BTN ,ਚੰਡੀਗੜ੍ਹ 13 ਜੁਲਾਈ 2023
ਭਾਰਤੀ ਕਿਸਾਨ ਯੂਨੀਅਨ-ਏਕਤਾ (ਡਕੌਂਦਾ) ਵੱਲੋਂ ਜਥੇਬੰਦੀ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦੀ 13ਵੀਂ ਬਰਸੀ ਮੌਕੇ ਸੂਬੇ ਦੇ 13 ਜਿਲ੍ਹਿਆਂ ‘ਚ ਸਰਧਾਂਜਲੀ ਸਮਾਗਮ ਕੀਤੇ ਗਏ।
ਜ਼ਿਲਾ ਸੰਗਰੂਰ ਵਿੱਚ ਮਸਤੂਆਣਾ ਸਾਹਿਬ, ਜ਼ਿਲ੍ਹਾ ਮਾਨਸਾ ਵਿੱਚ ਬੁਢਲਾਡਾ, ਜ਼ਿਲ੍ਹਾ ਲੁਧਿਆਣਾ ਵਿੱਚ ਪਿੰਡ ਦੇਹੜਕਾ, ਜ਼ਿਲ੍ਹਾ ਬਠਿੰਡਾ ਵਿੱਚ ਭੁੱਚੋ ਮੰਡੀ, ਫਰੀਦਕੋਟ ਦੇ ਪਿੰਡ ਸਮਾਲਸਰ ਵਿਖੇ, ਮਲੇਰਕੋਟਲਾ, ਫਾਜ਼ਿਲਕਾ, ਫਰੀਦਕੋਟ, ਬਰਨਾਲਾ, ਫਿਰੋਜ਼ਪੁਰ, ਕਪੂਰਥਲਾ, ਮੋਗਾ ਅਤੇ ਸ਼੍ਰੀ ਮੁਕਤਸਰ ਸਾਹਿਬ ਸਮੇਤ ਦਰਜ਼ਨਾਂ ਥਾਵਾਂ ‘ਤੇ ਹੋਏ ਸ਼ਰਧਾਂਜਲੀ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਜਥੇਬੰਦੀ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਮੀਤ ਪ੍ਰਧਾਨ ਹਰੀਸ਼ ਨੱਢਾ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ, ਖਜ਼ਾਨਚੀ ਬਲਵੰਤ ਸਿੰਘ ਉੱਪਲੀ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮਹਿੰਦਰ ਸਿੰਘ ਦਿਆਲਪੁਰਾ, ਮੱਖਣ ਸਿੰਘ ਭੈਣੀ ਬਾਘਾ ਅਤੇ ਅੰਮ੍ਰਿਤਪਾਲ ਕੌਰ ਅਤੇ ਜ਼ਿਲ੍ਹਿਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ‘ਚ ਏਕਤਾ ਸਥਾਪਤ ਕਰਨ ਲਈ ਪਹਿਲਕਦਮੀ ਕਰਨ ਵਾਲੇ ਬਲਕਾਰ ਸਿੰਘ ਡਕੌਂਦਾ ਨੇ 2007 ‘ਚ ਜਥੇਬੰਦੀ ਦੀ ਸਥਾਪਨਾ ਵੇਲ਼ੇ ਵਡੇਰੀ ਜਿੰਮੇਵਾਰੀ ਸੰਭਾਲੀ।
ਬਲਕਾਰ ਸਿੰਘ ਡਕੌਂਦਾ 1991 ‘ਚ ਦੇਸ਼ ਵਿੱਚ ਲਾਗੂ ਕੀਤੀਆਂ ਵਿਸ਼ਵੀਕਰਨ, ਨਿੱਜੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਤੋਂ ਚਿੰਤਤ ਸਨ। ਉਹਨਾਂ ਨੇ ਆਪਣੀ ਜਵਾਨੀ ਪਹਿਰੇ ਨੌਜਵਾਨਾਂ ਨੂੰ ਚੇਤੰਨ ਕਰਦਿਆਂ ਜ਼ਿੰਦਗੀ ਦੇ ਨਵੇਂ ਰਸਤੇ ਤਲਾਸ਼ਣ ਦੀ ਜਾਗ ਲਾਈ ਤੇ ਆਪਣੀ ਜ਼ਿੰਦਗੀ ਦੇ ਅਹਿਮ 25 ਸਾਲ ਕਿਸਾਨ ਲਹਿਰ ਦੇ ਲੇਖ਼ੇ ਲਾਉਂਦਿਆਂ ਸਾਂਝੇ ਸੰਘਰਸ਼ਾਂ ਦਾ ਝੰਡਾ ਬੁਲੰਦ ਕੀਤਾ। ਉਹਨਾਂ ਵੱਲੋਂ ਦਿੱਤੀ ਸੇਧ ‘ਤੇ ਚੱਲਦਿਆਂ ਹੀ ਬੀਕੇਯੂ (ਡਕੌਂਦਾ) ਸਾਂਝੇ ਸੰਘਰਸ਼ਾਂ ਦੀ ਮੂਹਰੈਲ ਜਥੇਬੰਦੀ ਵਜੋਂ ਉੱਭਰੀ ਹੈ। ਭਾਵੇਂ ਉਹ ਆਪਣੀ ਧਰਮਪਤਨੀ ਸਮੇਤ ਇਕ ਦਰਦਨਾਕ ਸੜਕ ਹਾਦਸੇ ਵਿੱਚ 13 ਜੁਲਾਈ 2010 ਨੂੰ ਸਾਨੂੰ ਸਰੀਰਕ ਤੌਰ’ ਤੇ ਸਦੀਵੀ ਵਿਛੋੜਾ ਦੇ ਗਏ ਸਨ, ਪਰ ਉਹ ਵਿਚਾਰਾਂ ਦੇ ਰੂਪ’ ਚ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਹਨ ਤੇ ਸਾਡੇ ਲਈ ਪ੍ਰੇਰਨਾ ਦਾ ਸਰੋਤ ਹਨ।
ਵੱਖ ਵੱਖ ਥਾਵਾਂ ਤੇ ਬੁਲਾਰਿਆਂ ਨੇ ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਕੁੱਲਰੀਆਂ ਵਿਖੇ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਲੋਕਾਂ ਦੀਆਂ ਜਮੀਨਾਂ ਤੇ ਕਬਜਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਵਿਸ਼ਵਾਸ ਘਾਤ ਦੱਸਿਆ ਅਤੇ ਐਲਾਨ ਕੀਤਾ ਗਿਆ ਕਿ ਇਸ ਧੱਕੇਸ਼ਾਹੀ ਦਾ ਜਵਾਬ ਦੇਣ ਲਈ 20 ਜੁਲਾਈ ਨੂੰ ਕੁੱਲਰੀਆਂ ਵਿਖੇ ਸੂਬਾਈ ਕਿਸਾਨ ਰੈਲੀ ਕੀਤੀ ਜਾਵੇਗੀ ਅਤੇ ਅਗਲੇ ਪ੍ਰੋਗਰਾਮ ਉਲੀਕਣ ਲਈ 16 ਜੁਲਾਈ ਨੂੰ ਸੂਬਾ ਕਮੇਟੀ ਦੀ ਮੀਟਿੰਗ ਗੁਰਦੁਆਰਾ ਬਾਬਾ ਹਾਜੀ ਰਤਨ ਸਾਹਿਬ ਬਠਿੰਡਾ ਵਿਖੇ ਬੁਲਾ ਲਈ ਗਈ ਹੈ।
ਇਸ ਤੋਂ ਇਲਾਵਾ ਹੜਾਂ ਨਾਲ ਹੋਏ ਨੁਕਸਾਨ ਨੂੰ ਦੇਖਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਹੜਾਂ ਨੂੰ ਕੌਮੀ ਆਫ਼ਤ ਐਲਾਨ ਕਰਕੇ ਸੂਬਿਆਂ ਨੂੰ ਆਰਥਿਕ ਸਹਾਇਤਾ ਦੇਵੇ। ਪੰਜਾਬ ਸਰਕਾਰ ਲੋਕਾਂ ਨੂੰ ਫਸਲਾਂ, ਘਰਾਂ ਅਤੇ ਹੋਰ ਨੁਕਸਾਨ ਦਾ ਮੁਆਵਜ਼ਾ ਦੇਵੇ।
ਬੁਲਾਰਿਆਂ ਨੇ ਬਲਕਾਰ ਸਿੰਘ ਡਕੌਂਦਾ ਵੱਲੋਂ ਦਰਸਾਏ, ਸਾਂਝੇ ਸੰਘਰਸ਼ਾਂ ਦੇ ਰਾਹ ਤੇ ਚਲਦਿਆਂ, ਪਾਰਲੀਮਾਨੀ ਸਿਸਟਮ ਤੋਂ ਝਾਕ ਛੱਡ ਕੇ, ਹਰ ਤਰਾਂ ਦੇ ਕੁਰਾਹਿਆਂ ਖ਼ਿਲਾਫ਼ ਡਟਣ ਦਾ ਅਹਿਦ ਲਿਆ।