ਬੇਅੰਤ ਬਾਜਵਾ,ਲੁਧਿਆਣਾ, 12 ਜੁਲਾਈ 2023
ਦੋਰਾਹਾ ਨਹਿਰ ਵਿੱਚ ਹੜ੍ਹਾਂ ਦੇ ਪਾਣੀ ਦੇ ਵਹਾਅ ‘ਤੇ ਲਗਾਤਾਰ ਨਜ਼ਰ ਰੱਖਣ ਲਈ ਪਿੰਡਾਂ ਵਿੱਚ ਠੀਕਰੀ ਪਹਿਰਾ ਜਾਂ ਰਾਤ ਦੀ ਚੌਕਸੀ ਬੇਹੱਦ ਲਾਹੇਵੰਦ ਸਿੱਧ ਹੋਈ ਹੈ ਜਿਸ ਨਾਲ ਬੰਨ੍ਹਾਂ ‘ਤੇ ਪਾਣੀ ਦੇ ਓਵਰਫਲੋ ਤੋਂ ਬਚਾਅ ਰਿਹਾ ਹੈ।ਪ੍ਰਸ਼ਾਸਨ ਦੀਆਂ ਟੀਮਾਂ, ਫੌਜ ਅਤੇ ਰਾਜਗੜ੍ਹ, ਕਟਾਣਾ, ਰਾਮਪੁਰ ਸਮੇਤ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਦੇ ਨਾਲ ਜ਼ਮੀਨੀ ਪੱਧਰ ‘ਤੇ ਡਟੀਆਂ ਹੋਈਆਂ ਹਨ ਜਿਸ ਨਾਲ ਸਥਿਤੀ ‘ਤੇ ਕਾਬੂ ਪਾਇਆ ਹੋਇਆ ਹੈ। ਦੋਰਾਹਾ ਨਹਿਰ ਵਿੱਚ ਹੁਣ ਤੱਕ ਦੋ ਥਾਵਾਂ ‘ਤੇ ਓਵਰਫਲੋ ਹੋਇਆ ਹੈ ਜਿਸ ‘ਤੇ ਸਾਂਝੇ ਯਤਨਾਂ ਨਾਲ ਤੁਰੰਤ ਕਾਬੂ ਪਾਇਆ ਗਿਆ ਹੈ। ਪ੍ਰਸ਼ਾਸ਼ਨ ਵਲੋਂ ਨਹਿਰ ਦੇ ਵਹਾਅ ‘ਤੇ ਬਾਜ਼ ਵਾਲੀ ਅੱਖ ਰੱਖੀ ਹੋਈ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮਿੱਟੀ ਦੀਆਂ ਟਰਾਲੀਆਂ ਅਤੇ ਰੇਤ ਦੀਆਂ ਬੋਰੀਆਂ ਨੂੰ ਕੰਢਿਆਂ ‘ਤੇ ਜਮ੍ਹਾਂ ਕੀਤਾ ਹੋਇਆ ਹੈ।
ਉਪ ਮੰਡਲ ਮੈਜਿਸਟ੍ਰੇਟ ਪਾਇਲ ਜਸਲੀਨ ਕੌਰ ਭੁੱਲਰ ਨੇ ਕਿਹਾ ਕਿ ਬੰਨ੍ਹਾਂ ਨੂੰ ਤੁਰੰਤ ਮਜ਼ਬੂਤ ਕਰਨ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਨੂੰ ਪਹਿਲ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਸਥਾਨਾਂ ਰਾਹੀਂ ਜਨਤਕ ਮੁਨਾਦੀ ਵੀ ਕੀਤੀ ਗਈ ਹੈ ਜਿਸਦੇ ਤਹਿਤ ਨੇੜਲੇ ਪਿੰਡਾਂ ਦੇ ਲੋਕ ਸਾਂਝੀ ਥਾਂ ‘ਤੇ ਇਕੱਠੇ ਹੋ ਕੇ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਰੇਤ ਦੀਆਂ ਬੋਰੀਆਂ ਭਰਨ ਲਈ ਮਨਰੇਗਾ ਕਾਮਿਆਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।
ਇਸ ਦੌਰਾਨ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਜਲਦ ਤੋਂ ਜਲਦ ਸਥਿਤੀ ਨੂੰ ਆਮ ਵਾਂਗ ਬਹਾਲ ਕਰਨ ਲਈ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।ਡਿਪਟੀ ਕਮਿਸ਼ਨਰ ਮਲਿਕ ਵਲੋਂ ਪ੍ਰਸ਼ਾਸਨ ਨੂੰ ਸਥਾਨਕ ਪਿੰਡ ਵਾਸੀਆਂ ਵੱਲੋਂ ਦਿੱਤੇ ਭਰਵੇਂ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਹੋਰ ਨੁਕਸਾਨ ਹੋਣ ਤੋਂ ਰੋਕਣ ਵਿੱਚ ਮਦਦ ਮਿਲੀ ਹੈ।