ਸੁਜੀਤ ਜੱਲਣ ਨਵੀਂ ਦਿੱਲੀ, 30 ਮਈ, 2020
ਕੇਂਦਰ ਸਰਕਾਰ ਨੇ ‘ਲਾਕਡਾਊਨ’ ਨੂੰ 30 ਜੂਨ ਤਕ ਵਧਾਉਣ ਦਾ ਐਲਾਨ ਕੀਤਾ ਹੈ ਪਰ ਇਸ ਦਾ ਨਾਂਅ ਹੁਣ ‘ਅਨਲਾਕ-1’ ਹੋਵੇਗਾ ਕਿਉਂਕਿ ਇਸ ਨੂੰ ਹੁਣ ‘ਐਗਜ਼ਿਟ ਪਲਾਨ’ ਵਜੋਂ ਵੇਖ਼ਿਆ ਜਾ ਰਿਹਾ ਹੈ।
‘ਅਨਲਾਕ-1- ਦੀਆਂ ਗਾਈਡਲਾਈਨਜ਼ ਅਨੁਸਾਰ ਸਾਰੀਆਂ ਛੋਟਾਂ ਕੰਟੇਨਮੈਂਟ ਜ਼ੋਨਾਂ ਨੂੰ ਛੱਡ ਕੇ ਹੀ ਲਾਗੂ ਹੋਣਗੀਆਂ। ਇਹ ਛੋਟਾਂ ਕੰਟੇਨਮੈਂਟ ਜ਼ੋਨਾਂ ਵਿਚ ਲਾਗੂ ਨਹੀਂ ਹੋਣਗੀਆਂ।
ਕਰਫ਼ਿਊ
ਨਵੇਂ ‘ਅਨਲਾਕ-1’ ਵਿਚ ਰਾਤ ਦਾ ਕਰਫ਼ਿਊ ਜਾਰੀ ਰਹੇਗਾ ਪਰ ਸਮੇਂ ਵਿਚ ਤਬਦੀਲੀ ਕਰ ਦਿੱਤੀ ਗਈ ਹੈ। ਪਹਿਲਾਂ ਕਰਫ਼ਿਊ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤਕ ਸੀ। ਹੁਣ ਇਸ ਦਾ ਸਮਾਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਤਕ ਕਰ ਦਿੱਤਾ ਗਿਆ ਹੈ।
ਅੰਤਰਰਾਜੀ ਆਵਾਜਾਈ
ਹੁਣ ਅੰਤਰਰਾਜੀ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਲਈ ਹੁਣ ਕਿਸੇ ਪਾਸ ਦੀ ਜ਼ਰੂਰਤ ਨਹੀਂ ਹੋਵੇਗੀ।
ਕੌਮਾਂਤਰੀ ਉਡਾਨਾਂ
ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੀ ਅਜੇ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਧਾਰਮਿਕ ਅਸਥਾਨ
ਵੱਧ ਰਹੀ ਮੰਗ ਦੇ ਚੱਲਦਿਆਂ ਧਾਰਮਿਕ ਅਸਥਾਨ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਜਾ ਰਹੀ ਹੈ ਪਰ ਇਹ 8 ਜੂਨਂ ਤੋਂ ਖੁਲ੍ਹਣਗੇ। ਇਸ ਦੇ ਨਾਲ ਹੀ ਇਹ ਕਿਹਾ ਗਿਆ ਹੈ ਕਿ ਸੋਸ਼ਲ ਡਿਸਟੈਂਸਿੰਗ ਦਾ ਖ਼ਿਆਲ ਰੱਖਣਾ ਹੋਵੇਗਾ, ਮਾਸਕ ਪਾਉਣੇ ਪੈਣਗੇ ਅਤੇ ਸੈਨੇਟਾਈਜ਼ ਵੀ ਕਰਨਾ ਹੋਵੇਗਾ।
ਸਕੂਲ, ਕਾਲਜ
ਸਕੂਲ ਅਤੇ ਕਾਲਜ ਨਹੀਂ ਖੁਲ੍ਹਣਗੇ। ਜੁਲਾਈ ਵਿਚ ਇਸ ’ਤੇ ਵਿਚਾਰ ਕੀਤਾ ਜਾਵੇਗਾ।
ਹੋਟਲ, ਰੈਸਟੋਰੈਂਟ, ਸ਼ਾਪਿੰਗ ਮਾਲ
ਰੈਸਟੋਰੈਂਟ, ਹੋਟਲ ਅਤੇ ‘ਹੌਸਪੀਟੈਲਿਟੀ’ ਖ਼ੇਤਰ ਦੇ ਹੋਰ ਅਦਾਰੇ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਹ ਵੀ 8 ਜੂਨ ਤੋਂ ਹੀ ਖੁਲ੍ਹ ਸਕਣਗੇ। ਇਸ ਤੋਂ ਇਲਾਵਾ ਸ਼ਾਪਿੰਗ ਮਾਲ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਜਿੰਮ, ਸਵਿਮਿੰਗ ਪੂਲ ਬੰਦ ਰਹਿਣਗੇ
ਇਸ ਦੌਰ ਵਿਚ ਸਵਿਮਿੰਗ ਪੂਲ ਅਤੇ ਜਿੰਮ ਅਜੇ ਬੰਦ ਰਹਿਣਗੇ।
ਸਿਨੇਮਾ ਹਾਲ
ਅਜੇ ਸਿਨੇਮਾ ਹਾਲ ਬੰਦ ਰਹਿਣਗੇ।