ਬਿੱਟੂ ਜਲਾਲਾਬਾਦੀ, ਫਿ਼ਰੋਜ਼ਪੁਰ, 11 ਜੁਲਾਈ 2023.
ਮਾਂ ਅਤੇ ਬੱਚੇ ਦੀ ਸੁਰਖਿਆ ਲਈ ਜਨੇਪਾ ਸਿਰਫ ਹਸਪਤਾਲ ਵਿੱਚ ਹੀ ਕਰਵਾਉਣਾ ਚਾਹੀਦਾ ਹੈ,ਘਰ ਵਿੱਚ ਕਰਵਾਇਆ ਗਿਆ ਜਨੇਪਾ ਖਤਰਨਾਕ ਹੋ ਸਕਦਾ ਹੈ।ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਪਾਲ ਨੇ ਜ਼ਿਲਾ ਪੱਧਰੀ ਮੈਟਰਨਲ ਡੈਥ ਰਿਵੀਊ ਮੀਟਿੰਗ ਦੌਰਾਨ ਕੀਤਾ।
ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਕਿਹਾ ਕਿ ਸਰਕਾਰੀ ਹਦਾਇਤਾਂ ਅਨੁਸਾਰ ਜ਼ਿਲੇ ਅੰਦਰ ਜੱਚਗੀ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਬਾਰੀਕੀ ਨਾਲ ਪੜਤਾਲ ਕਰਨ ਲਈ ਇਹ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਤਾਂ ਕਿ ਭਵਿੱਖ ਵਿੱਚ ਅਜਿਹੀਆਂ ਪ੍ਰਸਥਿਤੀਆਂ ਨੂੰ ਟਾਲਿਆ ਜਾ ਸਕੇ। ਉਨਾਂ ਕਿਹਾ ਕਿ ਇਨਾਂ ਮੌਤਾਂ ਦੌਰਾਨ ਪੈਦਾ ਹੋਏ ਹਾਲਾਤਾਂ ਦੀ ਸਮਿਖਿਆ ਅਤੇ ਮੌਤਾਂ ਦੇ ਕਾਰਨਾਂ ਦੀ ਤਹਿ ਤੱਕ ਜਾਣ ਲਈ ਇੱਕ ਉੱਚ ਪੱਧਰੀ ਕਮੇਟੀ ਸਬੰਧਤ ਰਿਕਾਰਡ ਦੀ ਘੋਖ ਕਰਦੀ ਹੈ। ਇਸ ਕਮੇਟੀ ਵਿੱਚ ਜ਼ਿਲਾ ਪੱਧਰੀ ਉੱਚ ਅਧਿਕਾਰੀਆਂ ਤੋਂ ਇਲਾਵਾ ਮੈਡੀਕਲ ਸਪੈਸ਼ਲਿਸਟ, ਜੱਚਾ ਬੱਚਾ ਮਾਹਿਰ, ਐਨਥੀਸੀਆ ਮਾਹਿਰ ਅਤੇ ਬਲੱਡ ਟਰਾਂਸਫਿਊਜਨ ਅਫਸਰ ਸ਼ਾਮਲ ਹੁੰਦੇ ਹਨ।
ਸਿਵਲ ਸਰਜਨ ਡਾ:ਰਾਜਿੰਦਰ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਕਰਦਿਆਂ ਕਿਹਾ ਕਿ ਜਿੰਨੀ ਜਲਦੀ ਹੋ ਸਕੇ ਹਰ ਗਰਭਵਤੀ ਦੀ ਰਜਿਸਟਰੇਸ਼ਨ ਸਿਹਤ ਵਿਭਾਗ ਕੋਲ ਦਰਜ ਕਰਵਾਈ ਜਾਵੇ ਤਾਂ ਕਿ ਵਿਭਾਗ ਵੱਲੋਂ ਮੁਹੱਈਆਂ ਕਰਵਾਈਆਂ ਜਾਂਦੀਆਂ ਸਾਰੀਆਂ ਸਹੂਲਤਾਂ ਇਨਾਂ ਤੱਕ ਪੰਹੁਚਾਈਆਂ ਜਾ ਸਕਣ। ਉਨਾਂ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਜਨਨੀ ਸ਼ਿਸ਼ੂ ਸਰੱਖਿਆ ਕਾਰਿਆਕ੍ਰਮ ਤਹਿਤ ਸਰਕਾਰੀ ਹਸਪਤਾਲਾਂ ਵਿਖੇ ਮੁਫਤ ਜਨੇਪਾ,ਮੁਫਤ ਦਵਾਈਆਂ,ਮੁਫਤ ਜਾਂਚ,ਮੁਫਤ ਟਰਾਂਸਪੋਰਟ ਸੁਵਿਧਾ ਤੋਂ ਇਲਾਵਾ ਹਸਪਤਾਲ ਵਿੱਚ ਦਾਖਲੇ ਦੇ ਸਮੇਂ ਦੌਰਾਨ ਮੁਫਤ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਉਨਾਂ ਸਮੂਹ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਗਰਭਵਤੀ ਦੇ ਘੱਟੋ ਘੱਟ ਚਾਰ ਏ.ਅੇਨ.ਸੀ.ਚੈੱਕਅਪ ਯਕੀਨੀ ਬਨਾਏ ਜਾਣ ਇਸ ਤੋਂ ਇਲਾਵਾ ਸਮੁੱਚੇ ਗਰਭਕਾਲ ਦੌਰਾਨ ਘੱਟੋ ਘੱਟ ਇੱਕ ਵਾਰ ਮੈਡਕਲ ਸਪੈਸ਼ਲਿਸਟ ਜਾਂਚ ਅਤੇ ਪੀ.ਐਮ.ਐਸ.ਏ ਜਾਂਚ ਜਰੂਰ ਕਰਵਾਈ ਜਾਵੇ। ਉਨਾਂ ਸਟਾਫ ਨੂੰ ਇਹ ਵੀ ਕਿਹਾ ਆਪਣੇ ਖੇਤਰ ਨਾਲ ਸਬੰਧਤ ਯੋਗ ਜੋੜਿਆਂ ਨੂੰ ਸੰਤਾਨ ਸੰਜਮ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਵਿਭਾਗ ਵੱਲੋਂ ਮੁਹੱਈਆ ਕਰਵਾਏ ਜਾਂਦੇ ਪਰਿਵਾਰ ਨਿਯੋਜਨ ਦੇ ਸਾਧਨਾਂ ਨੂੰ ਲੋਕਾਂ ਤੱਕ ਪਹੰਚਾਉਣ ਦੀ ਹਦਾਇਤ ਕੀਤੀ ਕਿਉਂਕਿ ਕਈ ਵਾਰ ਜਲਦੀ ਜਲਦੀ ਗਰਭਧਾਰਨ ਅਤੇ ਅਣਚਾਹਿਆ ਗਰਭ ਵੀ ਮਾਤਰੀ ਮੌਤਾਂ ਦਾ ਕਾਰਨ ਬਣ ਸਕਦਾ ਹੈ।
ਇਸ ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ:ਸੁਸ਼ਮਾਂ ਠੱਕਰ, ਪ੍ਰਭਾਰੀ ਜ਼ਿਲਾ ਪਰਿਵਾਰ ਭਲਾਈ ਅਫਸਰ ਡਾ:ਮੀਨਾਕਸ਼ੀ ਅਬਰੋਲ, ਐਸ.ਅਮਿ.ਓ.ਡਾ: ਬਲਕਾਰ ਸਿੰਘ, ਡਾ:ਕਰਨਵੀਰ ਕੌਰ, ਡਾ:ਨਵੀਨ ਸੇਠੀ, ਮਾਸ ਮੀਡੀਆ ਅਫਸਰ ਰੰਜੀਵ, ਜ਼ਿਲਾ ਪ੍ਰੋਗ੍ਰਾਮ ਮੈਨੇਜਰ ਹਰੀਸ਼ ਕਟਾਰੀਆ, ਐਮ.ਈ.ਓ ਦੀਪਕ ਤੋਂ ਇਲਾਵਾ ਵਿਭਾਗ ਦੇ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।