ਹਰਿੰਦਰ ਨਿੱਕਾ , ਪਟਿਆਲਾ 29 ਸਤੰਬਰ 2023
ਉਹ ਗੁਆਂਢਣ ਕੁੜੀ ਨੂੰ ਕਹਿੰਦਾ ਜੇ ਤੂੰ ਵਿਆਹ ਨਾ ਕਰਵਾਇਆ ਤਾਂ ਆਤਮਹੱਤਿਆ ਕਰ ਲਵੇਗਾ। ਇਸ ਤਰਾਂ ਡਰ ਦਿਖਾ ਕੇ ਸੁਨੀਲ ਕੁਮਾਰ ,ਕੁੜੀ ਨੂੰ ਉਸ ਦੇ ਘਰੋਂ ਲੈ ਗਿਆ । ਕਿਸੇ ਤਰਾਂ ਬਚ ਬਚਾਅ ਕਰਕੇ ਕੁੜੀ ਆਪਣੇ ਘਰ ਪਹੁੰਚੀ ਅਤੇ ਘਟਨਾਕ੍ਰਮ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਨਾਮਜ਼ਦ ਦੋਸ਼ੀ ਦੇ ਖਿਲਾਫ ਜਬਰ ਜਿਨਾਹ ਦੇ ਜ਼ੁਰਮ ਵਿੱਚ ਕੇਸ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ । ਥਾਣਾ ਪਸਿਆਣਾ ਅਧੀਨ ਪੈਂਦੇ ਇੱਕ ਪਿੰਡ ‘ਚ ਰਹਿੰਦੀ ਕੁੜੀ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਲਿਖਾਇਆ ਕਿ ਨਾਮਜ਼ਦ ਦੋਸ਼ੀ ਸੁਨੀਲ, ਮੁਦੈਲਾ ਦਾ ਗੁਆਢੀ ਸੀ। ਜਿਸ ਕਾਰਨ ਮੁਦੈਲਾ ਦੇ ਪਰਿਵਾਰ ਨਾਲ ਨਾਮਜ਼ਦ ਦੋਸ਼ੀ ਦੇ ਪਰਿਵਾਰ ਨਾਲ ਪਰਿਵਾਰਿਕ ਸਬੰਧ ਸਨ। ਕਰੀਬ ਦੋ ਹਫਤੇ ਪਹਿਲਾਂ ਸੁਨੀਲ ਕੁਮਾਰ , ਮੁਦੈਲਾ ਦੇ ਘਰ ਵਿੱਚ ਆਇਆ ‘ਤੇ ਉਦੋਂ ਘਰ ਵਿੱਚ ਹੋਰ ਕੋਈ ਨਹੀ ਸੀ । ਸੁਨੀਲ ,ਮੁਦੈਲਾ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ । ਪਰੰਤੂ ਮੁਦੈਲਾ ਨੇ ਦੋਸ਼ੀ ਨੂੰ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਜਿਸ ਕਾਰਨ ਸੁਨੀਲ ਨੇ ਮੁਦੈਲਾ ਨੂੰ ਧਮਕੀ ਦਿੱਤੀ ਕਿ ਉਹ, ਉਸ ਦਾ ਨਾਮ ਲੈ ਕੇ ਆਤਮ ਹੱਤਿਆ ਕਰ ਲਵੇਗਾ। ਅਜਿਹੀਆਂ ਧਮਕੀਆਂ ਦੇਣ ਤੋਂ ਦੋ ਦਿਨ ਬਾਅਦ ਦੋਸ਼ੀ, ਮੁਦੈਲਾ ਨੂੰ ਉਸ ਦੀ ਭੈਣ ਕੋਲ ਪਟਿਆਲਾ ਛੱਡਣ ਦਾ ਬਹਾਨਾ ਲਗਾ ਕੇ ਆਪਣੇ ਨਾਲ ਲੈ ਗਿਆ। ਸੁਨੀਲ ,ਉਸ ਨੂੰ ਭੈਣ ਕੋਲ ਛੱਡਣ ਦੀ ਥਾਂ ਕੁੱਲੂ – ਮਨਾਲੀ ਲੈ ਗਿਆ। ਜਿੱਥੇ ਦੋਸ਼ੀ ਨੇ ਮੁਦੈਲਾ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ । ਪੁਲਿਸ ਨੇ ਪੀੜਤ ਕੁੜੀ ਦੇ ਉਕਤ ਬਿਆਨ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਸੁਨੀਲ ਦੇ ਖਿਲਾਫ ਥਾਣਾ ਪਸਿਆਣਾ ਵਿਖੇ ਅਧੀਨ ਜੁਰਮ 376/506 ਆਈਪੀਸੀ ਦੇ ਤਹਿਤ ਕੇਸ ਦਰਜ਼ ਕਰਕੇ,ਮੁਕੱਦਮੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ।