ਰਿਚਾ ਨਾਗਪਾਲ , ਪਟਿਆਲਾ 23 ਮਾਰਚ 2023
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ ,ਪਟਿਆਲਾ ਵਿਖੇ ਕਾਲਜ ਦੇ ਗੁਰਮਤਿ ਚੇਤਨਾ ਸਭਾ, ਐੱਨ.ਐੱਸ.ਐੱਸ. ਵਿਭਾਗ ਅਤੇ ਰੈੱਡ ਰਿੱਬਨ ਕੱਲਬ ਵੱਲੋਂ ਸ. ਕੁਲਵਿੰਦਰ ਸਿੰਘ(ਬਾਗਬਾਨੀ ਅਫਸਰ, ਬਾਗਬਾਨੀ ਵਿਭਾਗ, ਪਟਿਆਲਾ) ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਸਿੱਖ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸ.ਪਰਵਿੰਦਰ ਸਿੰਘ (ਪ੍ਰਚਾਰਕ,ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ) ਨੇੇ ਮੁੱਖ ਵਕਤਾ ਦੀ ਭੂਮਿਕਾ ਨਿਭਾਈ। ਉਨਾਂ ਨੇ ਆਪਣੇ ਭਾਸ਼ਣ ਵਿਚ ਸੱਤਵੇ ਗੁਰੂ ਸਾਹਿਬ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਜੀਵਨ ਤੇ ਚਾਨਣਾਂ ਪਾਇਆ, ਉਨਾਂ ਨੇ ਗੁਰੂ ਸਾਹਿਬ ਦੇ ਕੁਦਰਤ ਪ੍ਰਤੀ ਪਿਆਰ ਨੂੰ ਗੁਰਬਾਣੀ ਦੇ ਹਵਾਲੇ ਨਾਲ ਬਿਆਨ ਕੀਤਾ । ਉਨਾਂ ਨੇ ਵਿਦਿਆਰਥਣਾਂ ਨੂੰ ਗੁਰੂ ਸਾਹਿਬ ਦੇ ਜੀਵਨ ਤੌ ਸੇਧ ਲੈ ਕੇ ਕੁਦਰਤ ਨਾਲ ਪਿਆਰ ਕਰਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ, ਡਾ. ਹਰਮੀਤ ਕੌਰ ਆਨੰਦ ਨੇੇ ਸ੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਦਮ ਵਜੋਂ ਇਹ ਸਿੱਖ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਅਸੀਂ ਪਰਮਾਤਮਾ ਵੱਲੋਂ ਮਿਲੇ ਵਡਮੁੱਲੇ ਤੋਹਫ਼ੇ ਹਵਾ, ਪਾਣੀ ਅਤੇ ਧਰਤੀ ਨੂੰ ਰੁੱਖ ਲਗਾ ਕੇ ਸੁਰਖਿਅਤ ਰੱਖ ਸਕਦੇ ਹਾਂ ਪਰ ਇਸ ਦੇ ਲਈ ਜ਼ਰੂਰਤ ਹੈ ਹਰ ਇੱਕ ਮਨੁੱਖ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ।ਉਨ੍ਹਾਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਦੀ ਸਿੱਖਿਆ ਅਤੇ ਸਿਧਾਤਾਂ ਨੂੰ ਆਪਣੇ ਜੀਵਨ ਵਿੱਚ ਉਤਾਰਨ ਦੀ ਲੋੜ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ ਅਤੇ ਉਹ ਵਾਤਾਵਰਣ ਦੀ ਸੰਭਾਲ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।ਅਖੀਰ ਵਿੱਚ ਕਾਲਜ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਜ਼ ਵੱਲੋਂ ਕਾਲਜ ਵਿੱਚ 50 ਫੁੱਲਾਂ ਦੇ ਅਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸਮੂਹ ਸਟਾਫ਼ ਮੈਂਬਰਜ਼ ਹਾਜ਼ਰ ਰਹੇ।