ਅਸ਼ੋਕ ਵਰਮਾ,ਬਠਿੰਡਾ, 28 ਸਤੰਬਰ 2023
ਬਠਿੰਡਾ ਪੁਲਿਸ ਦੇ ਐਂਟੀਨਾਰਕੋਟਿਕ ਸੈਲ ਨੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ੇ ਵਿੱਚੋਂ ਲਗਭੱਗ ਇੱਕ ਲੱਖ ਗੋਲੀਆਂ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਹੁਣ ਇਨਾਂ ਨਸ਼ਾ ਤਸਕਰਾਂ ਦੇ ਨੈਟਵਰਕ ਦਾ ਪਤਾ ਲਾਉਣ ਵਿੱਚ ਜੁੱਟ ਗਈ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਇਹਨਾਂ ਤਸਕਰਾਂ ਵਿੱਚੋਂ ਤਿੰਨ ਚੜਦੀ ਉਮਰ ਦੇ ਹਨ ਜਦੋਂ ਕਿ ਇੱਕ ਦੀ ਉਮਰ ਕੁਝ ਇਹਨਾਂ ਨਾਲੋਂ ਜਿਆਦਾ ਹੈ। ਸੀਨੀਅਰ ਕਪਤਾਨ ਪੁਲਿਸ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਅਤੇ ਨਸ਼ੇ ਦੀਆਂ ਵਸਤਾਂ ਫੜਨ ਵਾਲੀ ਪੁਲਿਸ ਪਾਰਟੀ ਦੀ ਪਿੱਠ ਵੀ ਥਾਪੜੀ।
ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਐਸਪੀ ਡੀ ਅਜੇ ਗਾਂਧੀ ਦੀ ਅਗਵਾਈ ਹੇਠ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਂਟੀ ਨਾਰਕੋਟਿਕ ਸੈਲ ਬਠਿੰਡਾ ਦੇ ਇੰਚਾਰਜ ਸਬ ਇੰਸਪੈਕਟਰ ਜਗਰੂਪ ਸਿੰਘ ਬਠਿੰਡਾ ਨੇ ਬਰਨਾਲਾ ਸੜਕ ਤੇ ਪਿੰਡ ਜੇਠੂਕੇ ਕੋਲ ਗਸ਼ਤ ਦੌਰਾਨ ਅਨਿੱਲ ਕੁਮਾਰ ਪੁੱਤਰ ਬਲਵਾਨ ਸਿੰਘ, ਅਮਿਤ ਕੁਮਾਰ ਦੇਸਵਾਲ ਪੁੱਤਰ ਬਜਿੰਦਰ ਸਿੰਘ ਵਾਸੀਆਨ ਬਹਾਦਰਗੜ੍ਹ ਅਤੇ ਸੁਨੀਲ ਕੁਮਾਰ ਪੁੱਤਰ ਦੀਪ ਚੰਦ ਸ਼ਰਮਾ ਵਾਸੀ ਨਗੂਰਣ ਜਿਲ੍ਹਾ ਜੀਂਦ ਹਾਲ ਵਾਸੀ ਕੁੰਵਰ ਸਿੰਘ ਨਗਰ ਨਗਲੋਈ ਦਿੱਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵੱਖ-ਵੱਖ ਮਾਰਕਿਆਂ ਦੀਆਂ ਨਸ਼ੇ ਵਾਲੀਆਂ ਸ਼ੀਸ਼ੀਆਂ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਉਨਾਂ ਦੱਸਿਆ ਕਿ ਇਸ ਸੰਬੰਧ ਵਿੱਚ ਥਾਣਾ ਸਦਰ ਰਾਮਪੁਰਾ ਵਿਖੇ ਧਾਰਾ 22ਸੀ/ 61/ 85 ਐੱਨ.ਡੀ.ਪੀ.ਐੱਸ ਐਕਟ ਤਹਿਤ ਕਹਤ ਦਰਜ ਕੀਤਾ ਗਿਆ ਸੀ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਲਏ ਤਿੰਨ ਦਿਨ ਦੇ ਰਿਮਾਂਡ ਦੌਰਾਨ ਅਨਿੱਲ ਕੁਮਾਰ ਨੇ ਮੰਨਿਆ ਕਿ ਫੜੀਆਂ ਗਈਆਂ ਇਹ ਨਸ਼ੀਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਦੀ ਡਿਲੀਵਰੀ ਉਹਨਾਂ ਨੇ ਨਵੀਂ ਦਿੱਲੀ ਦੇ ਗੁਰਵਿੰਦਰ ਦਈਆ ਨਾਮ ਦੇ ਵਿਅਕਤੀ ਕੋਲੋਂ ਲਈ ਹੈ। ਉਨ੍ਹਾਂ ਦੱਸਿਆ ਕਿ ਅਨਿੱਲ ਕੁਮਾਰ ਦੀ ਨਿਸ਼ਾਨਦੇਹੀ ਤੇ ਸੈਕਟਰ 5 ਇੰਡਸਟਰੀਅਲ ਏਰੀਆ ਬਬਾਨਾ ਨਵੀਂ ਦਿੱਲੀ ਵਿਖੇ ਸਵਿਫਟ ਡਿਜ਼ਾਇਰ ਕਾਰ ਵਿੱਚੋਂ ਗੁਰਵਿੰਦਰ ਸਿੰਘ ਦਈਆ ਨੂੰ ਕਾਬੂ ਕਰਕੇ ਗੋਲੀਆਂ ਦਾ ਵੱਡਾ ਭੰਡਾਰ ਬਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਨੇ ਨਸ਼ਿਆਂ ਖਿਲਾਫ ਆਪਣੀ ਮੁਹਿੰਮ ਦੌਰਾਨ ਇਸ ਅਪਰੇਸ਼ਨ ਤਹਿਤ 97500 ਨਸ਼ੀਲੀਆਂ ਗੋਲੀਆਂ , 665 ਨਸ਼ੀਲੀਆਂ ਸ਼ੀਸ਼ੀਆਂ ਅਤੇ 2400 ਨਸ਼ੀਲੇ ਇੰਜੈਕਸ਼ਨ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਗੁਰਵਿੰਦਰ ਦਈਆ ਖਿਲਾਫ ਥਾਣਾ ਕਜਾਲਾ ਦਿੱਲੀ ਵਿਖੇ ਇੱਕ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਅਨਿੱਲ ਕੁਮਾਰ ( 36 ) ਸਟਰਿੰਗ ਦਾ ਕੰਮ ਕਰਦਾ ਹੈ ਜਦੋਂ ਕਿ ਅਮਿਤ ਕੁਮਾਰ ਦੇਸਵਾਲ (31)ਵਿਹਲੜ ਹੈ ਸੁਨੀਲ ਕੁਮਾਰ (41) ਢਾਬਾ ਚਲਾਉਂਦਾ ਹੈ ਅਤੇ ਗੁਰਵਿੰਦਰ ਦਈਆ ( 28) ਦੀ ਮੈਡੀਕਲ ਫਰਮ ਹੈ। ਉਨਾਂ ਦੱਸਿਆ ਕਿ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਇਸ ਤਾਣੇ ਬਾਣੇ ਨੂੰ ਬੇਪਰਦ ਕੀਤਾ ਜਾ ਸਕੇ।