ਗੁਰਮੇਲ ਸਿੰਘ ਘਰਾਚੋਂ ਜੇਕਰ ਸੱਚਮੁੱਚ ਲੋਕਾਂ ਦੇ ਕੰਮ ਕਰਦੇ ਤਾਂ ਉਨ੍ਹਾਂ ਨੂੰ ਸਰਕਾਰ ਹੋਣ ਦੇ ਬਾਵਜੂਦ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 19 ਅਗਸਤ 2023
ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੂੰ ਸੱਤਾਧਾਰੀ ਝਾੜੂ ਪਾਰਟੀ ਤੋਂ ਆਪਣੇ ਕੀਤੇ ਕੰਮਾਂ ਦਾ ਸਰਟੀਫਿਕੇਟ ਲੈਣ ਦੀ ਜਰੂਰਤ ਨਹੀਂ | ਐਮ.ਪੀ. ਮਾਨ ਨੇ ਆਪਣੇ ਪਿਛਲੇ ਐਮ.ਪੀ. ਕਾਰਜਕਾਲ ਤੇ ਮੌਜੂਦਾ ਕਾਰਜਕਾਲ ਦੌਰਾਨ ਹਲਕੇ ਲਈ ਰਿਕਾਰਡਤੋੜ ਕੰਮ ਕੀਤੇ ਹਨ, ਜਿਨ੍ਹਾਂ ਦੇ ਮੁਕਾਬਲੇ ਵਿੱਚ ਹੁਣ ਤੱਕ ਦੂਜੀਆਂ ਪਾਰਟੀਆਂ ਦੇ ਸੰਗਰੂਰ ਵਿੱਚ ਰਹੇ ਮੈਂਬਰ ਪਾਰਲੀਮੈਂਟਾਂ ਦਾ ਕੰਮ ਪਹਾੜ ਸਾਹਮਣੇ ਰਾਈ ਬਰਾਬਰ ਵੀ ਨਹੀਂ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅ) ਦੇ ਪੀਏਸੀ ਮੈਂਬਰ ਸ. ਬਹਾਦਰ ਸਿੰਘ ਭਸੌੜ ਨੇ ਪਾਰਟੀ ਦੇ ਸੰਗਰੂਰ ਦਫਤਰ ਤੋਂ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ |
ਸ. ਭਸੌੜ ਨੇ ਲੋਕ ਸਭਾ ਚੋਣਾਂ ਵਿੱਚ ਹਾਰਨ ਵਾਲੇ ਆਪ ਆਗੂ ਗੁਰਮੇਲ ਸਿੰਘ ਘਰਾਚੋਂ ਵੱਲੋਂ ਦਿੱਤੇ ਬਿਆਨ ਕਿ ਐਮ.ਪੀ. ਸਿਮਰਨਜੀਤ ਸਿੰਘ ਮਾਨ ਲੋਕਾਂ ਨੂੰ ਮਿਲਦੇ ਨਹੀਂ ਅਤੇ ਲੋਕ ਹਲਕੇ ਦੇ ਕੰਮਾਂ ਲਈ ਉਨ੍ਹਾਂ ਦੇ ਘਰ ਆਉਂਦੇ ਹਨ ਦਾ ਜਵਾਬ ਦਿੰਦਿਆਂ ਕਿਹਾ ਕਿ ਐਮ.ਪੀ. ਸ. ਮਾਨ ਆਪਣੇ ਪਿਛਲੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਹਲਕੇ ਲਈ ਰਿਕਾਰਡ ਕੰਮ ਕਰਵਾ ਚੁੱਕੇ ਹਨ, ਜਦੋਂਕਿ ਇਸਤੋਂ ਪਹਿਲਾਂ ਰਹੇ ਆਪ ਦੇ ਐਮ.ਪੀ. ਭਗਵੰਤ ਮਾਨ ਨੇ ਨਾ ਤਾਂ ਸੰਗਰੂਰ ਦਾ ਐਮ.ਪੀ. ਹੋਣ ਦੇ ਨਾਤੇ ਹਲਕੇ ਦਾ ਕੁਝ ਸੰਵਾਰਿਆ ਅਤੇ ਨਾ ਹੀ ਹੁਣ ਸੀ.ਐਮ. ਬਣਕੇ ਕੁਝ ਸੰਵਾਰਿਆ ਜਾ ਰਿਹਾ | ਉਨ੍ਹਾਂ ਕਿਹਾ ਕਿ ਐਮ.ਪੀ. ਸੰਗਰੂਰ ਦੇ ਕੰਮਾਂ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਗੁਰਮੇਲ ਸਿੰਘ ਘਰਾਚੋਂ ਆਪਣੀ ਸਰਕਾਰ ਦੀ ਕਾਰਗੁਜਾਰੀ ਵਿੱਚ ਸੁਧਾਰ ਕਰਨ |
ਸ. ਭਸੌੜ ਨੇ ਦੱਸਿਆ ਕਿ ਐਮ.ਪੀ. ਸ. ਮਾਨ ਵੱਲੋਂ ਜਿੱਥੇ ਹਲਕੇ ਦੇ ਮੁਕੰਮਲ ਬਿਜਲੀ ਦੇ ਨਵੀਨੀਕਰਨ ਲਈ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ ਹੈ, ਉੱਥੇ ਹੀ 100 ਦੇ ਕਰੀਬ ਸੜਕਾਂ ਦੇ ਨਵੀਨੀਕਰਨ ਦੇ ਪ੍ਰੋਜੈਕਟ ਨੂੰ ਵੀ ਮੰਜੂਰੀ ਦਿਵਾਈ ਹੈ | ਇਸ ਤੋਂ ਇਲਾਵਾ ਅਨੇਕਾਂ ਹੀ ਰੇਲਵੇ ਸਟੇਸ਼ਨਾਂ ‘ਤੇ ਜਰੂਰੀ ਰੇਲਗੱਡੀਆਂ ਦਾ ਠਹਿਰਾਅ ਯਕੀਨੀ ਬਣਾਇਆ | ਇਸ ਤੋਂ ਇਲਾਵਾ ਹਲਕੇ ਦੇ ਸੈਂਕੜੇ ਕੈਂਸਰ ਪੀੜਤ ਮਰੀਜਾਂ ਨੂੰ ਆਰਥਿਕ ਸਹਾਇਤਾ ਦਿਵਾਈ | ਇਸ ਤੋਂ ਇਲਾਵਾ ਆਪਣੇ ਕੋਟੇ ਦੀਆਂ ਗ੍ਰਾਂਟਾਂ ਬਿਨ੍ਹਾਂ ਪੱਖਪਾਤ ਤੋਂ ਹਲਕੇ ਦੇ ਹਰ ਵਰਗ ਨੂੰ ਦਿੱਤੀਆਂ ਜਾ ਰਹੀਆਂ ਹਨ | ਸ. ਭਸੌੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਇੱਕ ਕੌਮੀ ਆਗੂ ਹਨ, ਜੋ ਹਲਕੇ ਦੀ ਸੇਵਾ ਦੇ ਨਾਲ-ਨਾਲ ਪੂਰੇ ਪੰਜਾਬ ਦੀ ਖੁਸ਼ਹਾਲੀ ਲਈ ਲਗਾਤਾਰ ਯਤਨਸ਼ੀਲ ਹਨ | ਇਸ ਲਈ ਝਾੜੂ ਪਾਰਟੀ ਦੇ ਲੀਡਰਾਂ ਤੋਂ ਉਨ੍ਹਾਂ ਨੂੰ ਕੀਤੇ ਕੰਮਾਂ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ | ਸ. ਭਸੌੜ ਨੇ ਕਿਹਾ ਕਿ ਜੇਕਰ ਗੁਰਮੇਲ ਸਿੰਘ ਘਰਾਚੋਂ ਲੋਕਾਂ ਦੇ ਐਨੇ ਹੀ ਕੰਮ ਕਰਦੇ ਤਾਂ ਉਨ੍ਹਾਂ ਨੂੰ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਜਿਮਨੀ ਚੋਣ ਦੌਰਾਨ ਹਾਰ ਦਾ ਮੂੰਹ ਨਾ ਦੇਖਣਾ ਪੈਂਦਾ |
ਉਨ੍ਹਾਂ ਆਪ ਆਗੂ ਗੁਰਮੇਲ ਸਿੰਘ ਘਰਾਚੋਂ ਵੱਲੋਂ ਕੀਤੀ ਟਿੱਪਣੀ ਕਿ ਐਮ.ਪੀ. ਸ. ਮਾਨ ਹੜ੍ਹ ਪੀੜਿਤ ਇਲਾਕਿਆਂ ਵਿੱਚ ਨਹੀਂ ਗਏ ਦਾ ਜਵਾਬ ਦਿੰਦਿਆਂ ਕਿਹਾ ਕਿ ਐਮ.ਪੀ. ਸ. ਮਾਨ ਨੇ ਅਖਬਾਰਾਂ ਵਿੱਚ ਤਸਵੀਰਾਂ ਪ੍ਰਕਾਸ਼ਿਤ ਕਰਵਾਉਣ ਲਈ ਪਜਾਮੇ ਲਿਬੇੜਨ ਵਾਲੀ ਰਾਜਨੀਤੀ ਨਹੀਂ ਕੀਤੀ, ਸਗੋਂ ਜਮੀਨੀ ਪੱਧਰ ਤੱਕ ਪਹੁੰਚ ਕੇ ਲੋਕਾਂ ਦਾ ਹਾਲ ਚਾਲ ਪੁੱਛਿਆ ਅਤੇ ਤਕਲੀਫਾਂ ਨੂੰ ਸੁਣ ਕੇ ਹੱਲ ਕੀਤਾ | ਖਨੌਰੀ, ਮੂਨਕ, ਲਹਿਰਾ ਤੋਂ ਇਲਾਵਾ ਪੰਜਾਬ ਦੇ ਹੋਰ ਜਿਨ੍ਹੇ ਵੀ ਇਲਾਕਿਆਂ ਵਿੱਚ ਹੜ੍ਹਾਂ ਦੀ ਮਾਰ ਪਈ ਸੀ, ਸਾਰੇ ਇਲਾਕਿਆਂ ਵਿੱਚ ਐਮ.ਪੀ. ਸ. ਮਾਨ ਖੁਦ ਜਾ ਕੇ ਲੋਕਾਂ ਦਾ ਦੁੱਖ ਵੰਡਾਉਂਦੇ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਹੋਰ ਆਗੂ ਵੀ ਮੌਜੂਦ ਸਨ |