‘ਪਾਣੀ ‘ਚ ਘਿਰੇ 14291 ਲੋਕਾਂ ਨੂੰ ਬਾਹਰ ਕੱਢਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ’

Advertisement
Spread information

ਹੜ੍ਹਾਂ ਦੀ ਕੁਦਰਤੀ ਮਾਰ ਨੇ ਪਟਿਆਲਾ ਸ਼ਹਿਰ ਸਮੇਤ ਜ਼ਿਲ੍ਹੇ ਦੇ 458 ਪਿੰਡਾਂ ਨੂੰ ਕੀਤਾ ਪ੍ਰਭਾਵਤ-ਜੌੜਾਮਾਜਰਾ

ਰਿਚਾ ਨਾਗਪਾਲ , ਪਟਿਆਲਾ/ਸਮਾਣਾ, 15 ਜੁਲਾਈ 2023 
        ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਟਿਆਲਾ ਜ਼ਿਲ੍ਹੇ ਅੰਦਰ ਹੜ੍ਹਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਵੇਂ ਕਿ ਹੜ੍ਹਾਂ ਨੇ ਪਟਿਆਲਾ ਸ਼ਹਿਰ ਦੀਆਂ ਦੋ ਦਰਜਨ ਦੇ ਕਰੀਬ ਕਲੋਨੀਆਂ ਸਮੇਤ ਜ਼ਿਲ੍ਹੇ ਦੇ 458 ਪਿੰਡ ਪ੍ਰਭਾਵਿਤ ਕੀਤੇ ਹਨ ਪਰੰਤੂ ਇਹ ਕੁਦਰਤੀ ਆਫ਼ਤ ਸਾਡੇ ਲੋਕਾਂ ਦਾ ਹੌਂਸਲਾ ਪਸਤ ਨਹੀਂ ਕਰ ਸਕੀ।
ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਬਹੁਤੇ ਪਿੰਡਾਂ ਵਿੱਚ ਤਾਂ ਫ਼ਸਲਾਂ ਦੇ ਨਾਲ-ਨਾਲ ਘਰੇਲੂ ਆਬਾਦੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹਾਲਾਂਕਿ ਖੇਤਾਂ ਵਿੱਚ ਖੜ੍ਹੇ ਪਾਣੀ ਕਰਕੇ ਅਜੇ ਫ਼ਸਲਾਂ ਦੇ ਖਰਾਬੇ ਦੀ ਰਿਪੋਰਟ ਨਹੀਂ ਹੋ ਸਕੀ ਪਰੰਤੂ ਇੱਕ ਅੰਦਾਜੇ ਮੁਤਾਬਕ ਕਰੀਬ 1 ਲੱਖ ਏਕੜ ਰਕਬਾ ਪ੍ਰਭਾਵਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਆਰਮੀ ਤੇ ਐਨ.ਡੀ.ਆਰ.ਐਫ. ਦੇ ਸਹਿਯੋਗ ਨਾਲ ਤੁਰੰਤ ਕਾਰਵਾਈ ਕਰਕੇ ਪਾਣੀ ਵਿੱਚ ਘਿਰੇ 14291 ਲੋਕਾਂ ਨੂੰ ਬਾਹਰ ਕੱਢਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਰਿਪੋਰਟ ਮੁਤਾਬਕ ਜ਼ਿਲ੍ਹੇ ‘ਚ 6 ਘਰ ਢਹੇ ਹਨ ਜਦਕਿ 46 ਘਰਾਂ ਨੂੰ ਨੁਕਸਾਨ ਪੁੱਜਾ ਹੈ ਤੇ ਕਈ ਥਾਈਂ ਪਾਲਤੂ ਪਸ਼ੂ ਵੀ ਮਰੇ ਹਨ।
ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਇਹ ਵੀ ਪਹਿਲੀ ਵਾਰ ਹੈ ਕਿ ਸ. ਭਗਵੰਤ ਮਾਨ ਦੀ ਅਗਵਾਈ ਹੇਠ ਪੂਰੀ ਵਜ਼ਾਰਤ ਅਤੇ ਵਿਧਾਇਕ ਲੋਕਾਂ ਦਰਮਿਆਨ ਵਿਚਰਦਿਆਂ ਸੰਕਟ ‘ਚ ਫਸੇ ਲੋਕਾਂ ਦੀ ਸਹਾਇਤਾਂ ਕਰਨ ਲਈ ਹਰ ਹੰਭਲਾ ਮਾਰ ਰਹੇ ਹਨ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਨੀਨਾ ਮਿੱਤਲ, ਗੁਰਲਾਲ ਘਨੌਰ, ਹਰਮੀਤ ਸਿੰਘ ਪਠਾਣਮਾਜਰਾ, ਗੁਰਦੇਵ ਸਿੰਘ ਦੇਵ ਮਾਨ ਤੇ ਕੁਲਵੰਤ ਸਿੰਘ ਨੇ ਦਿਨ-ਰਾਤ ਇੱਕ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ। ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਵਰੁਣ ਸ਼ਰਮਾ ਦੀ ਨਿਗਰਾਨੀ ਹੇਠ ਭਾਰਤੀ ਫ਼ੌਜ ਦੇ 36 ਅਫ਼ਸਰ, 87 ਜੇ.ਸੀ.ਓਜ ਤੇ 1009 ਜਵਾਨਾਂ ਸਮੇਤ ਐਨ.ਡੀ.ਆਰ.ਐਫ਼ ਦੀਆਂ 3 ਟੀਮਾਂ, ਸਿਵਲ ਤੇ ਪੁਲਿਸ ਪ੍ਰਸ਼ਾਸਨ ਅਤੇ ਐਨ.ਜੀ.ਓਜ ਸਮੇਤ ਆਮ ਲੋਕਾਂ ਨੇ ਵੀ ਹੜ੍ਹ ਦੌਰਾਨ ਰਾਹਤ ਤੇ ਬਚਾਅ ਕਾਰਜਾਂ ਵਿੱਚ ਭਰਵਾਂ ਯੋਗਦਾਨ ਪਾਇਆ ਹੈ।                                                       
ਲੋਕ ਸੰਪਰਕ ਮੰਤਰੀ ਜੌੜਾਮਾਜਰਾ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ 40 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ ਜਦਕਿ ਰਾਹਤ ਕਾਰਜ ਕਰਦੇ ਹੋਏ ਹੁਣ ਤੱਕ 52 ਹਜਾਰ ਭੋਜਨ ਦੇ ਪੈਕੇਟਸ ਸਮੇਤ ਪੀਣ ਵਾਲਾ ਪਾਣੀ, ਦਵਾਈਆਂ, ਘਰੇਲੂ ਲੋੜਾਂ ਦੀਆਂ ਵਸਤਾਂ ਅਤੇ ਪਸ਼ੂਆਂ ਲਈ ਚਾਰਾ ਵੀ ਪਹੁੰਚਾਇਆ ਗਿਆ ਹੈ। ਜੌੜਾਮਾਜਰਾ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਸੂਬਾ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਕਰਨ ਲਈ ਨਿਰੰਤਰ ਕਾਰਜਸ਼ੀਲ ਹੈ।
ਇਸੇ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਹਿਮਾਚਲ ਪ੍ਰਦੇਸ਼ ਵਿਖੇ ਭਾਰੀ ਮੀਂਹ ਕਰਕੇ ਆਏ ਹੜ੍ਹਾਂ ਕਰਕੇ ਪੀ.ਆਰ.ਟੀ.ਸੀ. ਦੇ ਲਾਪਤਾ ਹੋਏ ਕੰਡਕਟਰ ਜਗਸੀਰ ਸਿੰਘ ਦੇ ਪੀੜਤ ਪਰਿਵਾਰਕ ਮੈਂਬਰਾਂ ਨੂੰ ਮਿਲਕੇ ਢਾਰਸ ਦਿੱਤੀ। ਕੈਬਨਿਟ ਮੰਤਰੀ ਨੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿੱਚ ਪੰਜਾਬ ਸਰਕਾਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ‘ਤੇ ਟਰਾਂਸਪੋਰਟ ਵਿਭਾਗ ਤੇ ਪੀ.ਆਰ.ਟੀ.ਸੀ. ਵੱਲੋਂ ਜਗਸੀਰ ਸਿੰਘ ਦੀ ਭਾਲ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ।
ਜੌੜਾਮਾਜਰਾ ਨੇ ਅੱਜ ਫੇਰ ਸਮਾਣਾ ਦੇ ਹੜ੍ਹ ਪ੍ਰਭਾਵਤ ਪਿੰਡਾਂ ਮੱਦੋਮਾਜਰਾ, ਗਾਜੇਵਾਸ, ਚਤੈਹਰਾ, ਮਵੀ ਸੱਪਾਂ, ਧਨੌਰੀ, ਦੇਵੀ ਨਗਰ, ਬਠੋਈ ਖੁਰਦ ਤੇ ਬਠੋਈ ਕਲਾਂ ਅਤੇ ਡਕਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਡੱਟਕੇ ਖੜ੍ਹੀ ਹੈ। ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਅਮਰਦੀਪ ਸਿੰਘ ਸੋਨੂ ਥਿੰਦ, ਸੁਰਜੀਤ ਸਿੰਘ ਫ਼ੌਜੀ, ਐੱਸ ਡੀ ਐਮ ਚਰਨਜੀਤ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
Advertisement
Advertisement
Advertisement
Advertisement
Advertisement
error: Content is protected !!