ਅਸ਼ੋਕ ਵਰਮਾ , ਬਠਿੰਡਾ, 17 ਸਤੰਬਰ 2023
ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਭਾਜਪਾ ਦੇ ਮੌਜੂਦਾ ਆਗੂ ਮਨਪ੍ਰੀਤ ਸਿੰਘ ਬਾਦਲ ਨੂੰ ਬੀਜੇਪੀ ਦੀ ਸੂਬਾ ਕੋਰ ਕਮੇਟੀ ਵਿੱਚ ਸ਼ਾਮਿਲ ਕਰਕੇ ਭਾਵੇਂ ਰਾਜਨੀਤੀ ‘ਚ ਅਹਿਮ ਮੁਕਾਮ ਰੱਖਣ ਵਾਲੇ ਬਾਦਲ ਪਰਿਵਾਰ ਦੇ ਇੱਕ ਮੈਂਬਰ ਦਾ ਸਿਆਸੀ ਕੱਦ ਵਧਾਉਣ ਦੀ ਕੋਸ਼ਿਸ਼ ਕੀਤੀ ਦਿਖਾਈ ਦਿੰਦੀ ਹੈ । ਪਰ ਹਕੀਕਤ ਇਹ ਵੀ ਹੈ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਮਨਪ੍ਰੀਤ ਬਾਦਲ ਇਸ ਭਗਵਾਂ ਪਾਰਟੀ ਨਾਲ ਆਪਣੀ ਨਵੀਂ ਸਿਆਸੀ ਪਾਰੀ ਸ਼ੁਰੂ ਕਰਨਗੇ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਨਪ੍ਰੀਤ ਬਾਦਲ ਦਾ ਜੱਦੀ ਪਿੰਡ ਬਾਦਲ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਹੈ ਪਰ ਭਾਜਪਾ ਵੱਲੋਂ ਨਵੀਂ ਨਿਯੁਕਤੀ ਬਠਿੰਡਾ ਨਾਲ ਜੋੜੀ ਹੈ । ਜਿਸ ਤੋਂ ਜਾਪਦਾ ਹੈ ਕਿ ਪਾਰਟੀ ਨੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਦੇ ਹਲਕੇ ਬਠਿੰਡਾ ਵਿੱਚ ਇਹ ਨਵਾਂ ਸਿਆਸੀ ਦਾਅ ਖੇਡਿਆ ਹੈ।
ਹਾਲਾਂਕਿ ਨਵੀਂ ਜਿੰਮੇਵਾਰੀ ਮਨਪ੍ਰੀਤ ਬਾਦਲ ਨੂੰ ਸਿਆਸਤ ਦੀ ਕਿਸ ਉਚਾਈ ਤੱਕ ਲੈਕੇ ਜਾਂਦੀ ਹੈ ਇਹ ਤਾਂ ਵਕਤ ਹੀ ਦੱਸੇਗਾ । ਪ੍ਰੰਤੂ ਮਨਪ੍ਰੀਤ ਵਾਸਤੇ ਰਾਜਨੀਤੀ ਕਦੇ ਸੁਨਹਿਰੀ ਸਮਾਂ ਤੇ ਕਦੀ ਕੰਡਿਆਂ ਦੀ ਸੇਜ਼ ਰਹੀ ਹੈ। ਸਾਲ 2017 ਵਿੱਚ ਬਠਿੰਡਾ ਹਲਕੇ ਤੋਂ ਜਿੱਤਕੇ ਵਜ਼ੀਰ ਬਣਨ ਮਗਰੋਂ ਘੁੰਮਣਘੇਰੀਆਂ ਵਿੱਚ ਫਸੀ ਮਨਪ੍ਰੀਤ ਦੀ ਸਿਆਸੀ ਚੜ੍ਹਤ ਸ਼ਿਖਰਾਂ ਤੇ ਪੁੱਜ ਗਈ ਸੀ ਜਿਸਨੂੰ ਸਾਲ 2022 ਦੀਆਂ ਚੋਣਾਂ ਮੌਕੇ ਬਰਕਰਾਰ ਨਾ ਰੱਖਿਆ ਜਾ ਸਕਿਆ। ਦਰਅਸਲ ਪੰਜਾਬ ਦੇ ਸਿਆਸੀ ਨਕਸ਼ੇ ਤੇ ਮਨਪ੍ਰੀਤ ਬਾਦਲ ਨੇ 1995 ‘ਚ ਪਹਿਲੀ ਵਾਰ ਆਪਣੇ ਤਾਏ ਤੇ ਅਕਾਲੀ ਦਲ ਦੇ ਤੱਤਕਾਲੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ ਤੇ ਗਿੱਦੜਬਾਹਾ ਹਲਕੇ ਤੋਂ ਕਾਂਗਰਸ ਦੇ ਮੁਕਾਬਲੇ ਅਕਾਲੀ ਉਮੀਦਵਾਰ ਵਜੋਂ ਚੋਣ ਜਿੱਤਕੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ‘ਚ ਸਫਲਤਾ ਹਾਸਲ ਪ੍ਰਾਪਤ ਕੀਤੀ ਸੀ।
ਇਨ੍ਹਾਂ ਦਿਨਾਂ ਦੌਰਾਨ ਪੰਜਾਬ ਵਿਚ ਬੇਅੰਤ ਸਿੰਘ ਸਰਕਾਰ ਦੀ ਤੂਤੀ ਬੋਲਦੀ ਸੀ ਅਤੇ ਸੂਬੇ ‘ਚ ਕਾਲਾ ਦੌਰ ਆਖਰੀ ਸਾਹਾਂ ਤੇ ਸੀ। ਉਸ ਮਗਰੋਂ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਤਰਫੋਂ ਸਾਲ 1997, 2002 ਅਤੇ 2007 ਵਿੱਚ ਗਿਦੜਬਾਹਾ ਹਲਕੇ ਤੋਂ ਚੋਣਾਂ ਲੜੀਆਂ ਅਤੇ ਲਗਾਤਾਰ ਜਿੱਤਾਂ ਪ੍ਰਾਪਤ ਕੀਤੀਆਂ । ਸਾਲ 2007 ‘ਚ ਅਕਾਲੀ ਸਰਕਾਰ ਬਣਨ ਤੇ ਉਸ ਨੂੰ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦਾ ਵਿੱਤ ਮੰਤਰੀ ਬਣਾਇਆ ਗਿਆ। ਪੰਜਾਬ ਨਾਲ ਜੁੜੇ ਵੱਖ ਵੱਖ ਮੁੱਦਿਆਂ ਨੂੰ ਲੈਕੇ ਮਨਪ੍ਰੀਤ ਬਾਦਲ ਦੇ ਆਪਣੇ ਚਚੇਰੇ ਭਰਾ ਸੁਖਬੀਰ ਸਿੰਘ ਬਾਦਲ ਨਾਲ ਗੰਭੀਰ ਮੱਤਭੇਦ ਪੈਦਾ ਹੋ ਗਏ ਜੋ ਕੋਸ਼ਿਸ਼ਾਂ ਦੇ ਬਾਵਜੂਦ ਸੁਲਝ ਨਾਂ ਸਕੇ ਅਤੇ ਮਨਪ੍ਰੀਤ ਨੂੰ 2010 ‘ਚ ਅਕਾਲੀ ਦਲ (ਬਾਦਲ) ਚੋਂ ਕੱਢ ਦਿੱਤਾ ਗਿਆ।
ਇਸ ਮੌਕੇ ਮਨਪ੍ਰੀਤ ‘ਪੀਪਲਜ਼ ਪਾਰਟੀ ਆਫ ਪੰਜਾਬ ’ ਬਣਾ ਲਈ ਅਤੇ ਸਾਲ 2012 ‘ਚ ਉਸ ਨੇ ਖੱਬੇ ਪੱਖੀ ਪਾਰਟੀਆਂ ਅਤੇ ਅਕਾਲੀ ਦਲ ਲੌਂਗੋਵਾਲ ਨਾਲ ਸਾਂਝਾ ਮੋਰਚਾ ਬਣਾਕੇ ਵਿਧਾਨ ਸਭਾ ਚੋਣਾਂ ‘ਚ ਭਾਗ ਲਿਆ। ਇਸ ਮੌਕੇ ਧੂੰਆਂ ਧਾਰ ਪ੍ਰਚਾਰ ਅਤੇ ਲੋਕਾਂ ਵੱਲੋਂ ਦਿੱਤੇ ਹੁੰਗਾਰੇ ਦੇ ਬਾਵਜੂਦ ਪੀਪਲਜ਼ ਪਾਰਟੀ ਨੂੰ ਸਫਲਤਾ ਨਸੀਬ ਨਾ ਹੋਈ। ਖੁਦ ਮਨਪ੍ਰੀਤ ਬਾਦਲ ਮੌੜ ਅਤੇ ਗਿੱਦੜਬਾਹਾ ਸੀਨਾਂ ਤੋਂ ਹਾਰ ਗਿਆ। ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੇ ਆਪਣੇ ਸਿਆਸੀ ਸਫ਼ਰ ਨੂੰ ਹੈਰਾਨੀਜਨਕ ਮੋੜਾ ਦੰਦਿਆਂ ਪੀਪਲਜ਼ ਪਾਰਟੀ ਦਾ ਸੂਬਾ ਪ੍ਰਧਾਨ ਹੋਣ ਦੇ ਬਾਵਜੂਦ ਇੱਕ ਸਹਿਮਤੀ ਦੇ ਅਧਾਰ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀ।
ਬੇਸ਼ੱਕ ਇਸ ਚੋਣ ‘ਚ ਮਨਪ੍ਰੀਤ ਬਾਦਲ ਜਿੱਤਣ ‘ਚ ਅਸਫਲ ਰਿਹਾ ਪਰ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਤੋਂ ਬਾਦਲ ਪ੍ਰੀਵਾਰ ਦੀ ਨੂੰਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ 29 ਹਜਾਰ ਤੋਂ ਵੱਧ ਵੋਟਾਂ ਨਾਲ ਮਾਤ ਦਿੱਤੀ । ਆਪਣੇ ਰਾਜਨੀਤਕ ਭਵਿੱਖ ਦੀਆਂ ਅਟਕਲਾਂ ਦਰਮਿਆਨ ਮਨਪ੍ਰੀਤ ਬਾਦਲ ਨੇ ਪੀਪਲਜ਼ ਪਾਰਟੀ ਸਮੇਤ 15 ਜਨਵਰੀ 2015 ਨੂੰ ਕਾਂਗਰਸ ‘ਚ ਸ਼ਮੂਲੀਅਤ ਕਰ ਲਈ। ਮਨਪ੍ਰੀਤ ਨੂੰ ਪੰਜਾਬ ਕਾਂਗਰਸ ਦਾ ਮੀਤ ਪ੍ਰਧਾਨ ਬਣਾ ਦਿੱਤਾ ਅਤੇ ਚੋਣਾਂ ਮੌਕੇ ਮੈਨੀਫੈਸਟੋ ਤਿਆਰ ਕਰਨ ਦੀ ਜਿੰਮੇਵਾਰੀ ਦਿੱਤੀ । ਸਾਲ 2017 ਦੀਆਂ ਅਸੈਂਬਲੀ ਚੋਣਾਂ ‘ਚ ਮਨਪ੍ਰੀਤ ਬਾਦਲ ਨੇ ਸ਼ਹਿਰੀ ਹਲਕੇ ਚੋਂ 18 ਹਜਾਰ ਤੋਂ ਵੀ ਜਿਆਦਾ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਜਿਸ ਦੇ ਬਦਲੇ ਉਸ ਨੂੰ ਵਿੱਤ ਮੰਤਰੀ ਬਣਾਇਆ ਗਿਆ।
2022 ਦੀਆਂ ਚੋਣਾਂ ਵਿੱਚ ਮੁੜ ਝਟਕਾ
ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਦੀ ਹਾਰ ਦੀ ਹਾਰ ਦਾ ਕਾਰਨ ਸੀਨੀਅਰ ਕਾਂਗਰਸੀ ਆਗੂ ਤੇ ਕੌਂਸਲਰ ਜਗਰੂਪ ਗਿੱਲ ਨੂੰ ਮੇਅਰ ਨਾ ਬਣਾਉਣਾ ਮੰਨਿਆ ਜਾ ਰਿਹਾ ਹੈ। ਗਿੱਲ ਨੇ ਸਾਲ 2017 ਵਿੱਚ ਮਨਪ੍ਰੀਤ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕੀਤਾ ਸੀ । ਜਿਲ੍ਹਾ ਯੋਜਨਾ ਬੋਰਡ ਦੀ ਚੇਅਰਮੈਨੀ ਤੋਂ ਅਸਤੀਫਾ ਦੇ ਕੇ ਕੌਂਸਲਰ ਦੀ ਚੋਣ ਲੜਨ ਵਾਲੇ ਗਿੱਲ ਨੂੰ ਨਗਰ ਨਿਗਮ ਚੋਣਾਂ ਵਿੱਚ ਮੇਅਰ ਦੇ ਚਿਹਰੇ ਵਜੋਂ ਪੇਸ਼ ਕੀਤਾ। ਪਰ ਮੇਅਰ ਪਹਿਲੀ ਵਾਰ ਚੋਣ ਜਿੱਤੀ ਸਧਾਰਨ ਮਹਿਲਾ ਰਮਨ ਗੋਇਲ ਬਣਾ ਦਿੱਤਾ। ਖਫ਼ਾ ਹੋਏ ਜਗਰੂਪ ਗਿੱਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਮਨਪ੍ਰੀਤ ਬਾਦਲ ਨੂੰ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾ ਦਿੱਤਾ। ਕਾਫੀ ਸਮਾਂ ਚੁੱਪ ਰਹਿਣ ਮਗਰੋਂ ਮਨਪ੍ਰੀਤ ਬਾਦਲ ਨੇ ਭਾਜਪਾ ਦਾ ਪੱਲਾ ਫੜ ਲਿਆ ,ਜਿੱਥੇ ਉਹਨਾਂ ਨੂੰ ਅੱਜ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।