ਹਰਿੰਦਰ ਨਿੱਕਾ, ਬਰਨਾਲਾ 8 ਸਤੰਬਰ 2023
ਵਿਜੀਲੈਂਸ ਬਿਊਰੋ ਬਰਨਾਲਾ ਦੀ ਟੀਮ ਨੇ ਇੱਕ ਕਿਸਾਨ ਤੋਂ ਬਿਜਲੀ ਟਰਾਂਸਫਾਰਮਰ ਲਾਉਣ ਦੇ ਨਾਮ ਤੇ ਰਿਸ਼ਵਤ ਲੈਂਦੇ ਬਿਜਲੀ ਮਹਿਕਮੇ ਦੇ ਜੇ.ਈ. ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਰਣਜੀਤ ਸਿੰਘ ਵਾਸੀ ਖੇੜੀ ਚਹਿਲਾਂ ਨੇ ਵਿਜੀਲੈਂਸ ਨੂੰ ਦਿੱਤੀ ਸ਼ਕਾਇਤ ਦਿੱਤੀ ਸੀ ਕਿ ਸ਼ੇਰਪੁਰ , ਜਿਲ੍ਹਾ ਸੰਗਰੂਰ ਦੇ ਪਾਵਰਕਾਮ ਦਫਤਰ ਵਿਖੇ ਤਾਇਨਾਤ ਜੇ.ਈ. ਅਮਰਜੀਤ ਸਿੰਘ , ਖੇਤਾਂ ਵਾਲਾ ਬਿਜਲੀ ਟਰਾਂਸਫਾਰਮਰ ਲਾਉਣ ਲਈ 15 ਹਜਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਜਦੋਂਕਿ ਉਸ ਨੇ 5 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਕਰ ਲਿਆ ਹੈ। ਸ਼ਕਾਇਤ ਦੇ ਅਧਾਰ ਪਰ, ਵਿਜੀਲੈਂਸ ਬਿਊਰੋ ਸ਼ਾਖਾ ਜਿਲ੍ਹਾ ਬਰਨਾਲਾ ਨੇ ਸਰਕਾਰੀ ਗਵਾਹਾਂ ਹਰਬੰਸ ਸਿੰਘ ਸੀਡੀਪੀਓ ਅਤੇ ਡਾਕਟਰ ਅਮਰਜੀਤ ਸਿੰਘ ਤੇ ਅਧਾਰਿਤ ਗਠਿਤ ਟੀਮ ਨੇ ਟਰੈਪ ਲਾ ਕੇ ਜੇ.ਈ. ਅਮਰਜੀਤ ਸਿੰਘ ਨੂੰ ਸ਼ੇਰਪੁਰ ਦਫਤਰ ਵਿੱਚੋਂ ਰਿਸ਼ਵਤ ਦੇ ਤੌਰ ਤੇ ਸ਼ਕਾਇਤਕਰਤਾ ਤੋਂ ਵਸੂਲ ਕੀਤੀ 5 ਹਜ਼ਾਰ ਰੁਪਏ ਦੀ ਰਿਸ਼ਵਤ ਸਣੇ ਰੰਗੇ ਹੱਥੀ ਕਾਬੂ ਕਰ ਲਿਆ। ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਗਿਰਫਤਾਰ ਜੇ.ਈ. ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਵਿਜੀਲੈਂਸ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ਼ ਕਰਕੇ,ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ । ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਕੋਈ ਵੀ ਸਰਕਾਰੀ ਕੰਮ ਕਰਵਾਉਣ ਬਦਲੇ ਰਿਸ਼ਵਤ ਮੰਗਦਾ ਹੈ ਤਾਂ ਇਸ ਦੀ ਸੂਚਨਾ ਵਿਜੀਲੈਂਸ ਬਿਊਰੋ ਨੂੰ ਦਿੱਤੀ ਜਾਵੇ।