ਰਘਵੀਰ ਹੈਪੀ , ਬਰਨਾਲਾ 27 ਸਤੰਬਰ 2023
ਸ਼ਹਿਰ ਅੰਦਰ ਓਪਰੋਥਲੀ ਵਾਪਰੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਣ ਲੋਕਾਂ ਅੰਦਰ ਵੱਡੀ ਫਜੀਹਤ ਦਾ ਸਾਹਮਣਾ ਕਰ ਰਹੀ ਪੁਲਿਸ ਹੁਣ ਪੂਰੇ ਐਕਸ਼ਨ ਮੋਡ ਵਿੱਚ ਆ ਗਈ ਹੈ। ਦੋ ਦਿਨਾਂ ‘ਚ ਹੀ ਪੁਲਿਸ ਨੇ ਸ਼ਹਿਰ ਅੰਦਰ ਹੋਈਆਂ ਲੁੱਟ ਦੀਆਂ ਦੋ ਵੱਡੀਆਂ ਵਾਰਦਾਤਾਂ ਨੂੰ ਸੁਲਝਾ ਕੇ ਲੁਟੇਰਿਆਂ ਨੂੰ ਵੀ ਕਾਬੂ ਕਰ ਲਿਆ ਹੈ। ਸੀ.ਆਈ.ਏ. ਦੀ ਪੁਲਿਸ ਪਾਰਟੀ ਵੱਲੋਂ ਵੱਲੋਂ ਲੰਘੀ ਕੱਲ੍ਹ ਧਨੌਲਾ ਡਰੇਨ ਤੋਂ ਗ੍ਰਿਫਤਾਰ ਕੀਤੇ ਲੁਟੇਰੇ ਤਾਂ ਉਹੀ ਨਿੱਕਲੇ ਜਿਹੜੇ ਪੰਜ ਦਿਨ ਪਹਿਲਾਂ ਥਾਣਾ ਸਦਰ ਬਰਨਾਲਾ ਦੀ ਹੱਦ ‘ਚ ਪੈਂਦੇ ਇਲਾਕੇ ਵਿੱਚੋਂ ਇੱਕ ਵਿਅਕਤੀ ਤੋਂ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਐਸਐਸਪੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਲੁਟੇਰਾ ਗੈਂਗ ਦਾ ਪਰਦਾਫਾਸ ਕਰਦਿਆਂ ਗੈਂਗ ਦੇ ਪੰਜ ਮੈਂਬਰਾਂ ਨੂੰ ਅਸਲੇ ਅਤੇ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕਰ ਲਈ ਹੈ । ਹੁਣ ਟੌਪ ਗੇਅਰ ‘ਚ ਚੱਲ ਰਹੀ ਬਰਨਾਲਾ ਪੁਲਿਸ ਦੇ ਸਖਤ ਮੂਡ ਕਾਰਣ ਲੁੱਟਾਂ ਖੋਹਾਂ ਤੋਂ ਸਹਿਮੇ ਹੋਏ ਲੋਕਾਂ ਨੇ ਕਾਫੀ ਸੁੱਖ ਦਾ ਸਾਂਹ ਲਿਆ ਹੈ । ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸ.ਪੀ.ਡੀ. ਰਮਨੀਸ਼ ਚੌਧਰੀ ਨੇ ਦੱਸਿਆ ਕਿ ਡੀ.ਐਸ.ਪੀ.(ਡੀ) ਗਮਦੂਰ ਸਿੰਘ, ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਕੁੱਝ ਵਿਅਕਤੀਆਂ ਨੇ ਮਿਲਕੇ ਇਕ ਗੈਂਗ ਬਣਾਇਆ ਹੋਇਆ ਜੋ ਅਸਲਾ ਅਤੇ ਮਾਰੂ ਹਥਿਆਰਾਂ ਨਾਲ ਪੈਟਰੋਲ ਪੰਪ ਸ਼ਰਾਬ ਦੇ ਠੇਕੇ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ | ਸੂਚਨਾ ਮਿਲਦੇ ਹੀ ਪੁਲਿਸ ਪਾਰਟੀ ਨੇ ਛਾਪੇਮਾਰੀ ਕਰਦਿਆਂ ਭਗਤ ਸਿੰਘ ਨਿਵਾਸੀ ਗੁਰੂ ਨਾਨਕ ਨਗਰ ਬਰਨਾਲਾ, ਜਸਪ੍ਰੀਤ ਸਿੰਘ ਵਾਸੀ ਗੁਰਸੇਵਕ ਨਗਰ ਹਾਲ ਅਬਾਦ ਚੀਮਾ, ਸਨਮਦੀਪ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਬਾਜਾਖਾਨਾ ਰੋਡ ਬਰਨਾਲਾ, ਪ੍ਰਦੀਪ ਸਿੰਘ ਵਾਸੀ ਗੁਰਸੇਵਕ ਨਗਰ ਧਨੌਲਾ ਰੋਡ ਬਰਨਾਲਾ ਅਤੇ ਹਰਵਿੰਦਰ ਸਿੰਘ ਉਰਫ਼ ਹਾਰੂ ਵਾਸੀ ਹਰੀ ਨਗਰ ਧਨੌਲਾ ਰੋਡ ਬਰਨਾਲਾ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਇਕ ਪਿਸਤੌਲ 315 ਬੋਰ, 2 ਜਿੰਦਾ ਕਾਰਤੂਸ 315 ਬੋਰ, ਤਿੰਨ ਕਿਰਪਾਨਾਂ, ਦੋ ਸਪਲੈਂਡਰ ਮੋਟਰਸਾਇਕਲ ਅਤੇ 3 ਲੱਖ 20 ਹਜਾਰ ਰੁਪਏ ਦੀ ਲੁੱਟੀ ਹੋਈ ਰਕਮ ਬਰਾਮਦ ਕੀਤੀ ਹੈ। ਪੁੱਛਗਿੱਛ ਦੌਰਾਨ ਖੁੱਲ੍ਹਿਆ ਲੱਖਾਂ ਦੀ ਕੀਤੀ ਲੁੱਟ ਦਾ ਰਾਜ
ਐਸ.ਪੀ.ਡੀ. ਰਮਨੀਸ਼ ਚੌਧਰੀ ਨੇ ਦੱਸਿਆ ਕਿ ਫੜੇ ਗਏ ਉਕਤ ਗੈਂਗ ਮੈਂਬਰਾਂ ਤੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਤੋਂ ਇਹ ਵੀ ਸਾਹਮਣੇ ਆਇਆ ਕਿ 23 ਸਤੰਬਰ ਨੂੰ ਫਰਵਾਹੀ ਤੋਂ ਸੇਖਾ ਪਿੰਡ ਵੱਲ ਜਾਂਦੀ ਲਿੰਕ ਰੋਡ ‘ਤੇ ਇੱਕ ਸਕੂਟਰੀ ਸਵਾਰ ਵਿਅਕਤੀ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ ਜੋ ਲੁੱਟ ਕੀਤੀ ਗਈ ਸੀ, ਉਹ ਇਨ੍ਹਾਂ ਵੱਲੋਂ ਹੀ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਗੀਤਾ ਭਵਨ ਵਾਲੀ ਗਲੀ ਵਿਚ ਮਹਿਲਾ ਦੁਕਾਨਦਾਰ ਤੋਂ ਲੁੱਟ ਕਰਨ ਵਾਲੇ ਅ੍ਮ੍ਰਿਤਪਾਲ ਪਾਲ ਉਰਫ਼ ਗੱਗੂ ਵਾਸੀ ਸੂਜਾ ਪੱਤੀ ਸੰਘੇੜਾ ਨੂੰ ਵੀ ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਟੀਮ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਅਮ੍ਰਿਤਪਾਲ ਸਿੰਘ ਤੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਅੰਮਿ੍ਤਪਾਲ ਦੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਬਲਜੀਤ ਸਿੰਘ ਉਰਫ਼ ਬੱਬੂ ਵਾਸੀ ਬਰਨਾਲਾ ਅਤੇ ਰਾਜਵਿੰਦਰ ਸਿੰਘ ਬੁੱਗਰ ਵਾਸੀ ਬਰਨਾਲਾ ਨੂੰ ਨਾਮਜਦ ਕਰਕੇ ਉਨ੍ਹਾਂ ਤੋਂ ਕੁੱਲ 800 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਕੀਤੀਆਂ ਸਨ । ਇਸ ਮੌਕੇ ਡੀਐਸਪੀ ਸਿਟੀ ਸਤਵੀਰ ਸਿੰਘ ਬੈਂਸ, ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਓ ਸਬ ਇੰਸਪੈਕਟਰ ਨਿਰਮਲਜੀਤ ਸਿੰਘ, ਸਬ ਇੰਸਪੈਕਟਰ ਸੀਆਈਏ ਸਟਾਫ਼ ਗੁਰਬਚਨ ਸਿੰਘ ਆਦਿ ਵੀ ਹਾਜਰ ਸਨ।