ਹਰਿੰਦਰ ਨਿੱਕਾ , ਬਰਨਾਲਾ 8 ਅਕਤੂਬਰ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭੋਲਾ ਸਿੰਘ ਵਿਰਕ, ਜੇ ਸੱਚਾ ਹੈ ਤਾਂ ਕਾਲਜ ਦੀਆਂ ਗਰਾਂਟਾਂ ‘ਚ ਹੋਏ ਕਥਿਤ ਘਪਲਿਆਂ ਦੀ ਚੱਲ ਰਹੀ ਜਾਂਚ ਤੋਂ ਆਖਿਰ ਭੱਜ ਕਿਉਂ ਰਿਹਾ ਹੈ ? ਇਹ ਸਵਾਲ ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਬੁਲਾਰਿਆਂ ਨੇ ਅੱਜ ਧਰਨੇ ਦੇ 52 ਵੇਂ ਦਿਨ ਪ੍ਰਮੁੱਖਤਾ ਨਾਲ ਉਭਾਰਿਆ। ਪ੍ਰਦਰਸ਼ਨਕਾਰੀਆਂ ਨੇ ਲੰਘੀ ਕੱਲ੍ਹ ਭੋਲਾ ਸਿੰਘ ਵਿਰਕ ਵੱਲੋਂ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਪਿੰਡ ਦੇ ਲੋਕਾਂ ਨੂੰ ਚਾਰ ਮਲੰਗ ਕਹਿ ਕੇ ਸੰਬੋਧਿਤ ਕਰਨ ਤੇ ਤਿੱਖਾ ਇਤਰਾਜ ਜਤਾਉਂਦਿਆਂ ਵਿਰਕ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਅਹਿਦ ਲਿਆ ਕਿ ਉਹ ਘਪਲੇਬਾਜਾਂ ਨੂੰ ਸਜਾਵਾਂ ਦਿਵਾਉਣ ਤੱਕ ਆਪਣਾ ਸੰਘਰਸ਼ ਨਿਰੰਤਰ, ਪੁਰਅਮਨ ਢੰਗ ਨਾਲ ਜ਼ਾਰੀ ਰੱਖਣਗੇ।
ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਰਾਏਸਰ ਦੇ ਆਗੂ ਗੁਰਪ੍ਰੀਤ ਸਿੰਘ ਨੇ ਭੋਲਾ ਸਿੰਘ ਵਿਰਕ ਤੇ ਤੰਜ ਕਸਦਿਆਂ ਕਿਹਾ ਕਿ ਸੰਘੇੜਾ ਕਾਲਜ ਦੀ ਪ੍ਰਬੰਧਕ ਕਮੇਟੀ, ਦੁਨੀਆਂ ਦੀ ਅਜਿਹੀ ਪਹਿਲੀ ਸੰਸਥਾ ਹੋਵੇਗੀ, ਜਿੱਥੇ ਹਰ ਪੰਜ ਸਾਲ ਬਾਅਦ ਭੋਲਾ ਸਿੰਘ ਵਿਰਕ ਖੁਦ ਆਪਣੇ ਆਪ ਨੂੰ ਪ੍ਰਧਾਨ ਥਾਪ ਕੇ ਆਪਣੇ ਚਹੇਤਿਆਂ ਨੂੰ ਟਰੱਸਟ ਅਤੇ ਕਾਲਜ ਕਮੇਟੀ ਦੇ ਮੈਂਬਰ ਬਣਾ ਲੈਂਦਾ ਹੈ। ਉਨ੍ਹਾਂ ਕਿਹਾ ਕਿ ਇਹ ਵਰਤਾਰਾ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਇਸੇ ਤਰਾਂ ਹੀ ਚੱਲਦਾ ਆ ਰਿਹਾ ਹੈ । ਉਨ੍ਹਾਂ ਭੋਲਾ ਸਿੰਘ ਵਿਰਕ ਤੇ ਕਾਲਜ ਦੇ ਵਿੱਤੀ ਸਾਧਨਾਂ ਦੀ ਲੁੱਟ-ਘਸੁੱਟ ਦਾ ਦੋਸ਼ ਵੀ ਲਾਇਆ।
ਕਾਲਜ ਬਚਾਓ ਸੰਘਰਸ਼ ਕਮੇਟੀ ਦੇ ਮੋਹਰੀ ਮੈਂਬਰ ਜਸਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਪਿੰਡ ਵਾਸੀਆਂ ਵੱਲੋਂ RTI ਰਾਹੀਂ ਪ੍ਰਾਪਤ ਹੋਈ ਸੂਚਨਾ ਦੇ ਅਧਾਰ ਤੇ ਗ੍ਰਾਂਟਾਂ ਵਿੱਚ ਹੋਏ ਘਪਲਿਆਂ ਦਾ ਪਰਦਾਫਾਸ਼ ਕੀਤਾ ਤਾਂ ਮਾਮਲਾ ਹੋਰ ਗਰਮਾ ਗਿਆ । ਪਿੰਡ ਵਾਸੀਆਂ ਵੱਲੋਂ ਕਾਲਜ਼ ਪ੍ਰਧਾਨ ਤੋਂ ਪਿੱਛਲੇ 20 ਸਾਲ ਦਾ ਹਿਸਾਬ ਕਿਤਾਬ ਦੇਣ ਦੀ ਗੱਲ ਵੀ ਚਲਾਈ ਗਈ । ਪ੍ਰੰਤੂ ਕਾਲਜ ਪ੍ਰਧਾਨ ਆਨੇ-ਬਹਾਨੇ ਗੱਲ ਨੂੰ ਟਾਲਦਾ ਰਿਹਾ। ਆਖਿਰ ਘਪਲਿਆਂ ਦੀ ਜਾਂਚ ਕਰਵਾਉਣ ਲਈ ਪਿੰਡ ਵਾਸੀਆਂ ਵੱਲੋਂ ਕਾਲਜ ਬਚਾਉ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਕਾਲਜ ਦੇ ਗੇਟ ਅੱਗੇ ਪੱਕਾ ਧਰਨਾ ਲਾਉਣ ਨੂੰ ਮਜਬੂਰ ਹੋਣਾ ਪਿਆ ਹੈ । ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਪਿੰਡ ਵਾਸੀ ਪ੍ਰਸ਼ਾਸਨ ਤੋਂ ਲਗਾਤਾਰ ਜਾਂਚ ਦੀ ਮੰਗ ਕਰ ਰਹੇ ਹਨ।
ਉਨਾਂ ਕਿਹਾ ਕਿ ਪਿੰਡ ਸੰਘੇੜਾ ਦੇ ਸੰਘਰਸ਼ਸ਼ੀਲ ਲੋਕਾਂ ਨੇ ਅਖੌਤੀ ਸਮਾਜ-ਸੇਵੀ ਦਾ ਮਖੌਟਾ ਲਾਹ ਕੇ ਲੋਕਾਂ ਸਾਹਮਣੇ ਨੰਗਾ ਕਰ ਦਿੱਤਾ ਹੈ। ਉਨਾਂ ਵਿਰਕ ਦੀ ਇਮਾਨਦਾਰੀ ਤੇ ਉੱਗਲ ਧਰਦਿਆਂ ਕਿਹਾ ਕਿ ਲੋਕਾਂ ਨੂੰ ਹਿਸਾਬ ਦੇਣ ਦੀਆਂ ਗੱਲਾਂ ਕਰਕੇ, ਗੁੰਮਰਾਹ ਕਰਨ ਦੀ ਪੋਲ ਉਦੋਂ ਪੋਲ ਖੁੱਲ੍ਹ ਗਈ,ਜਦੋਂ ਐਸ.ਡੀ.ਐਮ ਸਾਹਿਬ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਬਜਾਏ, ਉਸ ਨੇ ਜਾਂਚ ਨੂੰ ਰੋਕਣ ਲਈ ਮਾਣਯੋਗ ਹਾਈਕੋਰਟ ਦਾ ਰੁਖ ਕਰ ਲਿਆ ‘ਤੇ ਗਲਤ ਤੱਥ ਪੇਸ਼ ਕਰਕੇ ਹਾਈਕੋਰਟ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ 28 ਸਤੰਬਰ ਨੂੰ ਵਕੀਲਾਂ ਦੀ ਹੜਤਾਲ ਹੋਣ ਕਾਰਨ ਸੁਣਵਾਈ ਨਹੀਂ ਹੋਈ ਅਤੇ 28 ਨਵੰਬਰ ਨੂੰ ਸੁਣਵਾਈ ਲਈ ਤਾਰੀਖ ਮੁਕਰਰ ਕੀਤੀ ਗਈ ਹੈ। ਜਿਸ ਕਾਰਣ ਭੋਲਾ ਵਿਰਕ ਘਪਲੇ-ਗਬਨਾਂ ਦੇ ਉਜਾਗਰ ਹੋ ਜਾਣ ਦੇ ਡਰੋਂ ਬੁਖਲਾਹਟ ਵਿੱਚ ਆ ਗਿਆ ਹੈ। ਵਿਰਕ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਜੇਕਰ ਪਿਛਲੇ 20 ਸਾਲਾਂ ਦੇ ਰਿਕਾਰਡ ਦੀ ਜਾਂਚ ਅਤੇ ਵਿੱਤੀ ਹਿਸਾਬ ਕਿਤਾਬ ਦਾ ਆਡਿਟ ਨਿਰਪੱਖ ਢੰਗ ਨਾਲ ਹੋ ਗਿਆ ਤਾਂ ਵਿਰਕ ਦੁਆਰਾ ਕਥਿਤ ਤੌਰ ਤੇ ਕੀਤੇ ਗਏ ਕਰੋੜਾਂ ਰੁਪਏ ਦ। ਹੋਰ ਘਪਲੇ-ਘੁਟਾਲੇ ਵੀ ਸਾਹਮਣੇ ਆ ਜਾਣਗੇ। ਉਨਾਂ ਕਿਹਾ ਕਿ ਇਸ ਤੋਂ ਬਚਾਅ ਲਈ ਹੀ ਕਰਕੇ ਭੋਲਾ ਵਿਰਕ , ਐਸ.ਡੀ.ਐਮ ਬਰਨਾਲਾ ਦੀ ਜਾਂਚ ਤੇ ਸਵਾਲ ਚੁੱਕ ਰਿਹਾ ਹੈ।
ਬੀ. ਕੇ. ਯੂ. ਡਕੌਂਦਾ ਦੇ ਆਗੂ ਮੇਜਰ ਸਿੰਘ ਅਤੇ ਬੀ.ਕੇ.ਯੂ ਉਗਰਾਹਾਂ ਦੇ ਆਗੂ ਰਾਮ ਸਿੰਘ ਕਲੇਰ ਨੇ ਕਿਹਾ ਕਿ ਹੁਣ ਚਿੱਟੇ ਦਿਨ ਵਾਂਗ ਸਾਫ ਜਾਹਿਰ ਹੋ ਚੁੱਕਾ ਹੈ ਕਿ ਭੋਲਾ ਵਿਰਕ ਪਿੰਡ ਵਾਸੀਆ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਭੋਲਾ ਵਿਰਕ ਬਨਾਮ ਸਰਕਾਰ ਪੇਸ਼ ਕਰਕੇ ਵਿਰੋਧੀ ਧਿਰਾਂ ਦੀ ਸ਼ਰਨ ਲੈਣ ਦੀ ਤਾਕ ਵਿੱਚ ਹੈ। ਪ੍ਰਦਰਸ਼ਨਕਾਰੀਆਂ ਨੇ ਮੰਚ ਤੋਂ ਸਮੂਹ ਰਾਜਨੀਤਿਕ ਧਿਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਭੋਲਾ ਵਿਰਕ ਜਾਂਚ ਦੇ ਡਰੋਂ । ਭ੍ਰਿਸ਼ਟਾਚਾਰ ਅਤੇ ਬੇਨਯਿਮੀਆਂ ਦੇ ਮਸਲੇ ਨੂੰ ਰਾਜਨੀਤਿਕ ਰੰਗਤ ਦੇਣਾ ਚਾਹੁੰਦਾ ਹੈ ਇਸ ਲਈ ਉਹ ਵਿਰਕ ਦਾ ਸਾਥ ਨਾ ਦੇਣ। ਇਸ ਮੌਕੇ ਤੇ ਮਲਕੀਤ ਸਿੰਘ ਗੋਧਾ,ਵਿਧੀ ਸਿੰਘ ਦੁਸਾਂਝ, ਗੁਲਾਬ ਸਿੰਘ ਮੋਗੜ ਆਦਿ ਨੇ ਵੀ ਰੋਸ ਧਰਨੇ ਨੂੰ ਸੰਬੋਧਨ ਕੀਤਾ।