼ ਪ੍ਰਕਾਸ਼, ਵਿੱਤ ਸਕੱਤਰ ਮੁਕੰਦ ਲਾਲ ਬਾਂਸਲ, ਸ੍ਰੀ ਗਗਨ ਸਿੰਗਲਾ­ ਪ੍ਰੋ. ਜਸਵਿੰਦਰ ਕੌਰ ਸਮੇਤ ਕੋਚ ਤੇ ਵੱਡੀ ਗਿਣਤੀ ਖਿਡਾਰੀ ਹਾਜ਼ਰ ਸਨ।

Advertisement
Advertisement
Advertisement
Advertisement
Advertisement
Advertisement
error: Content is protected !!