ਅਸ਼ੋਕ ਵਰਮਾ,ਬਠਿੰਡਾ, 8 ਮਈ 2023:
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ( ਪਾਵਰਕਾਮ) ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਇੰਨਫੋਰਸਮੈਂਟ ਟੀਮਾਂ ਨੇ ਮਾਨਸਾ ਦੇ ਸਰਦੂਲਗੜ੍ਹ ਵਿੱਚ ਕੀਤੀ ਛਾਪੇਮਾਰੀ ਦੌਰਾਨ ਬਿਜਲੀ ਕੁਨੈਕਸ਼ਨਾਂ ਤੇ ਦੋ ਜਾਅਲੀ ਮੀਟਰ ਲਗਾ ਕੇ ਬਿਜਲੀ ਚੋਰੀ ਕਰਨ ਦਾ ਮਾਮਲਾ ਫੜ੍ਹਿਆ ਹੈ। ਪਾਵਰਕੌਮ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਖਪਤਕਾਰ ਨੂੰ ਕਰੀਬ10.84 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇੰਫੋਰਸਮੈਂਟ ਟੀਮ ਨੇ ਦੋਵੇਂ ਮੀਟਰ ਆਪਣੇ ਕਬਜ਼ੇ ਵਿਚ ਲੈ ਲਏ ਹਨ ਜਿਨ੍ਹਾਂ ਦੀ ਅਗਲੇਰੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪਾਵਰਕੌਮ ਵੱਲੋਂ ਐਂਟੀ ਪਾਵਰ ਥੈਫਟ ਥਾਣਾ ਬਠਿੰਡਾ ਵਿਖੇ ਚੋਰੀ ਦਾ ਮੁਕੱਦਮਾ ਵੀ ਦਰਜ ਕਰਵਾਇਆ ਗਿਆ ਹੈ। ਪਾਵਰਕੌਮ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ
ਰੈਸਟੋਰੈਂਟ ਅਹਾਤੇ ਵਿੱਚ ਦੋ ਮੀਟਰ ਲੱਗੇ ਹੋਣ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਇੱਕੋ ਹੀ ਅਹਾਤੇ ਵਿੱਚ ਦੋ ਮੀਟਰ ਲੱਗੇ ਹੋਣ ਦੀ ਸੂਚਨਾ ਨਾ ਦੇਣ ਦੇ ਕਾਰਨ ਮੀਟਰ ਰੀਡਰ ਵਿਰੁੱਧ ਕਾਰਵਾਈ ਕਰਨ ਲਈ ਸਬੰਧਤ ਕੰਪਨੀ ਨੂੰ ਪੱਤਰ ਲਿਖਿਆ ਗਿਆ ਹੈ। ਪਾਵਰਕੌਮ ਦੇ ਇੱਕ ਬੁਲਾਰੇ ਨੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਚੋਰੀ ਦੀ ਲਾਹਨਤ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਦੇਣ ਲਈ ਵਾਟਸਅਪ ਨੰਬਰ 9646175770 ਤੇ ਸੂਚਨਾ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।