ਅਨੁਭਵ ਦੂਬੇ , ਚੰਡੀਗੜ੍ਹ 21 ਸਤੰਬਰ 2023
ਪੰਜਾਬ ਪੁਲਿਸ ਨੇ ਅੱਜ ਵੱਡਾ ਓਪਰੇਸ਼ਨ ਕਰਦਿਆਂ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਿੰਮੇਵਾਰੀ ਲੈਣ ਵਾਲੇ ਕਨਾਡਾ ਵਾਸੀ ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀਆਂ ਤੇ ਸ਼ਿਕੰਜਾ ਕਸਦਿਆਂ ਸਵੇਰੇ ਦਿਨ ਚੜ੍ਹਦਿਆਂ ਹੀ ਵੱਖ ਵੱਖ ਥਾਵਾਂ ਤੇ ਛਾਪਾਮਾਰੀ ਸ਼ੁਰੂ ਕਰ ਦਿੱਤੀ ਗਈ । ਪੁਲਿਸ ਦੇ ਆਲ੍ਹਾ ਅਧਿਕਾਰੀਆਂ ਅਨੁਸਾਰ ਅਚਾਨਕ ਵਿੱਢਿਆ ਇਹ ਅਪਰੇਸ਼ਨ ਸਵੇਰੇ 7 ਵਜੇ ਸ਼ੁਰੂ ਕੀਤਾ ਗਿਆ । ਜੋ ਬਾਅਦ ਦੁਪਹਿਰ 2.00 ਵਜੇ ਤੱਕ ਸਾਰੇ ਜ਼ਿਲ੍ਹਿਆਂ ਵਿਚ ਜ਼ਾਰੀ ਰਹੇਗਾ। ਪੁਲਿਸ ਅਫਸਰਾਂ ਨੇ ਸ਼ੱਕੀ ਵਿਅਕਤੀਆਂ ਨੂੰ ਰਾਉਂਡਅਪ ਕਰਨ ਦੇ ਹੁਕਮ ਦਿੱਤੇ ਗਏ ਹਨ । ਇਸ ਓਪਰੇਸ਼ਨ ਦੀ ਵਿਸਥਾਰ ਸਹਿਤ ਰਿਪੋਰਟ ਸ਼ਾਮ 5.ਵਜੇ ਤੱਕ ਏ ਡੀ ਜੀ ਪੀ ਨੂੰ ਸੌਂਪੀ ਜਾਵੇਗੀ।
ਕੌਣ ਐ ਗੋਲਡੀ ਬਰਾੜ !
ਗੈਂਗਸਟਰ ਗੋਲਡੀ ਬਰਾੜ ਦੇ ਚਚੇਰੇ ਭਰਾ ਗੁਰਲਾਲ ਬਰਾੜ ਨੂੰ 11 ਅਕਤੂਬਰ 2020 ਨੂੰ, ਸਿਟੀ ਇੰਪੋਰੀਅਮ ਮਾਲ, ਇੰਡਸਟਰੀਅਲ ਏਰੀਆ, ਫੇਜ਼ I, ਚੰਡੀਗੜ੍ਹ ਦੇ ਬਾਹਰ ਦੋ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ ਸੀ।
2021 ਵਿੱਚ, ਗੋਲਡੀ ਬਰਾੜ ਨੂੰ ਇੱਕ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਉਸ ਦੇ ਪਿਤਾ ਸ਼ਮਸ਼ੇਰ ਸਿੰਘ ਨੂੰ ਲਾਜ਼ਮੀ ਸੇਵਾਮੁਕਤੀ ਦੇ ਦਿੱਤੀ ਗਈ ਸੀ।
29 ਮਈ, 2022 ਨੂੰ, ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਦੁਆਰਾ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ, ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਲਈ ਫੇਸਬੁੱਕ ਦਾ ਸਹਾਰਾ ਲਿਆ ਸੀ। ਗੋਲਡੀ ਬਰਾੜ ਵੱਲੋਂ ਲਈ ਜਿੰਮੇਵਾਰੀ ਵਾਲੀ ਇਹ ਪੋਸਟ ਫੇਸਬੁੱਕ ਦੀ ਫਾਈਲ ਫੋਟੋ ਹੈ।