50 ਸਾਲ ਪਹਿਲਾਂ ਅਲਾਟ , ਪਲਾਟਾਂ ਤੇ ਪੰਚਾਇਤ ਨਹੀਂ ਬਣਾਉਣ ਦੇ ਰਹੀ ਘਰ !, SDM ਤੋਂ ਮੰਗ ਲਈ ਰਿਪੋਰਟ
SC ਵਰਗ ਨੂੰ ਪ੍ਰੇਸ਼ਾਨ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ :- ਪੂਨਮ ਕਾਂਗੜਾ
ਰਘਵੀਰ ਹੈਪੀ , ਬਰਨਾਲਾ 4 ਮਈ 2023
ਪੰਜਾਬ ਵਰ੍ਹੇ ਪਹਿਲਾਂ ਸਰਕਾਰ ਵੱਲੋਂ ਦਲਿਤ ਵਰਗ ਦੇ ਲੋਕਾਂ ਨੂੰ ਅਲਾਟ ਕੀਤੇ ਪਲਾਟਾਂ ਵਾਲੀ ਜਗ੍ਹਾ ਵਿੱਚ ਘਰ ਬਣਾਉਣ ਨੂੰ ਲੈ ਕੇ ਪੰਚਾਇਤ ਅਤੇ ਦਲਿਤ ਲੋਕਾਂ ਦਰਮਿਆਨ ਚੱਲ ਰਹੇ ਝਗੜੇ ਸਬੰਧੀ ਪ੍ਰਾਪਤ ਹੋਈ ਸ਼ਕਾਇਤ ਦੀ ਪੜਤਾਲ ਲਈ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਚੰਡੀਗੜ੍ਹ) ਦੀ ਮੈਂਬਰ ਮੈਡਮ ਪੂਨਮ ਕਾਂਗੜਾ , ਸਰਕਾਰੀ ਅਮਲਾ ਫੈਲਾ ਨਾਲ ਲੈ ਕੇ ਪਿੰਡ ਠੁੱਲੀਵਾਲ ਵਿਖੇ ਪਹੁੰਚੀ । ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਉਨ੍ਹਾਂ ਵੱਲੋਂ ਵਿਵਾਦ ਵਾਲ਼ੀ ਜਗਾ ਦਾ ਮੌਕਾ ਵੀ ਦੇਖਿਆ ਗਿਆ ਅਤੇ ਪਿੰਡ ਦੀ ਧਰਮਸ਼ਾਲਾ ਵਿਖੇ ਐਸਸੀ ਵਰਗ ਨਾਲ ਸਬੰਧਤ ਪੀੜਤ ਪਰਿਵਾਰਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਮੌਕੇ ਗੋਪਾਲ ਸਿੰਘ ਐਸਡੀਐਮ ਬਰਨਾਲਾ, ਦਿਵਿਆ ਸਿੰਗਲਾ ਤਹਿਸੀਲਦਾਰ ਬਰਨਾਲਾ, ਬੀ ਡੀ ਪੀ ਓ ਬਰਨਾਲਾ ਪਰਵੇਸ਼ ਗੋਇਲ, ਗਮਦੂਰ ਸਿੰਘ ਡੀ ਐਸ ਪੀ ਮਹਿਲ ਕਲਾਂ, ਗੁਰਿੰਦਰ ਸਿੰਘ ਧਾਲੀਵਾਲ ਜ਼ਿਲ੍ਹਾ ਭਲਾਈ ਅਫਸਰ ਵੀ ਉਨ੍ਹਾਂ ਨਾਲ ਹਾਜ਼ਰ ਸਨ। ਇਕੱਤਰ ਦਲਿਤ ਵਰਗ ਦੇ ਪੀੜਤ ਪਰਿਵਾਰਾਂ ਨੇ ਮੈਡਮ ਪੂਨਮ ਕਾਂਗੜਾ ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਜਗਾ 1973 ਵਿੱਚ ਸਰਕਾਰ ਵੱਲੋਂ ਦਿੱਤੀ ਗਈ ਸੀ। ਜਿਸ ਦੇ ਉਹ ਕਾਨੂੰਨੀ ਤੌਰ ‘ਤੇ ਮਾਲਕ ਹਨ। ਉਹਨਾਂ ਦੋਸ਼ ਲਗਾਇਆ ਕਿ ਉਹਨਾਂ ਨੂੰ ਤੰਗ ਪ੍ਰੇਸ਼ਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਆਪਣੀ ਹੀ ਜਗ੍ਹਾ ਵਿੱਚ ਹੀ ਪੰਚਾਇਤ ਵੱਲੋਂ ਮਕਾਨ ਬਣਾਉਣ ਤੋਂ ਰੋਕਿਆ ਜਾ ਰਿਹਾ ਹੈ।
ਇਸ ਸਬੰਧੀ ਉਨ੍ਹਾਂ ਮੈਡਮ ਪੂਨਮ ਕਾਂਗੜਾ ਨੂੰ ਆਪਣੇ ਕਾਗ਼ਜ਼ਾਤ ਵੀ ਦਿਖਾਏ। ਦੂਜੇ ਪਾਸ ਮੌਕੇ ‘ਤੇ ਹਾਜ਼ਰ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾ ਵੱਲੋਂ ਇਸ ਮਾਮਲੇ ਸਬੰਧੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਬੇਸ਼ੱਕ ਸਰਕਾਰ ਵੱਲੋਂ 50 ਸਾਲ ਪਹਿਲਾਂ ਇਹਨਾਂ ਨੂੰ ਜਗਾ ਅਲਾਟ ਕੀਤੀ ਗਈ ਸੀ । ਪ੍ਰੰਤੂ ਇਹਨਾਂ ਨੇ ਸਰਕਾਰ ਦੇ ਰੂਲਾਂ ਮੁਤਾਬਕ ਇਸ ਦੀ ਸਮੇਂ ਸਿਰ ਉਸਾਰੀ ਨਹੀਂ ਕੀਤੀ । ਜਿਸ ਕਾਰਨ ਪੰਚਾਇਤੀ ਐਕਟ ਅਨੁਸਾਰ ਇਹ ਜਗਾ ਮੁੜ ਪੰਚਾਇਤ ਦੀ ਹੀ ਮਾਲਕੀਅਤ ਹੈ। ਮੈਡਮ ਪੂਨਮ ਕਾਂਗੜਾ ਨੇ ਦੋਵਾਂ ਧਿਰਾਂ ਦਾ ਪੱਖ ਸੁਣਨ ਉਪਰੰਤ ਮੌਕੇ ‘ਤੇ ਹਾਜ਼ਰ ਗੋਪਾਲ ਸਿੰਘ ਐਸਡੀਐਮ ਬਰਨਾਲਾ ਨੂੰ ਕਿਹਾ ਕਿ ਉਹ ਇਸ ਸਬੰਧੀ ਮੁਕੰਮਲ ਰਿਪੋਰਟ 15 ਦਿਨਾਂ ਦੇ ਅੰਦਰ-ਅੰਦਰ ਖ਼ੁਦ ਨਿੱਜੀ ਤੌਰ ‘ਤੇ ਹਾਜ਼ਰ ਹੋ ਕੇ ਐਸ ਸੀ ਕਮਿਸ਼ਨ ਦੇ ਦਫ਼ਤਰ ਚੰਡੀਗੜ੍ਹ ਵਿਖੇ ਪੇਸ਼ ਕਰਨ। ਉਨ੍ਹਾਂ ਐਸਡੀਐਮ ਨੂੰ ਇਹ ਵੀ ਹਿਦਾਇਤ ਕੀਤੀ ਕਿ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਐਸ ਸੀ ਵਰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸਸੀ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮੈਡਮ ਪੂਨਮ ਕਾਂਗੜਾ ਨੇ ਕਿਹਾ ਕਿ ਐਸ ਸੀ ਵਰਗ ਨੂੰ ਇਨਸਾਫ਼ ਦਿਵਾਉਣ ਲਈ ਐਸ ਸੀ ਕਮਿਸ਼ਨ ਹਮੇਸ਼ਾ ਤਤਪਰ ਹੈ।