ਅਸ਼ੋਕ ਵਰਮਾ,ਬਠਿੰਡਾ, 28 ਸਤੰਬਰ 2023
ਭਾਜਪਾ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਦੇ ਮਾਡਲ ਟਾਊਨ ਵਿੱਚ ਨਿਯਮਾਂ ਦੀ ਕਥਿਤ ਤੌਰ ਤੇ ਉਲੰਘਣਾ ਕਰਕੇ ਖਰੀਦਣ ਦੇ ਮਾਮਲੇ ਵਿੱਚ ਗ੍ਰਿਫਤਾਰ ਤਿੰਨ ਮੁਲਜ਼ਮਾਂ ਦਾ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਤਿੰਨ ਦਿਨਾਂ ਦੇ ਰਿਮਾਂਡ ਤੇ ਚੱਲ ਰਹੇ ਸਨ ਜਿਨ੍ਹਾਂ ਨੂੰ ਅੱਜ ਵਿਜੀਲੈਂਸ ਨੇ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ । ਵਿਜੀਲੈਂਸ ਨੇ ਅਦਾਲਤ ਕੋਲ ਦਲੀਲ ਦਿੱਤੀ ਕਿ ਮੁਲਜ਼ਮਾਂ ਕੋਲੋਂ ਮਾਮਲੇ ਦੀ ਪੜਤਾਲ ਦੌਰਾਨ ਕੰਪਿਊਟਰ ਸਮੇਤ ਹੋਰ ਸਾਮਾਨ ਬਰਾਮਦ ਕਰਵਾਉਣਾ ਬਾਕੀ ਹੈ।
ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਮੁਲਜ਼ਮਾਂ ਦਾ ਅਦਾਲਤ ’ਚੋਂ ਚਾਰ ਦਿਨ ਦਾ ਰਿਮਾਂਡ ਮੰਗਿਆ ਸੀ ਪਰ ਦੋ ਦੀਨ ਦੇ ਰਿਮਾਂਡ ਦੀ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਦੌਰਾਨ ਜਾਂਚ ਟੀਮਾਂ ਵੱਲੋਂ ਪਲਾਟ ਦੀ ਖਰੀਦੋ ਫਰੋਖਤ ਨਾਲ ਜੁੜੇ ਵੱਖ ਵੱਖ ਪਹਿਲੂਆਂ ਸਬੰਧੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਬੋਲੀ ਦੇਣ ਲਈ ਵਰਤੇ ਗਏ ਕੰਪਿਊਟਰ ਬਾਰੇ ਪੁੱਛਗਿੱਛ ਕੀਤੀ ਸੀ ਪਰ ਉਨਾਂ ਨੇ ਇਹ ਕੰਪਿਊਟਰ ਕਿਸੇ ਹੋਰ ਜਗ੍ਹਾ ਹੋਣ ਬਾਰੇ ਜਾਣਕਾਰੀ ਦਿੱਤੀ ਹੈ ਜੋ ਹੁਣ ਬਰਾਮਦ ਕਰਵਾਉਣਾ ਹੈ। ਇਸ ਮਾਮਲੇ ਚ ਕਿਸੇ ਹੋਰ ਦੀ ਸ਼ਮੂਲੀਅਤ ਸਬੰਧੀ ਡੀਐਸਪੀ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਅਤੇ ਜੋ ਤੱਥ ਸਾਹਮਣੇ ਆਏ ਉਨ੍ਹਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਦੱਸਣ ਯੋਗ ਹੈ ਕਿ ਵਿਜੀਲੈਂਸ ਨੇ ਦੋ ਪਲਾਟ ਖਰੀਦਣ ਦੇ ਮਾਮਲੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਠਿੰਡਾ ਵਿਕਾਸ ਅਥਾਰਟੀ ਦੇ ਤੱਤਕਾਲੀ ਪ੍ਰਸ਼ਾਸਕ ਬਿਕਰਮ ਸਿੰਘ ਸ਼ੇਰਗਿੱਲ, ਬਠਿੰਡਾ ਵਿਕਾਸ ਅਥਾਰਟੀ ਦੇ ਸੁਪਰਡੈਂਟ ਪੰਕਜ਼ ਕਾਲੀਆ ,ਸ਼ਹਿਰ ਦੇ ਨਾਮੀ ਹੋਟਲ ਦੇ ਮਾਲਕ ਰਾਜੀਵ ਕੁਮਾਰ, ਵਿਕਾਸ ਕੁਮਾਰ ਤੇ ਸ਼ਰਾਬ ਦੇ ਇੱਕ ਵਪਾਰੀ ਦੇ ਮੁਲਾਜ਼ਮ ਅਮਨਦੀਪ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਧਾਰਾ 409, 420, 467, 468, 471, 120 5ਬੀ, 66 ਸੀ ਆਈ ਟੀਮ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਸੀ । ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਵੱਲੋਂ ਮਨਪ੍ਰੀਤ ਸਿੰਘ ਬਾਦਲ ਖਿਲਾਫ ਦਰਜ ਕਰਵਾਈ ਗਈ ਸ਼ਿਕਾਇਤ ਤੇ ਵਿਜੀਲੈਂਸ ਨੇ ਇਹ ਕਾਰਵਾਈ ਕੀਤੀ ਹੈ।
ਦੂਜੇ ਪਾਸੇ ਇਸ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਗਾਤਾਰ ਫਰਾਰ ਚੱਲ ਰਹੇ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਪਰ ਅਜੇ ਤੱਕ ਉਹਨਾਂ ਨੂੰ ਸਫਲਤਾ ਨਹੀਂ ਮਿਲ ਸਕੀ ਹੈ। ਵਿਜੀਲੈਂਸ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਲਈ ਦਿਨ ਰਾਤ ਇੱਕ ਕਰ ਰਹੀ ਹੈ ਜਿਸ ਲਈ ਪੰਜਾਬ ਪੁਲਿਸ ਦੇ ਨਾਲ ਨਾਲ ਵੱਖ ਵੱਖ ਏਜੰਸੀਆਂ ਦੀ ਸਹਾਇਤਾ ਵੀ ਲਈ ਜਾ ਰਹੀ ਹੈ । ਸੂਤਰਾਂ ਅਨੁਸਾਰ ਅੱਜ ਵਿਜੀਲੈਂਸ ਨੂੰ ਸਾਬਕਾ ਵਿੱਤ ਮੰਤਰੀ ਦੇ ਇੱਕ ਮਹਿੰਗੀ ਗੱਡੀ ਵਿੱਚ ਬੈਠਕੇ ਬਠਿੰਡਾ ਵੱਲ ਆਉਣ ਸਬੰਧੀ ਸੂਹ ਮਿਲੀ ਸੀ ਪਰ ਜਦੋਂ ਉਸ ਗੱਡੀ ਦੀ ਪੜਤਾਲ ਕੀਤੀ ਤਾਂ ਉਹ ਵਿਅਕਤੀ ਮਨਪ੍ਰੀਤ ਸਿੰਘ ਬਾਦਲ ਵਰਗਾ ਨਜ਼ਰ ਆਉਂਦਾ ਸੀ ਪਰ ਉਹ ਕੋਈ ਹੋਰ ਸੀ। ਇਸ ਕੇਸ ਵਿੱਚ ਨਾਮਜਦ ਬਿਕਰਮਜੀਤ ਸਿੰਘ ਸ਼ੇਰ ਗਿੱਲ ਅਤੇ ਬੀਡੀਏ ਦੇ ਸੁਪਰਡੈਂਟ ਪੰਕਜ ਕਾਲੀਆ ਨੂੰ ਵੀ ਹਾਲੇ ਤੱਕ ਕਾਬੂ ਨਹੀਂ ਕੀਤਾ ਜਾ ਸਕਿਆ ਹੈ। ਕਾਨੂੰਨੀ ਪੱਖ ਦੇਖਾਂਗੇ :ਐਡਵੋਕੇਟ
ਇਸ ਮਾਮਲੇ ਦੀ ਪੈਰਵਾਈ ਕਰ ਰਹੇ ਮਨਪ੍ਰੀਤ ਸਿੰਘ ਬਾਦਲ ਦੇ ਵਕੀਲ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਦਾ ਕਹਿਣਾ ਸੀ ਕਿ ਵਿਜੀਲੈਂਸ ਨੇ ਪਹਿਲਾਂ ਵੀ ਬਰਾਮਦਗੀ ਕਰਵਾਉਣ ਦੇ ਨਾਂਅ ’ਤੇ ਪੁਲਿਸ ਰਿਮਾਂਡ ਮੰਗਿਆ ਸੀ ਤੇ ਉਸੇ ਆਧਾਰ ’ਤੇ ਮੰਗ ਕੀਤੀ ਸੀ। ਉਨਾਂ ਦੱਸਿਆ ਕਿ ਮਨਪ੍ਰੀਤ ਸਿੰਘ ਬਾਦਲ ਦੀ ਜ਼ਮਾਨਤ ਸਬੰਧੀ ਵੱਖ-ਵੱਖ ਕਾਨੂੰਨੀ ਪਹਿਲੂਆਂ ਤੇ ਵਿਚਾਰ ਕਰਨ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਏਗਾ। ਉਨਾਂ ਦੱਸਿਆ ਕਿ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜਮਾਨਤ ਦੀ ਅਰਜੀ ਲਾਉਣੀ ਕਿੱਥੇ ਹੈ।