ਬਿੱਟੂ ਜਲਾਲਾਬਾਦੀ,ਫਾਜ਼ਿਲਕਾ, 01 ਅਕਤੂਬਰ 2023
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹੇ ਭਰ ਵਿਚ ‘ਸਵੱਛਤਾ ਹੀ ਸੇਵਾ’ ਅਧੀਨ ‘ਇੱਕ ਤਾਰੀਖ ਇੱਕ ਘੰਟਾ’ ਪ੍ਰੋਗਰਾਮ ਚਲਾਇਆ ਗਿਆ। ਇਸ ਪ੍ਰੋਗਰਾਮ ਤਹਿਤ ਅੱਜ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੇ ਵੱਖ-ਵੱਖ 291 ਪਿੰਡਾਂ ਵਿੱਚ ਜਨਤਕ ਥਾਵਾਂ ’ਤੇ ਸਾਫ-ਸਫਾਈ ਕਰਨ ਸਬੰਧੀ ਮੁਹਿੰਮ ਚਲਾਈ ਗਈ।
ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਫ਼ਾਜ਼ਿਲਕਾ ਧਰਮਿੰਦਰ ਸਿੰਘ ਤੇ ਕਾਰਜਕਾਰੀ ਇੰਜੀਨੀਅਰ ਅਬੋਹਰ ਅੰਮ੍ਰਿਤਦੀਪ ਸਿੰਘ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਤਹਿਤ ਪਿੰਡ ਪੱਧਰ ’ਤੇ ਸ਼ੋਸਲ ਸਟਾਫ ਨਿਯੁਕਤ ਕੀਤਾ ਗਿਆ। ਇਹਨਾਂ ਵੱਲੋਂ ਪਿੰਡ ਵਾਸੀਆਂ ਨੂੰ ਸਾਫ-ਸਫਾਈ ਸਬੰਧੀ ਪ੍ਰੇਰਿਤ ਕੀਤਾ ਗਿਆ ਅਤੇ ਸਬੰਧਤ ਗ੍ਰਾਮ ਪੰਚਾਇਤ ਅਤੇ ਹੋਰ ਸੂਝਵਾਨ ਵਿਅਕਤੀਆਂ ਦੇ ਸਹਿਯੋਗ ਨਾਲ ਪਿੰਡਾਂ ਵਿੱਚ ਬਣੀਆ ਧਰਮਸ਼ਾਲਾਵਾਂ, ਪੰਚਾਇਤ ਘਰਾਂ,ਗੁਰੂਦੁਆਰਾ ਸਾਹਿਬ, ਵਾਟਰ ਵਰਕਸ ਅਤੇ ਹੋਰ ਜਨਤਕ ਥਾਵਾਂ ਉਪਰ ਸਾਫ-ਸਫਾਈ ਕਰਵਾਈ ਗਈ ਹੈ। ਇਸ ਮੁਹਿੰਮ ਵਿਚ ਲੋਕਾਂ ਦਾ ਪੂਰਾ ਸਹਿਯੋਗ ਮਿਲਿਆ।
ਇਸ ਮੌਕੇ ਸੋਸ਼ਲ ਸੈੱਲ ਦੇ ਆਈਈਸੀ ਪੂਨਮ ਧੂੜੀਆ ਤੇ ਸੁਖਜਿੰਦਰ ਸਿੰਘ ਢਿੱਲੋਂ ਅਬੋਹਰ ਨੇ ਦੱਸਿਆ ਕਿ ‘ਸਵੱਛਤਾ ਹੀ ਸੇਵਾ’ ਅਧੀਨ ‘ਇੱਕ ਤਾਰੀਖ ਇੱਕ ਘੰਟਾ’ ਮੁਹਿੰਮ ਸਵੇਰੇ 10:00 ਵਜੇ ਤੋਂ ਲੈ ਕੇ 11:00 ਵਜੇ ਤੱਕ ਚਲਾਈ ਗਈ ਹੈ। ਇਸ ਸਮੇਂ ਦੌਰਾਨ ਫੀਲਡ ਸਟਾਫ ਵੱਲੋਂ ਪਿੰਡ ਵਿੱਚ ਜਨਤਕ ਥਾਵਾਂ ਦੀ ਸਾਫ-ਸਫਾਈ ਤੋਂ ਪਹਿਲਾਂ ਫੈਲੇ ਕੂੜਾ ਕਰਕਟ ਦੀ ਫੋਟੋ ਅਤੇ ਸਾਫ ਸਫਾਈ ਕਰਨ ਬਾਅਦ ਤੋਂ ਸਾਫ ਸੁਥਰੀ ਜਗਾ ਦੀ ਫੋਟੋ ਖਿੱਚੀ ਗਈ ਹੈ ਅਤੇ ਇਹਨਾਂ ਫੋਟੋਆਂ ਨੂੰ ਵਿਭਾਗ ਵੱਲੋਂ ਜਾਰੀ ਪੋਰਟਲ ਉਪਰ ਅਪਲੋਡ ਕੀਤਾ ਗਿਆ।
ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪਿੰਡਾਂ ਵਿਚ ਸਾਫ ਸਫਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸੋਲਿਡ ਵੇਸਟ ਮੈਨੇਜਮੈਂਟ ਤੇ ਗੰਦੇ ਪਾਣੀ ਦੇ ਪ੍ਰਬੰਧਨ ਅਧੀਨ ਪ੍ਰੋਜੈਕਟ ਚਲਾਏ ਜਾ ਰਹੇ ਹਨ ਅਤੇ ਇਨਾਂ ਪ੍ਰੋਜੈਕਟਾਂ ਅਧੀਨ ਕਈ ਪਿੰਡਾਂ ਵਿੱਚ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਕਈ ਪਿੰਡਾਂ ਵਿੱਚ ਕੰਮ ਪ੍ਰਗਤੀ ਅਧੀਨ ਹੈ। ਅੱਜ ਦੇ ਪ੍ਰੋਗਰਾਮ ਵਿੱਚ ਜਿਲ੍ਹੇ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਮੂਹ ਫੀਲਡ ਸਟਾਫ ਦਾ ਵੱਡਾ ਯੋਗਦਾਨ ਰਿਹਾ।