ਰਾਜਾ ਵੜਿੰਗ ਬੋਲਿਆ , ਭਗਵੰਤ ਮਾਨਾਂ ! ਝੋਲੀ ਅੱਡ ਕੇ ਭੀਖ ਮੰਗਦੈਂ, ਬਚਾਅ ਲੈ,,,,,

Advertisement
Spread information

ਰਾਜਾ ਵੜਿੰਗ ਦੀ ਬੇਹੱਦ ਭਾਵੁਕ ‘ਤੇ ਰੋਹਲੀ ਤਕਰੀਰ ਨੇ ਸਰੋਤਿਆਂ ਨੂੰ ਕੀਲਿਆ,,,,

ਹਰਿੰਦਰ ਨਿੱਕਾ , ਬਰਨਾਲਾ 20 ਸਤੰਬਰ 2023

    ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਬੇਹੱਦ ਭਾਵੁਕ ‘ਤੇ ਰੋਹਲੀ ਤਕਰੀਰ ਨੇ ਅੱਜ ਨਸ਼ਿਆਂ ਵਿਰੁੱਧ ਸਰਕਾਰ ਨੂੰ ਘੇਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਾਣਾ ਮੰਡੀ ਬਰਨਾਲਾ ਵਿੱਚ ਰੱਖੀ ਰੈਲੀ ਵਿੱਚ ਪਹੁੰਚੇ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਲੋਕਾਂ ਨੇ ਟਿਕਟਕੀ ਲਾ ਕੇ ਰਾਜਾ ਵੜਿੰਗ ਦੀਆਂ ਗੱਲਾਂ ਨੂੰ ਗਹੁ ਨਾਲ ਸੁਣਿਆ। ਰਾਜਾ ਵੜਿੰਗ ਦੇ ਭਾਸ਼ਣ ਨੇ ਔਰਤਾਂ ਦੀ ਦੁਖਦੀ ਰਗ ਤੇ ਅਜਿਹਾ ਹੱਥ ਰੱਖਿਆ ਕਿ ਪੰਡਾਲ ਵਿੱਚ ਬੈਠੀਆਂ ਬਜੁਰਗ ਔਰਤਾਂ ਦੀਆਂ ਅੱਖਾਂ ‘ਚੋਂ ਹੰਝੂ ਆਪ ਮੁਹਾਰੇ ਹੀ ਵਹਿ ਤੁਰੇ। ਰਾਜਾ ਵੜਿੰਗ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੁੱਝ ਇਉਂ ਕੀਤੀ, ਮੈਂ ਪੰਡਾਲ ਵਿੱਚ ਆ ਰਿਹਾ ਸੀ ਤਾਂ ਇੱਕ ਬਜੁਰਗ ਮਾਂ ਨੇ ਮੋਢੇ ਤੇ ਹੱਥ ਧਰ ਕੇ ਕਿਹਾ! ਪੁੱਤ ਮੇਰੇ ਚੌਂਹ ਪੁੱਤਾਂ ‘ਚੋਂ ਤਿੰਨ ਨਸ਼ਿਆਂ ਦੇ ਆਦੀ ਹੋ ਕੇ, ਇਸ ਦੁਨੀਆਂ ਤੋਂ ਚਲੇ ਗਏ। ਰਾਜਾ ਵੜਿੰਗ ਨੇ ਆਪਣੀ ਤਕਰੀਰ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਇੱਕ ਸਮਾਂ ਉਹ ਵੀ ਸੀ, ਜਦੋਂ ਪੰਜਾਬ ਦੇ ਗੱਭਰੂਆਂ ਦੀਆਂ ਲੋਕ ਸਿਫਤਾਂ ਕਰਦੇ ਸੀ, ਪਰ ਹੁਣ ਪੰਜਾਬ ਦੇ ਹਰ ਗਲੀ ਮੁਹੱਲਿਆਂ ‘ਚੋਂ ਬਾਪ ਆਪਣੇ ਮੋਢਿਆਂ ਤੇ ਆਪਣੇ ਗੱਭਰੂ ਪੁੱਤਰਾਂ ਦੀਆਂ ਲਾਸ਼ਾਂ ਢੋਂਦੇ ਫਿਰਦੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਅੰਕੜਾ ਬੜਾ ਡਰਾਵਣਾ ਐ, ਪਿਛਲੇ ਦਿਨੀਂ ਮੀਡੀਆ ਨੇ ਖੁਲਾਸਾ ਕੀਤਾ ਹੈ ਕਿ ਪੂਰਾ ਪੰਜਾਬ ਚੋਂ ਵੱਡਾ ਹਿੱਸਾ ਨਸ਼ਿਆਂ ਵਿੱਚ ਫਸਿਆ ਹੋਇਆ ਹੈ।                         

Advertisement

ਮਾਨ ਸਾਬ੍ਹ ! ਨਸ਼ਿਆਂ ਦੇ ਹੱਲ ‘ਤੇ ਹੀ ਸੱਦ ਲਓ ਸਪੈਸ਼ਲ ਸ਼ੈਸ਼ਨ

    ਰਾਜਾ ਵੜਿੰਗ ਨੇ ਕਿਹਾ ਭਗਵੰਤ ਮਾਨਾਂ ਮੈਂ ਝੋਲੀ ਅੱਡੇ ਕੇ ਕਹਿੰਦਾ ਹਾਂ, ਬਚਾਅ ਲੈ ਜੇ , ਉੱਜੜਦੀਆਂ ਕੁੱਖਾਂ ਤੇ ਪੰਜਾਬ ਨੂੰ ਬਚਾ ਸਕਦਾ ਹੈ । ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਇਸ ਦੇ ਹੱਲ ਤੇ ਚਰਚਾ ਕਰਨ ਲਈ, ਪੰਜਾਬ ਵਿਧਾਨ ਸਭਾ ਦਾ ਪੰਜ ਦਿਨਾਂ ਸਪੈਸ਼ਲ ਸ਼ੈਸ਼ਨ ਹੀ ਸੱਦ ਲਉ, ਆਪਾਂ ਸਾਰੇ ਮਿਲ ਕੇ ਚਰਚਾ ਕਰੀਏ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਇਕੱਲਾ ਭਗਵੰਤ ਮਾਨ ਦੀ ਸਰਕਾਰ ਨੂੰ ਹੀ ਦੋਸ਼ ਨਹੀਂ ਦਿੰਦਾ, ਇਸ ਤੋਂ ਪਹਿਲੀਆਂ ਸਰਕਾਰਾਂ ਨੇ ਜੇ ਨਸ਼ਿਆਂ ਨੂੰ ਸਖਤੀ ਨਾਲ ਰੋਕਿਆ ਹੁੰਦਾ ਤਾਂ, ਹੁਣ ਗੱਲ ਹੋਰ ਹੋਣੀ ਸੀ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਖੁਦ ਹੀ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰੋ, ਉਨ੍ਹਾਂ ਨੂੰ ਪੁਲਿਸ ਕੋਲ ਫੜਾਓ, ਗਵਾਹੀਆਂ ਦਿਉ ਤੇ ਪਿੰਡਾਂ ਸ਼ਹਿਰਾਂ ‘ਚ ਠੀਕਰੀ ਪਹਿਰੇ ਲਾ ਕੇ ਰਾਖੀ ਕਰੋ, ਨਹੀਂ ਤਾਂ ਇਹ ਨਸ਼ਿਆਂ ਦੀ ਅੱਗ ਸਾਡੇ ਘਰਾਂ ਤੱਕ ਵੀ ਪਹੁੰਚਣ ਵਿੱਚ ਜਿਆਦਾ ਸਮਾਂ ਨਹੀਂ ਲੱਗਣਾ। ਰਾਜਾ ਵੜਿੰਗ ਨੇ ਕਿਹਾ ਮਾਨਾਂ ! ਅਸੀਂ ਸਕੂਲਾਂ/ਹਸਪਤਾਲਾਂ ਅਤੇ ਸੜਕਾਂ ਬਿਨਾਂ ਸਾਰ ਲਵਾਂਗੇ, ਪਰ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਹੀ ਤਰਜ਼ੀਹ ਦੇਈਏ।

ਮੋਦੀ ਸਰਕਾਰ ਤੇ ਮਾਨ ਸਰਕਾਰ ਕਿਸਾਨ ਵਿਰੋਧੀ,,,

    ਰਾਜਾ ਵੜਿੰਗ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ 17.50 ਲੱਖ ਕਿਸਾਨਾਂ ਨੂੰ 6/6 ਹਜ਼ਾਰ ਰੁਪੱਈਆਂ ਦੇਣਾ ਬੰਦ ਕਰ ਦਿੱਤਾ ਹੈ। ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਬਾਰਡਰ ਤੇ ਮੋਦੀ ਮੁਰਦਾਬਾਦ ਦੇ ਨਾਅਰੇ ਲਾ ਕੇ, ਉਸ ਨੂੰ ਕਾਲੇ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦਿੱਤਾ ਸੀ।                                                             ਇਸੇ ਤਰਾਂ ਭਗਵੰਤ ਮਾਨ ਸਰਕਾਰ ਨੇ 60 ਹਜ਼ਾਰ ਤੋਂ ਵੱਧ ਕਿਸਾਨਾਂ ਦੀਆਂ ਪੈਨਸ਼ਨਾਂ ਸਿਰਫ ਇਸ ਕਰਕੇ ਬੰਦ ਕਰ ਦਿੱਤੀਆਂ ਕਿ ਉਨ੍ਹਾਂ ਦੀ ਆਮਦਨੀ ਪੰਜਾਹ ਹਜ਼ਾਰ ਰੁਪਏ ਸਲਾਨਾ ਤੋਂ ਵੱਧ ਗਈ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਮਨੀਸ਼ ਬਾਂਸਲ, ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਮਨਵਿੰਦਰ ਕੌਰ, ਸਾਬਕਾ ਵਿਧਾਇਕ ਦਲਵੀਰ ਗੋਲਡੀ, ਜਿਲ੍ਹਾ ਪ੍ਰਧਾਨ ਆਦਿ ਆਗੂਆਂ ਨੇ ਵੀ ਸੰਬੋਧਿਤ ਕੀਤਾ। ਰੈਲੀ ਦੀ ਕਾਮਯਾਬੀ ਲਈ ਰਾਜਾ ਵੜਿੰਗ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਬਲਾਕ ਪ੍ਰਧਾਨ ਮਹੇਸ਼ ਲੋਟਾ, ਸਤਨਾਮ ਸਿੰਘ ਆਦਿ ਆਗੂਆਂ ਅਤੇ ਦਰਜਾ ਬ ਦਰਜਾ ਆਗੂ ਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ।

Advertisement
Advertisement
Advertisement
Advertisement
Advertisement
error: Content is protected !!