ਰਿਚਾ ਨਾਗਪਾਲ , ਪਟਿਆਲਾ 23 ਜੁਲਾਈ 2023
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਦਰਮਿਆਨ ਚੱਲ ਰਹੀ ਕਸ਼ਮਕਸ਼ ਤੇ ਤੰਦ ਕਸਦਿਆਂ ਕਿਹਾ ਕਿ ਇੱਕ ਪਾਸੇ ਪੰਜਾਬ ਹੜ੍ਹਾਂ ਦੀ ਮਾਰ ਦਾ ਸਾਹਮਣਾ ਕਰ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਰਾਜਪਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਆਪਸੀ ਸੁਰ ਨਹੀਂ ਮਿਲ ਰਹੀ।
ਪ੍ਰੋ. ਬਡੁੰਗਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਵੱਲ ਧਿਆਨ ਦੇ ਕੇ ਹੜ੍ਹਾਂ ਦੀ ਮਾਰ ਹੇਠ ਆਏ ਪ੍ਰਭਾਵਤ ਲੋਕਾਂ ਦੀ ਮਦਦ ਕਰਨ ਲਈ ਸਾਹਮਣੇ ਆਉਣਾ ਚਾਹੀਦਾ ਹੈ, ਜੋ ਕਿ ਸਰਕਾਰਾਂ ਦਾ ਅਹਿਮ ਕੰਮ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਇਹਨਾਂ ਦੋਵੇਂ ਸ਼ਖਸੀਅਤਾਂ ਨੂੰ ਆਪਣੀ ਹੱਠ ਛੱਡ ਕੇ ਪੰਜਾਬ ਦੇ ਭਲੇ ਲਈ ਮਿਲ ਬੈਠ ਕੇ ਪੰਜਾਬ ਦੀਆਂ ਮੌਜੂਦਾ ਸਮੱਸਿਆ ਨੂੰ ਨਿਪਟਾਉਣ ਲਈ ਆਪਣੇ ਅਹੁਦਿਆਂ ਦੀ ਮਰਿਆਦਾ ਪਾਲਦੇ ਹੋਏ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮੌਜੂਦਾ ਸਮੇਂ ਵਿੱਚ ਪੰਜਾਬ ਹੜ੍ਹਾਂ ਦੀ ਮਾਰ ਝੱਲ ਰਿਹਾ ਤੇ ਇਸ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋੜਵੰਦ ਲੋਕਾਂ ਦੀ ਮਦਦ ਲਈ ਸੇਵਾ ਦੇ ਕਾਰਜਾਂ ਵਿੱਚ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਰਿਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਐਡੀਸ਼ਨਲ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਨਰਿੰਦਰ ਸਿੰਘ ਰਸੀਦਪੁਰ, ਗੁਰਇਕਬਾਲ ਸਿੰਘ ਕੀਪਰ ਅਤੇ ਹੋਰ ਆਗੂ ਵੀ ਹਾਜ਼ਰ ਸਨ।