ਹਰਿੰਦਰ ਨਿੱਕਾ ,ਬਰਨਾਲਾ 25 ਜੁਲਾਈ 2023
ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਪ੍ਰਬੰਧਕ ਕਮੇਟੀ ਦੀਆਂ ਕਥਿਤ ਮਨਮਾਨੀਆਂ ਅਤੇ ਬੇਨਿਯਮੀਆਂ ਤੋਂ ਤੰਗ ਆਏ ,ਇਲਾਕੇ ਦੇ ਲੋਕਾਂ ਨੇ ਵੱਡਾ ਮੋਰਚਾ ਖੋਲ੍ਹ ਦਿੱਤਾ ਹੈ। ਕਾਲਜ ਦੇ ਪ੍ਰਬੰਧਾਂ ਵਿਚ ਆਏ ਨਿਘਾਰ ਸੰਬੰਧੀ ਪਿੰਡ ਸੰਘੇੜਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਪਿੰਡ ਦਾ ਇਕੱਠ ਹੋਇਆ। ਇਕੱਤਰਤਾ ਵਿਚ ਪਿੰਡ ਦੇ ਮੌਜੂਦਾ ਐਮ.ਸੀ, ਸਾਬਕਾ ਐਮ.ਸੀ, ਗੁਰਦੁਆਰਿਆਂ ਦੀਆਂ ਕਮੇਟੀਆਂ, ਸਪੋਰਟਸ ਕਲੱਬਾਂ, ਵੱਖ – ਵੱਖ ਕਿਸਾਨ ਅਤੇ ਅਧਿਆਪਕ ਜੱਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੇ ਪਤਵੰਤੇ ਸੱਜਣਾਂ ਨੇ ਵੀ ਭਰਵੀਂ।ਸਮੂਲੀਅਤ ਕੀਤੀ।
ਇਸ ਇਕੱਠ ਵਿਚ ਸੰਘੇੜਾ ਕਾਲਜ ਦੀ ਡਾਵਾਂ ਡੋਲ ਹੋ ਚੁੱਕੀ ਸਥਿਤੀ ਦੇ ਕਾਰਨਾਂ ਸੰਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਕੱਤਰਤਾ ਦੇ ਬੁਲਾਰਿਆਂ ਅਨੁਸਾਰ ਪਿੰਡ ਵਾਸੀਆਂ ਵੱਲੋਂ ਲਗਭਗ ਅੱਧੀ ਸਦੀ ਪਹਿਲਾਂ 44 ਏਕੜ ਜ਼ਮੀਨ ਦਾਨ ਕਰਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਪਰੰਤੂ ਪਿਛਲੇ ਦੋ ਦਹਾਕਿਆਂ ਤੋਂ ਕੇਵਲ ਇੱਕ ਵਿਅਕਤੀ ਭੋਲਾ ਸਿੰਘ ਵਿਰਕ ਵੱਲੋਂ ਆਪਣੇ ਅਸਰ ਰਸੂਖ ਰਾਹੀਂ ਸਿਰਫ ਆਪਣੇ ਚਹੇਤਿਆਂ ਨੂੰ ਕਮੇਟੀ ਮੈਂਬਰ ਬਣਾ ਕੇ ਮੈਨੇਜਮੈਂਟ ਕਮੇਟੀ ਉਪਰ ਕਬਜਾ ਕਰਿਆ ਹੋਇਆ ਹੈ ਅਤੇ ਪਿੰਡ ਦੇ ਲੋਕਾਂ ਦੀ ਮੈਨੇਜਮੈਂਟ ਵਿਚ ਨੁਮਾਇੰਦਗੀ ਘੱਟ ਗਈ ਹੈ। ਜਿਸ ਕਾਰਨ ਕਾਲਜ ਪ੍ਰਧਾਨ ਵਿਰਕ ਵੱਲੋਂ ਦਿਨ ਬ ਦਿਨ ਆਪਣੀਆਂ ਮਨਮਾਨੀਆਂ, ਬੇਨਿਯਮੀਆਂ, ਧੱਕੇਸ਼ਾਹੀਆਂ ਤੇ ਬੇਲੋੜੇ ਫਜੂਲ ਖਰਚੇ ਕੀਤੇ ਜਾ ਰਹੇ ਹਨ। ਵਰਤਮਾਨ ਸਮੇਂ ਵਿਚ ਕਾਲਜ ਦਾ ਪ੍ਰਬੰਧ ਡਾਵਾਂ ਡੋਲ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਲਜ ਵਿਚ ਖੇਡ ਸਟੇਡੀਅਮ ਦੀ ਖੰਡਰ ਬਣ ਚੁੱਕੀ ਅਧੂਰੀ ਇਮਾਰਤ ਦੀ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਕਾਲਜ ਪ੍ਰਬੰਧਕਾਂ ਵੱਲੋਂ ਗਬਨ ਕੀਤੀ ਜਾ ਚੁੱਕੀ ਹੈ। ਇਕੱਠ ਵਿਚ ਹੋਏ ਫੈਸਲੇ ਅਨੁਸਾਰ ਕਾਲਜ ਪ੍ਰਧਾਨ ਭੋਲਾ ਸਿੰਘ ਵਿਰਕ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ, ਧਾਂਦਲੀਆਂ ਅਤੇ ਹੋਰ ਗਬਨਾਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪਿੰਡ ਵਾਸੀਆਂ ਦੇ ਇੱਕ ਵਫਦ ਨੇ ਪਿੰਡ ਦੇ ਮੌਜੂਦਾ ਅਤੇ ਸਾਬਕਾ ਐਮ.ਸੀ ਦੀ ਅਗਵਾਈ ਵਿਚ ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਵੀ ਸੌਂਪਿਆ।
ਇਸ ਮੌਕੇ ਜਸਵਿੰਦਰ ਸਿੰਘ, ਬਲਵੀਰ ਸਿੰਘ ਐਮ.ਸੀ, ਗੁਰਪ੍ਰੀਤ ਸਿੰਘ ਸੋਨੀ , ਵਿਧੀ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਏਅਰ ਫੋਰਸ, ਹਰਨੇਕ ਸਿੰਘ ਸਾਬਕਾ ਐਮ.ਸੀ, ਗਮਦੂਰ ਸਿੰਘ, ਨਛੱਤਰ ਸਿੰਘ ਪ੍ਰਧਾਨ ਵੱਡਾ ਗੁਰਦੁਆਰਾ, ਜਗਤਾਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਚਮਕੌਰ ਸਿੰਘ, ਕਰਮਜੀਤ ਸਿੰਘ ਅਤੇ ਤਾਰਾ ਸਿੰਘ ਟੀਚਰ ਯੂਨੀਅਨ, ਮਨਜੀਤ ਸਿੰਘ, ਹਰਬੰਸ ਸਿੰਘ, ਗੁਰਪ੍ਰੀਤ ਸਿੰਘ ਆਦਿ ਵੱਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ ਗਿਆ।