ਘਰ ਅੰਦਰ ਵੜ੍ਹ , ਛੇੜਛਾੜ ਕਰਨ ਦਾ ਮਾਮਲਾ,20 ਮਹੀਨਿਆਂ ਬਾਅਦ ਹੋਇਆ ਦਰਜ਼
ਹਰਿੰਦਰ ਨਿੱਕਾ, ਬਰਨਾਲਾ 15 ਜੁਲਾਈ 2023
ਆਪਣੀ ਗੁਆਂਢੀ ਔਰਤ ਦੇ ਘਰ ਜਬਰਦਸਤੀ ਦਾਖਿਲ ਹੋ ਕੇ, ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਘਟਨਾ ਤੋਂ ਕਰੀਬ ਵੀਹ ਮਹੀਨਿਆਂ ਬਾਅਦ ਕੇਸ ਦਰਜ਼ ਕੀਤਾ ਹੈ,ਜਦੋਂਕਿ ਹਾਲੇ ਵੀ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੀ ਹੈ। ਲੰਘੀ ਕੱਲ੍ਹ ਥਾਣਾ ਸਦਰ ਬਰਨਾਲਾ ਦੀ ਪੁਲਿਸ ਨੂੰ ਅਮਰਾ ਪੱਤੀ ਝਲੂਰ ਦੀ ਰਹਿਣ ਵਾਲੀ ਇੱਕ ਔਰਤ ਨੇ ਸ਼ਕਾਇਤ ਦਿੱਤੀ ਕਿ 21 ਨਵੰਬਰ 2021 ਦੀ ਸਵੇਰ ਕਰੀਬ 7 ਕੁ ਵਜੇ, ਉਹ ਆਪਣੇ ਪੁਰਾਣੇ ਮਕਾਨ ਵਿੱਚ ਪਸੂਆ ਨੂੰ ਪੱਠੇ( ਹਰਾ ਚਾਰਾ) ਪਾਉਣ ਅਤੇ ਗੋਹਾ ਸੁੱਟਣ ਲਈ ਗਈ ਸੀ ਤਾਂ ਇਤਨੇ ਵਿੱਚ ਉਨਾਂ ਦਾ ਗੁਆਂਢੀ ਲਖਵੀਰ ਦਾਸ , ਕੋਠੇ ਦੀ ਛੱਤ ਉਪਰੋ ਦੀ ਪੌੜੀਆ ਉਤਰ ਕੇ ਉਨ੍ਹਾਂ ਦੇ ਘਰ ਆ ਗਿਆ। ਔਰਤ ਨੇ ਕਿਹਾ ਕਿ ਲਖਵੀਰ ਦਾਸ , ਉਸ ਨੂੰ ਪਿੱਛੋ ਦੀ ਆ ਕੇ ਚਿੰਬੜ ਗਿਆ ਅਤੇ ਲੱਜਾ ਭੰਗ ਕਰਨ ਦੇ ਇਰਾਦੇ ਨਾਲ ਉਸ ਦੀ ਖਿੱਚ-ਧੂਹ ਵੀ ਕੀਤੀ। ਰੌਲਾ ਪਾਉਣ ਪਰ ਦੋਸ਼ੀ ਲਖਵੀਰ ਦਾਸ ,ਪੌੜੀਆਂ ਚੜ੍ਹ ਕੇ ਹੀ , ਉੱਥੋਂ ਭੱਜ ਗਿਆ । ਪੁਲਿਸ ਨੇ ਮੁਦਈ ਔਰਤ ਦੀ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਖਿਲਾਫ ਅਧੀਨ ਜੁਰਮ 452/354 ਆਈਪੀਸੀ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ ਕਰਕੇ,ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਕੇਸ ਦਰਜ਼ ਕਰਨ ‘ਚ ਦੇਰ ਕਿਉਂ ਹੋਈ ?
ਸੰਗੀਨ ਜੁਰਮ ਅਧੀਨ ਕੇਸ ਦਰਜ਼ ਵਿੱਚ ਕਰੀਬ 20 ਮਹੀਨਿਆਂ ਦੀ ਦੇਰੀ ਕਿਉਂ ਹੋਈ, ਅਜਿਹਾ ਸਵਾਲ ਹਰ ਕਿਸੇ ਵਿਅਕਤੀ ਦੇ ਜਿਹਨ ਵਿੱਚ ਆਉਣਾ ਸੁਭਾਵਿਕ ਹੀ ਹੈ। ਪੁਲਿਸ ਨੇ ਕੇਸ ਦਰਜ਼ ਕਰਨ ਵਿੱਚ ਹੋਈ ਦੇਰੀ ਦੀ ਵਜ੍ਹਾ ਵੀ, ਐਫ.ਆਈ.ਆਰ. ਅੰਦਰ ਮੁਦਈ ਦੇ ਬਿਆਨ ਵਿੱਚ ਹੀ ਸਪੱਸ਼ਟ ਕੀਤੀ ਹੈ। ਮੁਦਈ ਔਰਤ ਦਾ ਕਹਿਣਾ ਹੈ ਕਿ ਘਿਨਾਉਣੀ ਘਟਨਾ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਪੰਚਾਇਤੀ ਰਾਜੀਨਾਮੇ ਦੀ ਗੱਲਬਾਤ ਚਲਦੀ ਰਹੀ, ਗੱਲਬਾਤ ਇੱਨੀਂ ਲੰਬੀ ਚਲਦੀ ਰਹੀ ਕਿ ਵੀਹ ਮਹੀਨਿਆਂ ਦਾ ਲੰਬਾ ਸਮਾਂ ਬੀਤ ਗਿਆ। ਮੁਦਈ ਅਨੁਸਾਰ, ਲਖਵੀਰ ਦਾਸ , ਪੰਚਾਇਤੀ ਤੌਰ ਪਰ ਵੀ ਆਪਣੀ ਗਲਤੀ ਮੰਂਨਣ ਨੂੰ ਤਿਆਰ ਨਹੀ ਹੋਇਆ। ਜਿਸ ਕਾਰਣ, ਘਟਨਾ ਤੋਂ ਲੰਬਾ ਅਰਸਾ ਬਾਅਦ ਕੇਸ ਦਰਜ਼ ਕਰਵਾਉਣਾ ਪਿਆ ਹੈ। ਪੁਲਿਸ ਨੇ ਮਾਮਲੇ ਦੀ ਤਫਤੀਸ਼ ਏ.ਐਸ.ਆਈ. ਜੱਗਾ ਸਿੰਘ ਨੂੰ ਸੌਂਪ ਦਿੱਤੀ ਹੈ। ਪਰੰਤੂ ਨਾਮਜਦ ਦੋਸ਼ੀ, ਹਾਲੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੀ ਹੈ।