ਐਲਾਨ-ਕਹਿੰਦੇ ਘੋਲ ਦੀ ਜਿੱਤ ਤੱਕ ਦਿਆਂਗੇ ਪਹਿਲਵਾਨਾਂ ਦਾ ਸਾਥ
ਰਘਵੀਰ ਹੈਪੀ , ਬਰਨਾਲਾ 5 ਜੂਨ 2023
ਪਾਵਰਕੌਮ ਅਤੇ ਟਰਾਂਸਕੋ ਦੀ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ਤੇ ਸ਼ਿੰਦਰ ਸਿੰਘ ਧੌਲਾ ਦੀ ਅਗਵਾਈ ਹੇਠ ਸ਼ਹਿਰੀ ਅਤੇ ਦਿਹਾਤੀ ਮੰਡਲ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸਮੂਹ ਕਾਮਿਆਂ ਨੇ ਬੀਜੇਪੀ ਦੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਪੁਤਲਾ ਫੂਕਿਆ। ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਗੁਰਚਰਨ ਸਿੰਘ, ਹਰਨੇਕ ਸਿੰਘ ਸੰਘੇੜਾ,ਨਰਾਇਣ ਦੱਤ ਨੇ ਪਾਵਰਕੌਮ ਦੀ ਮੈਨੇਜਮੈਂਟ ਨਾਲ ਚੱਲ ਰਹੇ ਸੰਘਰਸ਼ ਸਬੰਧੀ ਅਤੇ ਪਹਿਲਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਖਿਲਾਫ਼ ਚੱਲ ਰਹੇ ਸੰਘਰਸ਼ ਦੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ।
ਬੁਲਾਰਿਆਂ ਨੇ ਕਿਹਾ ਕਿ ਪਹਿਲਵਾਨ ਖਿਡਾਰਨਾਂ ਦੇ ਸ਼ਰੀਰਕ ਸ਼ੋਸ਼ਣ ਦੇ ਮੁਲਜ਼ਮ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗਿਰਫ਼ਤਾਰੀ ਤੋਂ ਬਚਾਉਣ ਲਈ ਸਾਰਾ ਰਾਜ ਪ੍ਰਬੰਧ ਪੂਰਾ ਜ਼ੋਰ ਲਾ ਰਿਹਾ ਹੈ। ਇੱਥੋਂ ਤੱਕ ਕਿ ਨਾਬਾਲਗ ਕੁੜੀ ਵੱਲੋਂ ਬਿਆਨ ਦੇਣ ਤੋਂ ਬਾਅਦ ਅਤੇ ਪੋਕਸੋ ਐਕਟ ਸਮੇਤ ਦੋ ਐਫ਼ ਆਈ ਆਰਾਂ ਦਰਜ ਹੋ ਜਾਣ ਦੇ ਬਾਵਜੂਦ ਉਸ ਗੁੰਡੇ ਦੀ ਗਿਰਫ਼ਤਾਰੀ ਨਹੀਂ ਹੋਈ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਜਿੰਨਾ ਮਰਜੀ ਜ਼ੋਰ ਲਾ ਲਵੇ , ਪਹਿਲਵਾਨਾਂ ਦੇ ਸੰਘਰਸ਼ ਦੀ ਚਰਚਾ ਗਲੀ ਮੁਹੱਲਿਆਂ ਵਿੱਚ ਹੋਣ ਲੱਗ ਪਈ ਹੈ ਅਤੇ ਲੋਕ ਆਪਣੀਆਂ ਧੀਆਂ ਦੀ ਬੇਪਤੀ ਬਰਦਾਸ਼ਤ ਨਹੀਂ ਕਰਨਗੇ।
ਆਗੂਆਂ ਰੂਪ ਚੰਦ, ਜੱਗਾ ਸਿੰਘ, ਜਗਦੀਸ਼ ਸਿੰਘ, ਗੌਰੀ ਸ਼ੰਕਰ ਨੇ ਕਿਹਾ ਕਿ ਭਾਜਪਾ ਆਪਣੇ ਗੁੰਡੇ ਐਮ ਪੀ ਬ੍ਰਿਜ ਭੂਸ਼ਣ ਨੂੰ ਬਚਾਉਣ ਲਈ ਸਾਜ਼ਿਸ਼ਾਂ ਰਚ ਕੇ ਦੇਸ਼ ਦੇ ਸਮੁੱਚੇ ਖਿਡਾਰੀਆਂ ਦਾ ਮਨੋਬਲ ਤੋੜ ਰਹੀ ਹੈ। ਰਾਸ਼ਟਰਵਾਦ ਦੇ ਨਾਂ ਤੇ ਵੋਟਾਂ ਮੰਗਣ ਵਾਲੀ ਪਾਰਟੀ,ਰਾਸ਼ਟਰ ਦਾ ਨਾਮ ਉੱਚਾ ਚੁੱਕਣ ਵਾਲੇ ਖਿਡਾਰੀਆਂ ਦੀ ਗੱਲ ਸੁਣਨ ਤੋਂ ਇਨਕਾਰੀ ਹੈ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਦੀਆਂ ਚਾਲਾਂ ਸਫ਼ਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਸਾਰੇ ਦੇਸ਼ ਦੇ ਕਿਰਤੀ ਕਾਮੇ ਆਪਣੀਆਂ ਪਹਿਲਵਾਨ ਭੈਣਾਂ ਦੀ ਡਟਵੀਂ ਹਮਾਇਤ ਕਰ ਕੇ ਮੋਦੀ ਸਰਕਾਰ ਨੂੰ ਝੁਕਣ ਲਈ ਮਜ਼ਬੂਰ ਕਰ ਦੇਣਗੇ। ਇਸ ਸਮੇਂ ਹੋਰ ਆਗੂਆਂ ਤੋਂ ਇਲਾਵਾ ਬਲਵੰਤ ਸਿੰਘ ਬਰਨਾਲਾ, ਗੁਰਲਾਲ ਸਿੰਘ, ਬਹਾਦਰ ਸਿੰਘ ਸੰਘੇੜਾ, ਅਬਜਿੰਦਰ ਸਿੰਘ, ਸਿਕੰਦਰ ਸਿੰਘ, ਜਗਰਾਜ ਸਿੰਘ, ਜੋਗਿੰਦਰ ਪਾਲ ਸ਼ਰਮਾ, ਰਾਮਪਾਲ ਸਿੰਘ,ਬਹਾਦਰ ਸਿੰਘ ਧਨੌਲਾ, ਗੁਰਜੰਟ ਸਿੰਘ ਆਦਿ ਨੇ ਬਿਜਲੀ ਮੰਤਰੀ ਦੀ ਅੰਮ੍ਰਿਤਸਰ ਰਿਹਾਇਸ਼ ਵੱਲ ਕੀਤੇ ਮਾਰਚ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਕਰਦਿਆਂ ਆਉਣ ਵਾਲੇ ਸਮੇਂ ਦੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।