ਮਾਮਲਾ:- ਮਜੀਠੀਆ ਨੂੰ ਸਵਾਲ ਕਰਨ ਦੀ ਜੁਰੱਅਤ ਕਰਨ ਵਾਲੀਆਂ ਦਲਿਤ ਔਰਤਾਂ ਤੇ ਵਿਦਿਆਰਥਣ ਨਾਲ ਵਧੀਕੀ ਕਰਨ ਦਾ
ਪਰਦੀਪ ਕਸਬਾ , ਜਲੰਧਰ,14 ਮਈ 2023
ਪਿੰਡ ਦਿਆਲਪੁਰ ਦੀ ਦਲਿਤ ਔਰਤਾਂ ਤੇ ਵਿਦਿਆਰਥਣ ਦੁਆਰਾ ਕੀਤੇ ਸਵਾਲਾਂ ਦੇ ਜਵਾਬ ਦੇਣ ਦੀ ਥਾਂ ਤੈਸ ਵਿੱਚ ਆ ਕੇ ਆਪਣੀ ਮੁੱਛ ਦਾ ਸਵਾਲ ਬਣਾ ਕੇ ਆਪਣੇ ਲੱਠਮਾਰਾਂ ਤੋਂ ਵਧੀਕੀ ਕਰਵਾਉਣ ਵਾਲੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਏ ਨੂੰ ਦਰਜ ਮੁਕੱਦਮੇ ਵਿੱਚ ਨਾਮਜ਼ਦ ਕਰਵਾਉਣ ਅਤੇ ਉਹਨਾਂ ਸਭਨਾਂ ਦੀ ਗਿ੍ਰਫ਼ਤਾਰੀ ਲਈ ਪਿੰਡੋਂ ਪਿੰਡ ਮੁਹਿੰਮ ਚਲਾਉਂਦੇ ਹੋਏ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ 22 ਮਈ ਨੂੰ ਸੂਬੇ ਭਰ ਵਿੱਚ ਧਰਨੇ ਮੁਜ਼ਾਹਰੇ ਕੀਤੇ ਜਾਣਗੇ। ਇਹ ਫ਼ੈਸਲਾ ਅੱਜ ਏਥੇ ਯੂਨੀਅਨ ਦੀ ਸੂਬਾ ਦਫ਼ਤਰ ਵਿਖੇ ਹੋਈ ਸੂਬਾ ਪੱਧਰੀ ਮੀਟਿੰਗ ਵਿੱਚ ਕੀਤਾ ਗਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਇਹ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਵੱਡੇ ਭੂਮੀਪਤੀਆਂ, ਕਾਰਪੋਰੇਟ ਘਰਾਣਿਆਂ ਦੀ ਨੁਮਾਇੰਦਗੀ ਕਰਦੀਆਂ ਪਾਰਟੀਆਂ ਨਹੀਂ ਚਾਹੁੰਦੀਆਂ ਕਿ ਦਲਿਤਾਂ ਦੇ ਵਿਹੜੇ ਚੋਂ ਜ਼ਮੀਨ ਦੀ ਆਵਾਜ਼ ਉੱਠੇ ? ਹਾਕਮ ਜਮਾਤਾਂ ਦੀਆਂ ਪਾਰਟੀਆਂ ਚਾਹੁੰਦੀਆਂ ਹਨ ਕਿ ਬੇਜ਼ਮੀਨੇ ਪੇਂਡੂ ਦਲਿਤ ਤੇ ਛੋਟੇ ਕਿਸਾਨ ਸਿਰਫ਼ ਤੇ ਸਿਰਫ਼ ਆਟੇ ਦਾਲ ਦੀ ਜਾਂ ਨਿਗੂਣੀਆਂ ਜਿਹੀਆਂ ਖਰੈਤਾਂ ਦੀ ਹੀ ਗੱਲ ਕਰਨ। ਉਨ੍ਹਾਂ ਕਿਹਾ ਕਿ ਯੂਨੀਅਨ ਕਿਰਤੀਆਂ ਤੇ ਛੋਟੇ ਕਿਸਾਨਾਂ ਨੂੰ ਲੰਮੇ ਸਮੇਂ ਤੋ ਜ਼ਮੀਨ ਚੋ ਆਪਣਾ ਹੱਕ ਦਿਵਾਉਣ ਅਤੇ ਉਹਨਾਂ ਦੇ ਮਾਨ ਸਨਮਾਨ ਲਈ ਪੰਜਾਬ ਭਰ ਵਿੱਚ ਸੰਘਰਸ਼ ਕਰਦੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਪੇਂਡੂ ਦਲਿਤ ਮਜ਼ਦੂਰ ਆਗੂਆਂ ਤੇ ਨੌਜਵਾਨ ਲੜਕੀ ਦੁਆਰਾ ਕਰਤਾਰਪੁਰ ਨੇੜਲੇ ਪਿੰਡ ਦਿਆਲਪੁਰ ਵਿਖੇ ਵੋਟਾਂ ਮੰਗਣ ਲਈ ਗਏ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਸਵਾਲ ਕੀਤੇ ਗਏ। ਉਨ੍ਹਾਂ ਕਿਹਾ ਕਿ ਜ਼ਮੀਨ ਹੱਦਬੰਦੀ ਕਾਨੂੰਨ ਤਹਿਤ ਸਾਢੇ ਸਤਾਰਾਂ ਏਕੜ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਨੂੰ ਵੰਡਣ, ਪੰਚਾਇਤੀ ਜ਼ਮੀਨਾਂ ਦਾ ਤੀਸਰਾ ਹਿੱਸਾ ਘੱਟ ਰੇਟ ’ਤੇ ਦਲਿਤਾਂ ਨੂੰ ਪੱਕੇ ਤੌਰ ਉੱਤੇ ਦੇਣ ਤੇ ਬਾਕੀ ਪੰਚਾਇਤੀ ਜ਼ਮੀਨ ਦਾ 2/3 ਹਿੱਸਾ ਛੋਟੇ ਕਿਸਾਨਾਂ ਲਈ ਰਿਜ਼ਰਵ ਕਰਨ, ਦਲਿਤਾਂ ਨੂੰ ਨਜ਼ੂਲ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਲੋੜਵੰਦ ਲੋਕਾਂ ਨੂੰ ਪਲਾਟ, ਲਾਲ ਲਕੀਰ ਵਿੱਚ ਰਹਿੰਦੇ ਲੋਕਾਂ ਨੂੰ ਮਾਲਕੀ ਹੱਕ ਦੇਣ, ਮਹਿੰਗਾਈ ਅਨੁਸਾਰ ਹਰ ਖੇਤਰ ਵਿੱਚ ਦਿਹਾੜੀ 1000 ਦਿਹਾੜੀ ਕਰਨ, ਕਰਜ਼ਾ ਮੁਆਫ਼ੀ, ਸਮਾਜਿਕ ਜ਼ਬਰ ਦਾ ਖਾਤਮਾ ਕਰਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਆਦਿ ਸੰਬੰਧੀ ਸਵਾਲ ਕੀਤੇ ਗਏ ਲੇਕਿਨ ਗੱਠਜੋੜ ਆਗੂ ਵਲੋਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ। ਸਗੋਂ ਉਸ ਵਲੋਂ ਬੁਖਲਾਹਟ ਵਿੱਚ ਆ ਕੇ ਆਪਣੇ ਉੱਚ ਜਾਤੀ ਤੇ ਰਸੂਖ਼ ਦੇ ਘੁਮੰਡ ‘ਚ ਕੀਤੇ ਇਸ਼ਾਰਾ ਉਪਰੰਤ ਉਸਦੇ ਲੱਠਮਾਰਾਂ ਵਲੋਂ ਦਲਿਤ ਮਜ਼ਦੂਰ ਔਰਤਾਂ ਤੇ ਕਾਨੂੰਨ ਦੀ ਪੜਾਈ ਕਰ ਰਹੀ ਲੜਕੀ ਨੂੰ ਜਨਤਕ ਤੌਰ ਉੱਤੇ ਜ਼ਲੀਲ ਕਰਨ ਕਰਦਿਆਂ ਉਹਨਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਅਕਾਲੀ ਆਗੂ ਵਲੋਂ ਦਲਿਤ ਔਰਤਾਂ ਪ੍ਰਤੀ ਅਪਸ਼ਬਦ ਵੀ ਬੋਲੇ ਗਏ।
ਉਨ੍ਹਾਂ ਕਿਹਾ ਕਿ ਭਾਂਵੇ ਸੂਬੇ ਵਿੱਚ ਹਾਕਮ ਧਿਰ ਭਗਵੰਤ ਸਿੰਘ ਮਾਨ ਸਰਕਾਰ ਹੈ , ਲੇਕਿਨ ਬਿਕਰਮ ਸਿੰਘ ਮਜੀਠੀਆ ਹਾਕਮ ਜਮਾਤਾਂ ਦੀ ਨੁਮਾਇੰਦਗੀ ਕਰਦਾ ਹੈ। ਇਸ ਕਰਕੇ ਥਾਣਾ ਕਰਤਾਰਪੁਰ ਵਿਖੇ ਦਰਜ ਮੁਕੱਦਮੇ ਵਿੱਚ ਪੁਲਿਸ ਵਲੋਂ ਸਿਆਸੀ ਦਬਾਅ ਹੇਠ ਮਜੀਠੀਏ ਨੂੰ ਬਚਾਉਣ ਖ਼ਾਤਰ ਨਾਮਜ਼ਦ ਨਹੀਂ ਕੀਤਾ ਗਿਆ। ਜਦਕਿ ਔਰਤਾਂ ਬੇਜ਼ਮੀਨੇ ਤੇ ਦਲਿਤ ਭਾਈਚਾਰੇ ਨੂੰ ਹੋਣ ਕਰਕੇ ਹੀ ਉਹਨਾਂ ਨੂੰ ਜਨਤਕ ਤੌਰ ਉੱਤੇ ਨੀਵਾਂ ਦਿਖਾਉਣ ਖ਼ਾਤਰ ਇਸ਼ਾਰਾ ਕਰਕੇ ਆਪਣੇ ਲੱਠਮਾਰਾਂ ਤੋਂ ਵਧੀਕੀ ਕਰਵਾਈ ਗਈ ਹੈ ਅਤੇ ਮਜੀਠੀਏ ਵਲੋਂ ਸ਼ਰੇਆਮ ਅਪਸ਼ਬਦ ਬੋਲੇ ਗਏ। ਉਨ੍ਹਾਂ ਕਿਹਾ ਕਿ ਦਲਿਤ ਮਜ਼ਦੂਰ ਆਗੂ ਔਰਤਾਂ ਤੇ ਨੌਜਵਾਨ ਲੜਕੀ ਪੂਰੇ ਬੇਜ਼ਮੀਨੇ ਦਲਿਤ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦੇ ਬੁਨਿਆਦੀ ਮੁੱਦਿਆਂ ਉੱਪਰ ਅਕਾਲੀ ਬਸਪਾ ਗੱਠਜੋੜ ਦੀ ਕੀ ਨੀਤੀ ਹੈ, ਸੰਬੰਧੀ ਸਵਾਲ ਕਰ ਰਹੀਆਂ ਸਨ।
ਉਨ੍ਹਾਂ ਕਿਹਾ ਕਿ ਅਕਾਲੀ ਆਗੂ ਵਲੋਂ ਧੱਕੇਸ਼ਾਹੀ ਕਰਕੇ ਪੇਂਡੂ ਦਲਿਤ ਮਜ਼ਦੂਰਾਂ ਨੂੰ ਚੈਲਿੰਜ ਕੀਤਾ ਗਿਆ, ਜਿਸ ਨੂੰ ਸਵੀਕਾਰ ਕਰਦੇ ਹੋਏ ਇਸ ਦੇ ਖਿਲਾਫ਼ ਸੰਘਰਸ਼ ਵਿੱਚ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਯੂਨੀਅਨ ਨੇ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਵਲੋਂ ਤਲਵੰਡੀ ਸਾਬੋ ਵਿਖੇ ਦਲਿਤ ਭਾਈਚਾਰੇ ਦੀ ਕੰਟਰੋਲ ਹੇਠਲੇ ਗੁਰੂ ਘਰ ਉੱਪਰ ਕਬਜ਼ਾ ਕਰਨ ਦੀ ਨਿੰਦਾ ਕਰਦਿਆਂ ਗੁਰੂ ਘਰ ਦੀ ਪਹਿਲਾਂ ਵਾਲੀ ਸਥਿਤੀ ਬਹਾਲ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਸੂਬਾ ਆਗੂ ਰਾਜ ਕੁਮਾਰ ਪੰਡੋਰੀ,ਹਰੀ ਰਾਮ ਰਸੂਲਪੁਰੀ, ਮੰਗਾਂ ਸਿੰਘ ਵੈਰੋਕੇ ਅਤੇ ਕੰਵਲਜੀਤ ਸਨਾਵਾ ਆਦਿ ਹਾਜ਼ਿਰ ਹੋਏ।