ਹਰਿੰਦਰ ਨਿੱਕਾ , ਬਰਨਾਲਾ 3 ਜੁਲਾਈ 2023
ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਰਿਸ਼ਵਤ ਲੈਂਦਿਆਂ ਰੰਗੇ ਹੱਥੇ ਕਾਬੂ ਫੂਡ ਐਂਡ ਸਪਲਾਈ ਵਿਭਾਗ ਭਦੌੜ ਦੇ ਇੱਕ ਫੂਡ ਐਂਡ ਸਪਲਾਈ ਇੰਸਪੈਕਟਰ ਨੂੰ ਅੱਜ ਐਡੀਸ਼ਨਲ ਸੈਸ਼ਨ ਜੱਜ ਬਰਨਾਲਾ ਦੀ ਅਦਾਲਤ ਨੇ ਚਾਰ ਵਰ੍ਹਿਆਂ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ। ਮਾਨਯੋਗ ਅਦਾਲਤ ਦਾ ਇਹ ਫੈਸਲਾ ਸੱਤ ਕੁ ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਭਦੌੜ ਵਿਖੇ ਤਾਇਨਾਤ ਫੂਡ ਐਂਡ ਸਪਲਾਈ ਇੰਸਪੈਕਟਰ ਰਮਨਦੀਪ ਸਿੰਘ ਨੂੰ 27 ਜੂਨ 2016 ਨੂੰ 5100 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਗਿਆ ਸੀ। ਇੰਸਪੈਕਟਰ ਰਮਨਦੀਪ ਸਿੰਘ ਦੇ ਖਿਲਾਫ ਵਿਜੀਲੈਂਸ ਬਿਊਰੋ ਜੋਨ ਦੇ ਪਟਿਆਲਾ ਥਾਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਸੈਕਸ਼ਨ 7 ਐਂਡ 13(2) + 13(1) ਤਹਿਤ ਦਰਜ਼ ਕੀਤਾ ਗਿਆ ਸੀ। ਚਲਾਨ ਪੇਸ਼ ਹੋਣ ਉਪਰੰਤ ਐਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰਟ ਬਰਨਾਲਾ ਵਿਖੇ ਕਰੀਬ ਸੱਤ ਸਾਲ ਲੰਬੀ ਸੁਣਵਾਈ ਚਲਦੀ ਰਹੀ। ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰਟ ਸ੍ਰੀ ਦਵਿੰਦਰ ਕੁਮਾਰ ਗੁਪਤਾ ਦੀ ਅਦਾਲਤ ਵਿੱਚ ਬਚਾਅ ਪੱਖ ਦੇ ਵਕੀਲ ਅਤੇ ਸਰਕਾਰੀ ਵਕੀਲ ਵੱਲੋਂ ਆਪੋ ਆਪਣੀ ਧਿਰ ਦੇ ਪੱਖ ਵਿੱਚ ਦਲੀਲਾਂ ਦੇ ਕੇ ਜੋਰਦਾਰ ਬਹਿਸ ਕੀਤੀ ਗਈ। ਆਖਿਰ ਮਾਨਯੋਗ ਅਦਾਲਤ ਨੇ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵਾਂ ਜੁਰਮਾਂ ਅਧੀਨ 4/4 ਸਾਲ ਦੀ ਕੈਦ ਅਤੇ 10/10 ਹਜ਼ਾਰ ਰੁਪਏ ਜੁਰਮਾਨੇ ਦੀ ਸਖਤ ਸਜਾ ਸੁਣਾਉਂਦਿਆਂ ਇੰਸਪੈਕਟਰ ਰਮਨਦੀਪ ਸਿੰਘ ਨੂੰ 4 ਸਾਲ ਲਈ ਜੇਲ੍ਹ ਭੇਜ ਦਿੱਤਾ। ਇਸ ਕੇਸ ਵਿੱਚ ਵਿਜੀਲੈਂਸ ਬਿਊਰੋ ਬਰਨਾਲਾ ਵਿਖੇ ਤਾਇਨਾਤ ਤਫਤੀਸ਼ ਅਧਿਕਾਰੀ ਇੰਸਪੈਕਟਰ ਗੁਰਮੇਲ ਸਿੰਘ ਨੇ ਕੇਸ ਦੀ ਜਬਰਦਸਤ ਢੰਗ ਨਾਲ ਪੈਰਵੀ ਕੀਤੀ ਅਤੇ ਭ੍ਰਿਸ਼ਟ ਅਧਿਕਾਰੀ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਵਿੱਚ ਕਾਫੀ ਅਹਿਮ ਭੂਮਿਕਾ ਨਿਭਾਈ।