ਪੇਂਡੂ ਪੰਜਾਬ ਦੀ ਮੜ੍ਹਕ ਭੰਨ ਕੇ ਛੋਟੇ ਪਿੰਡ ਬੱਲ੍ਹੋ ਨੇ ਚੌਗਿਰਦਾ ਸਾਂਭਣ ਲਈ ਪਾਈਆਂ ਵੱਡੀਆਂ ਪੈੜਾਂ
ਅਸ਼ੋਕ ਵਰਮਾ ,ਬਠਿੰਡਾ 6 ਜੂਨ 2023
ਜ਼ਿਲ੍ਹੇ ਦੀ ਇੱਕ ਮਹਿਲਾ ਸਰਪੰਚ ਨੇ ਪਿੰਡ ਦੇ ਲੋਕਾਂ ਦਾ ਦੂਸ਼ਿਤ ਮਹੌਲ ਤੋਂ ਖਹਿੜਾ ਛੁਡਵਾ ਦਿੱਤਾ ਹੈ। ਪਿੰਡ ਬੱਲ੍ਹੋ ਦੀ ਪੰਚਾਇਤ ਨੇ ਆਪਣੇ ਤਰੀਕੇ ਨਾਲ ਵਾਤਾਵਰਣ ਨੂੰ ਬਚਾਉਣ ਦੀ ਦਿਸ਼ਾ ਵਿਚ ਕੰਮ ਕੀਤਾ ਹੈ। ਇਸ ਕਰਕੇ ਹੀ ਪੰਜਾਬ ਸਰਕਾਰ ਨੇ ਇਸ ਪਿੰਡ ਦੀ ਪੰਚਾਇਤ ਨੂੰ ਸਨਮਾਨ ਦਿੱਤਾ ਹੈ। ਭਾਵੇਂ ਇਸ ਪਿੰਡ ਵਿਚ ਸਭ ਸਿਆਸੀ ਧਿਰਾਂ ਹਨ , ਪ੍ਰੰਤੂ ਪਿੰਡ ਦੀ ਭਲਾਈ ਵਰਗੇ ਅਹਿਮ ਮਸਲਿਆਂ ਦੌਰਾਨ ਕਿਤੇ ਵੀ ਕੋਈ ਸਿਆਸੀ ਲਕੀਰ ਨਜ਼ਰ ਨਹੀਂ ਆਉਂਦੀ। ਜੋ ਕੁੱਝ ਸਰਕਾਰਾਂ ਨਹੀਂ ਕਰ ਸਕੀਆਂ, ਉਸ ਨੂੰ ਇਸ ਪਿੰਡ ਦੀ ਪੰਚਾਇਤ ਨੇ ਖੱਬੇ ਹੱਥ ਦੀ ਖੇਡ ਸਮਝਿਆ ਹੈ ।
ਪਿੰਡ ਦੀ ਮਹਿਲਾ ਸਰਪੰਚ ਪ੍ਰੀਤਮ ਕੌਰ ਪਿਛਲੇ ਕਈ ਸਾਲਾਂ ਤੋਂ ਪਿੰਡ ਦਾ ਚੌਗਿਰਦਾ ਬਚਾਉਣ ਦੇ ਮਿਸ਼ਨ ਵਿਚ ਲੱਗੀ ਹੋਈ ਹੈ । ਸਰਪੰਚ ਨੇ ਪਿੰਡ ਨੂੰ ‘ਪਲਾਸਟਿਕ ਮੁਕਤ’ ਬਣਾਉਣ ਦਾ ਨਵਾਂ ਮਾਡਲ ਪੇਸ਼ ਕੀਤਾ ਤਾਂ ਸਮੁੱਚੀ ਪੰਚਾਇਤ ਨੇ ਸਰਪੰਚ ਦੇ ਇਸ ਫੈਸਲੇ ਦੀ ਹਮਾਇਤ ਕੀਤੀ ਸੀ। ਇਸ ਪਿੰਡ ਨੇ ਪੇਂਡੂ ਪੰਜਾਬ ਦੇ ਨਕਸ਼ੇ ’ਤੇ ਉਦੋਂ ਨਵਾਂ ਰੰਗ ਭਰਿਆ ,ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿੰਡ ਬੱਲ੍ਹੋ ਦੀ ਪੰਚਾਇਤ ਨੂੰ ਪੰਜਾਬ ਸਰਕਾਰ ਵੱਲੋ ਚੌਗਿਰਦੇ ਦੀ ਸ਼ੁੱਧਤਾ ਲਈ ਨਿਭਾਈ ਭੂਮਿਕਾ ਬਦਲੇ ਸ਼ਹੀਦ ਭਗਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ , ਜੋ ਕਿ ਵੱਡੇ ਮਾਣ ਵਾਲ਼ੀ ਗੱਲ ਹੈ।
ਵਿਸ਼ਵ ਵਾਤਾਵਰਣ ਦਿਵਸ ਮੌਕੇ ਮੁਹਾਲੀ ਵਿਖੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਪੰਜਾਬ ਦੇ ਸਾਇੰਸ , ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੇ ਪੰਜਾਬ ਦੀ ਇਕਲੋਤੀ ਪੰਚਾਇਤ ਬੱਲ੍ਹੋ ਨੂੰ ਇਸ ਐਵਾਰਡ ਲਈ ਚੁਣਿਆ ਅਤੇ ਪੰਚਾਇਤ ਨੂੰ ਇੱਕ ਲੱਖ ਰੁਪਏ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਹੈ। ਪਿੰਡ ਦੀ ਮਹਿਲਾ ਸਰਪੰਚ ਪ੍ਰੀਤਮ ਕੌਰ ਦੀ ਅਗਵਾਈ ਹੇਠ ਗਰਾਮ ਸਭਾ ਨੇ ਆਮ ਇਜਲਾਸ ਵਿੱਚ ਪਿੰਡ ਦੇ ਚੌਗਿਰਦੇ ਦੀ ਸ਼ੁੱਧਤਾ ਲਈ ਕਈ ਅਹਿਮ ਫ਼ੈਸਲੇ ਲਏ ਸਨ।
ਗੁਰਬਚਨ ਸਿੰਘ ਸੇਵਾ ਸਮਿਤੀ ਸੁਸਾਇਟੀ ਬੱਲ੍ਹੋ ਦੇ ਮੋਹਰੀ ਗੁਰਮੀਤ ਸਿੰਘ ਮਾਨ ਤੇ ਦਵਿੰਦਰ ਸਿੰਘ ਫਰਾਂਸ ਨੇ ਇਸ ਵਾਸਤੇ ਵਿੱਤੀ ਸਹਿਯੋਗ ਵੀ ਦਿੱਤਾ ਹੈ। ਪੰਚਾਇਤ ਮੈਂਬਰ ਜਗਤਾਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਸਬਸਿਡੀ ਅਤੇ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਰਕਮ ਸਬਸਿਡੀ ਦਿੱਤੀ ਜਾਂਦੀ ਹੈ ਤੇ ਪੰਚਾਇਤ ਵੱਲੋਂ ਅਜਿਹੇ ਕਿਸਾਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ।
ਪਿੰਡ ਦੇ ਸਕੂਲ ਵਿੱਚ ਮੀਂਹ ਦੇ ਪਾਣੀ ਨੂੰ ਧਰਤੀ ਹੇਠਲੇ ਪਾਣੀ ਵਿੱਚ ਰੀਚਾਰਜ ਕਰਨ ਲਈ ਰੇਨ ਵਾਟਰ ਰੀਚਾਰਜ ਪਿਟ ਬਣਾਏ ਗਏ ਹਨ। ਸੰਸਥਾ ਦੇ ਮੈਂਬਰ ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਪਾਰਕ ਬਣਾ ਕੇ ਸਾਂਝੀਆਂ ਥਾਵਾਂ ’ਤੇ ਬੂਟੇ ਲਾਏ ਗਏ ਹਨ। ਪਿੰਡ ਬੱਲ੍ਹੋ ਦੇ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ’ਚੋਂ ਬਲਾਕ ਦੇ ਪਿੰਡਾਂ ’ਚੋਂ ਨਿਕਲਣ ਵਾਲੇ ਪਲਾਸਟਿਕ ਨੂੰ ਰੀਸਾਈਕਲ ਕਰਕੇ ਮੁੜ ਵਰਤੋਂ ਵਿੱਚ ਲਿਆਉਣ ਵਾਲਾ ਪ੍ਰਾਜੈਕਟ ਚੱਲ ਰਿਹਾ ਹੈ। ਪਿੰਡ ਨੂੰ ਇੱਥੋਂ ਤੱਕ ਪਹੁੰਚਾਉਣ ਲਈ ਗਰਾਮ ਸੇਵਕ ਪਰਮਜੀਤ ਸਿੰਘ ਭੁੱਲਰ ਨੇ ਅਹਿਮ ਰੋਲ ਨਿਭਾਇਆ ਹੈ। ਭੁੱਲਰ, ਬਠਿੰਡਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਅਤੇ ਮਾਣਕਖਾਨਾ ਵਿੱਚ ਵੀ ਆਪਣੀ ਕਲਾ ਦੇ ਜੌਹਰ ਦਿਖਾ ਚੁੱਕਿਆ ਹੈ।
ਪਿੰਡ ਬੱਲ੍ਹੋ ਦੇ ਵਸਨੀਕ ਆਮ ਆਦਮੀ ਪਾਰਟੀ ਬਠਿੰਡਾ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਬੱਲੋ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੇ ਹੱਥੋ ਸਾਡੇ ਪਿੰਡ ਦੇ ਸਰਪੰਚ ਪ੍ਰੀਤਮ ਕੌਰ ਅਤੇ ਮੈਂਬਰ ਜਗਤਾਰ ਸਿੰਘ ਵੱਲੋਂ ਐਵਾਰਡ ਪ੍ਰਾਪਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਨਗਰ ਵੱਲੋਂ ਖੁਸ਼ੀ ਮਨਾਈ ਅਤੇ ਲੱਡੂ ਵੰਡੇ ਗਏ । ਬਠਿੰਡਾ ਦੇ ਸਮਾਜਕ ਆਗੂ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਪਿੰਡ ਬੱਲ੍ਹੋ ਦੀ ਆਪਣੀ ਸਰਕਾਰ ਹੈ, ਜਿਸ ਨੇ ਸਭ ਸਰਕਾਰਾਂ ਨੂੰ ਮਾਤ ਪਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਾਕੀ ਪਿੰਡਾਂ ਨੂੰ ਵੀ ਇਸ ਪੰਚਾਇਤ ਤੋਂ ਸੇਧ ਲੈਣੀ ਚਾਹੀਦੀ ਹੈ।