ਸਕੂਲੋਂ ਵਿਰਵੀਆਂ ਵਿਦਿਆਰਥਣਾਂ ਨੂੰ ਉਚੀਆਂ ਉਡਾਣਾਂ ਭਰਨ ਦੇ ਬਣਾ ਰਿਹਾ ਕਾਬਿਲ
ਡੇਢ ਕਰੋੜ ਦੀ ਲਾਗਤ ਨਾਲ ਬਣਿਆ ਨਵਾਂ ਹੋਸਟਲ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਹੋਵੇਗਾ ਸਹਾਈ
ਪੇਂਡੂ ਖੇਤਰ ਦੀਆਂ ਸਕੂਲ ਵਿਰਵੀਆਂ ਵਿਦਿਆਰਥਣਾਂ ਦੀ ਜ਼ਿੰਦਗੀ ਨੂੰ ਨਵੀਆਂ ਰਾਹਾਂ ਤੇ ਤੋਰ ਕੇ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਲਿਜਾਣ ਵਿਚ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ ਹੋਸਟਲ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਜੇਕਰ ਗੱਲ ਕਰੀਏ ਬਲਾਕ ਅਬੋਹਰ ਅਧੀਨ ਆਉਂਦੇ ਪਿੰਡ ਨਿਹਾਲ ਖੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਚੱਲ ਰਹੇ ਹੋਸਟਲ ਦੀ ਤਾਂ ਇਹ ਹੋਸਟਲ ਪਿੰਡਾਂ ਦੀਆਂ ਲੜਕੀਆਂ ਲਈ ਰਾਹ-ਦਸੇਰਾ ਬਣ ਕੇ ਉਭਰਿਆ ਹੈ। ਪਹਿਲਾਂ ਇੱਥੇ 6ਵੀਂ ਤੋਂ 8ਵੀਂ ਜਮਾਤ ਦੀਆਂ 100 ਵਿਦਿਆਰਥਣਾਂ ਲਈ ਹੋਸਟਲ ਚੱਲ ਰਿਹਾ ਸੀ ਪਰ ਹੁਣ ਨਵਾਂ ਬਣਿਆ ਹੋਸਟਲ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਮਾਰਗ ਦਰਸ਼ਕ ਬਣੇਗਾ। ਜੋ ਕਿ ਬਣ ਕੇ ਵਿਦਿਆਰਥਣਾਂ ਦੇ ਸਵਾਗਤ ਲਈ ਤਿਆਰ ਹੈ।
ਸਕੂਲ ਪ੍ਰਿੰਸੀਪਲ ਸ. ਸੁਖਦੇਵ ਸਿੰਘ ਗਿੱਲ ਨੇ ਦੱਸਿਆ ਕਿ ਸਰਕਾਰ ਵਲੋਂ 2005 ਵਿਚ ਪਿੰਡਾਂ ਦੀਆਂ ਲੜਕੀਆਂ ਦੀ ਸਿੱਖਿਆ ਲਈ ਉਪਰਾਲਾ ਕੀਤਾ ਗਿਆ ਸੀ। ਜਿੱਥੇ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਦੋ ਹੋਸਟਲਾਂ ਦਾ ਨਿਰਮਾਣ ਕੀਤਾ ਗਿਆ ਸੀ। ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਦੀ ਚੋਣ ਕੀਤੀ ਗਈ ਸੀ। ਪਹਿਲਾਂ ਇਹ ਸਿਰਫ 25 ਵਿਦਿਆਰਥਣਾਂ ਲਈ ਖੋਲਿ੍ਹਆ ਗਿਆ ਸੀ। ਪਰ ਹੁਣ ਮੌਜੂਦਾ ਸਮੇਂ ਵਿਚ ਇਸ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ ਹੋਸਟਲ ਵਿਚ 100 ਵਿਦਿਆਰਥਣਾਂ ਸਕੂਲ ਵਿਚ ਰਹਿ ਕੇ ਹੀ ਸਿੱਖਿਆ ਗ੍ਰਹਿਣ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹ ਪ੍ਰਾਜੈਕਟ ਸਫ਼ਲਤਾ ਵੱਲ ਵਧਿਆ ਤਾਂ ਇਸ ਨੂੰ ਅਪਗ੍ਰੇਡ ਕਰਕੇ 50 ਦਾ ਕਰ ਦਿੱਤਾ ਗਿਆ ਅਤੇ ਫਿਰ ਕੁਝ ਸਮੇਂ ਬਾਅਦ 100 ਵਿਦਿਆਰਥਣਾਂ ਲਈ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਬਣੇ ਹੋਸਟਲ ਵਿਚ 7 ਕਮਰੇ ਹਨ। ਜਿਸ ਵਿਚ ਡਾਈਨਿੰਗ ਰੂਮ ਵੀ ਸਥਾਪਿਤ ਕੀਤਾ ਗਿਆ ਹੈ। ਵਿਦਿਆਰਥਣਾਂ ਦੀ ਐਕਟੀਵਿਟੀ ਲਈ ਐਕਟੀਵਿਟੀ ਰੂਮ ਵੀ ਬਣਾਇਆ ਗਿਆ ਹੈ। ਜਿਸ ਵਿਚ ਜਿਸ ਵਿਚ ਵਿਦਿਆਰਥਣਾਂ ਦੇ ਰਹਿਣ-ਸਹਿਣ ਅਤੇ ਖਾਣ -ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਜਿੱਥੇ ਵਿਦਿਆਰਥਣਾਂ ਨੂੰ ਸਿੱਖਿਆ ਦੇ ਨਾਲ ਨਾਲ ਸਿਹਤਮੰਦ ਰੱਖਣ ਲਈ ਖੇਡਾਂ ਨਾਲ ਵੀ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਸ. ਗਿੱਲ ਨੇ ਅੱਗੇ ਦੱਸਿਆ ਕਿ ਹੁਣ 9ਵੀਂ ਤੋਂ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਨਵੇਂ ਹੋਸਟਲ ਦਾ ਨਿਰਮਾਣ ਮੁਕੰਮਲ ਹੋ ਗਿਆ ਹੈ। ਜਿਸ ਨੂੰ ਪੰਚਾਇਤੀ ਰਾਜ ਵਲੋਂ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਵੇਂ ਹੋਸਟਲ ਤੇ ਡੇਢ ਕਰੋੜ ਰੁਪਏ ਦੀ ਲਾਗਤ ਆਈ ਹੈ। ਜਿਸ ਵਿਚ ਨਵੇਂ ਹੋਸਟਲ ਦੀ ਬਿਲਡਿੰਗ ਵਿਚ 8 ਕਮਰੇ, 1 ਕਾਮਨ ਰੂਮ, 4 ਬਾਥਰੂਮ, 2 ਹੈਡੀਕੈਪਡ ਬਾਥਰੂਮ, 1 ਵਾਰਡਨ ਰੂਮ, ਚੈਕਡ ਟਾਇਲਾਂ ਲਾ ਕੇ ਸ਼ਾਨਦਾਰ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਹੈ। ਹੋਸਟਲ ਦਾ ਖੁੱਲ੍ਹੇ ਅਤੇ ਸ਼ਾਨਦਾਰ ਕਮਰਿਆ ਵਿਚ ਵਿਦਿਆਰਥਣਾਂ ਦੇ ਰਹਿਣ ਸਹਿਣ ਦਾ ਖਾਸ ਖਿਆਲ ਰੱਖਿਆ ਗਿਆ ਹੈ। ਵਿਦਿਆਰਥਣਾਂ ਦੀ ਕਿਤਾਬਾਂ ਨਾਲ ਹੋਰ ਜਿਆਦਾ ਗੂੜੀ ਸਾਂਝ ਪਾਉਣ ਲਈ ਲਾਇਬ੍ਰੇਰੀ ਦਾ ਨਿਰਮਾਣ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਵਾਂ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ ਪਿੰਡਾਂ ਦੀਆਂ ਲੜਕੀਆਂ ਲਈ ਸਿੱਖਿਆ ਦੇ ਖੇਤਰ ਵਿਚ ਬੁਲੰਦੀਆਂ ਤੇ ਲਿਜਾਣ ਵਿਚ ਅਹਿਮ ਭੂਮਿਕਾ ਅਦਾ ਕਰੇਗਾ।
ਉਥੇ ਹੀ ਹੋਸਟਲ ਇੰਚਾਰਜ ਮੈਡਮ ਹਰਪ੍ਰੀਤ ਕੌਰ ਨੇ ਦੱਸਿਆ ਕਿ ਹੋਸਟਲ ਵਿਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਲਿਜਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੋਸਟਲ ਵਿੱਚ ਸਕਿੱਲ ਸਿੱਖਿਆ ਤਹਿਤ ਸਿਲਾਈ ਕਢਾਈ ਦਾ ਕੰਮ, ਬਿਊਟੀ ਪਾਰਲਰ ਦਾ ਕੰਮ, ਵਧੀਆ ਵਧੀਆ ਪਕਵਾਨ ਬਨਾਉਣ ਦਾ ਕੰਮ, ਕਰਾਟੇ , ਕੰਪਿਊਟਰ ਆਦਿ ਵੀ ਸਿਖਾਏ ਜਾਂਦੇ ਹਨ।
ਹੋਸਟਲ ਦੀਆਂ ਵਿਦਿਆਰਥਣਾਂ ਦੇ ਅਨੁਭਵਾਂ ਦੀ ਜੇਕਰ ਗੱਲ ਕਰੀਏ ਤਾਂ ਉਨ੍ਹਾਂ ਦਾ ਅਨੁਭਵ ਦੱਸਦਾ ਹੈ ਕਿ ਉਹ ਬੇਸ਼ੱਕ ਘਰਾਂ ਤੋਂ ਦੂਰ ਹਨ। ਪਰ ਸਕੂਲ ਦੇ ਪ੍ਰਿੰਸੀਪਲ ਸ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਵਿਚ ਉਨ੍ਹਾਂ ਨੂੰ ਇੱਥੇ ਘਰ ਵਰਗਾ ਮਾਹੌਲ ਮਿਲਦਾ ਹੈ। ਹੋਸਟਲ ਵਿਦਿਆਰਥਣ ਜੋਤੀ ਦਾ ਕਹਿਣਾ ਹੈ ਕਿ ਉਹ ਪਿੱਛਲੇ 5 ਸਾਲ ਤੋਂ ਇਸ ਹੋਸਟਲ ਵਿਚ ਰਹਿ ਰਹੀ ਹੈ। ਉਸਦਾ ਕਹਿਣਾ ਹੈ ਕਿ ਹੋਸਟਲ ਦੀਆਂ ਸੁਵਿਧਾਵਾਂ ਬਾ-ਕਮਾਲ ਹਨ। ਉਨ੍ਹਾਂ ਦੀ ਹਰ ਜ਼ਰੂਰਤ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ। ਸਿੱਖਿਆ ਦੇ ਖੇਤਰ ਵਿਚ ਅੱਗੇ ਲਿਜਾਣ ਲਈ ਸਕੂਲ ਤੋਂ ਬਾਅਦ ਟਿਊਸ਼ਨ ਕਲਾਸਾਂ ਵੀ ਲਗਾਈਆਂ ਜਾਂਦੀਆਂ ਹਨ। ਇੱਥੇ ਹੀ ਵਿਦਿਆਰਥਣਾਂ ਨੂੰ ਅਨੁਸ਼ਾਸਨ ਵਿਚ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ।
ਰੀਨਾ ਨੇ ਹਾਸਲ ਕੀਤੇ 96 ਫ਼ੀਸਦੀ ਅੰਕ
ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਰੀਨਾ ਦਾ ਕਹਿਣਾ ਹੈ ਕਿ ਉਹ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲਯ ਹੋਸਟਲ ਵਿਚ ਰਹਿ ਕੇ 96 ਫ਼ੀਸਦੀ ਅੰਕ ਹਾਸਲ ਕਰਕੇ ਸਕੂਲ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਵਿਦਿਆਰਥਣ ਦਾ ਕਹਿਣਾ ਹੈ ਕਿ ਹੋਸਟਲ ਵਿਚ ਘਰ ਵਰਗਾ ਮਾਹੌਲ ਨਵੇਂ ਮੌਕਿਆਂ ਦੀ ਤਲਾਸ਼ ਵਿਚ ਅੱਗੇ ਵੱਧਣ ਲਈ ਮਨੋਬਲ ਵ
ਧਾ ਰਿਹਾ ਹੈ।