ਰਾਮਣਵਾਸੀਆ ਨੇ ਕਿਹਾ, ਸ਼ਹਿਰ ਦਾ ਵਿਕਾਸ ਕਰਵਾਉਣਾ ਸਾਡੀ ਪਹਿਲ
ਕੌਂਸਲਰ ਬੋਲੇ, ਪਾਰਟੀਬਾਜੀ ‘ਚ ਪਿਸ ਰਿਹੈ ਸ਼ਹਿਰ ਦਾ ਵਿਕਾਸ ਏਜੰਡਾ
ਹਰਿੰਦਰ ਨਿੱਕਾ , ਬਰਨਾਲਾ 27 ਫਰਵਰੀ 2023
ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ ਸੂਬੇ ਦੀ ਸੱਤਾ ‘ਚ ਹੋਈ ਅਣਕਿਆਸੀ ਰਾਜਸੀ ਉਥਲ-ਪੁਥਲ ਤੋਂ ਬਾਅਦ ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਖੜੋਤ ਨੂੰ ਤੋੜਨ ਲਈ, ਅੱਜ ਵੱਡੀ ਗਿਣਤੀ ‘ਚ ਕੌਂਸਲਰਾਂ ਨੇ ਨਗਰ ਕੌਂਸਲ ਦਫਤਰ ਵਿੱਚ ਪਹੁੰਚ ਕੇ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਨਗਰ ਕੌਂਸਲ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਦੀ ਅਗਵਾਈ ‘ਚ ਰਾਜਨੀਤਿਕ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪਹੁੰਚੇ ਕੌਂਸਲਰਾਂ ਨੇ ਕਿਹਾ ਕਿ ਦਫਤਰੀ ਅਮਲੇ ਫੈਲੇ ਤੇ ਸੱਤਾਧਾਰੀ ਧਿਰ ਦੇ ਦਬਾਅ ਕਾਰਣ , ਲੰਬੇ ਸਮੇਂ ਤੋਂ ਨਗਰ ਕੌਂਸਲ ਦੀ ਮੀਟਿੰਗ ਹੀ ਨਹੀਂ ਹੋਣ ਦਿੱਤੀ ਜਾ ਰਹੀ। ਜਿਸ ਦੇ ਨਤੀਜੇ ਵਜੋਂ ਸ਼ਹਿਰ ਦੇ ਸਾਰੇ ਵਿਕਾਸ ਕੰਮ ਰੁਕੇ ਪਏ ਹਨ। ਮੀਟਿੰਗ ‘ਚ ਮੌਜੂਦ ਕੌਂਸਲਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਪੂਰੀ ਤਰਾਂ ਨਗਰ ਕੌਂਸਲ ਪ੍ਰਧਾਨ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ। ਕੌਸਲਰਾਂ ਵਿੱਚ ਆਮ ਰਾਇ ਇਹ ਵੀ ਉੱਭਰ ਕੇ ਵੀ ਸਾਹਮਣੇ ਆਈ ਕਿ , ਕੌਂਸਲ ਦੁਆਰਾ ਕਰਵਾਏ ਜਾਣ ਵਾਲੇ ਵਿਕਾਸ ਕੰਮਾਂ ਨਾਲ ਜੁੜਿਆ ਬਹੁਤਾ ਦਫਤਰੀ ਸਟਾਫ, ਸੱਤਾਧਾਰੀ ਧਿਰ ਦੀ ਕਠਪੁਤਲੀ ਬਣਿਆ ਹੋਇਆ ਹੈ। ਸੱਤਾਧਾਰੀ ਧਿਰ ਦੇ ਕੁੱਝ ਆਗੂਆਂ ਦੀ ਦਖਲਅੰਦਾਜੀ ਇੰਨੀਂ ਵਧ ਚੁੱਕੀ ਹੈ ਕਿ ਕੌਂਸਲ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਬਿਲਕੁਲ ਹੀ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਕੌਂਸਲਰਾਂ ਨੇ ਕਿਹਾ ਸ਼ਹਿਰ ਦੇ ਵਿਕਾਸ ਕੰਮ ਬੰਦ ਪਏ ਹੋਣ ਕਾਰਣ ਸ਼ਹਿਰ ਦੇ ਲੋਕਾਂ ਅੰਦਰ ਕਾਫੀ ਰੋਸ ਪੈਦਾ ਹੋ ਰਿਹਾ ਹੈ। ਇਸ ਮੌਕੇ ਕੌਂਸਲ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਨੇ ਕਿਹਾ ਕਿ ਉਨ੍ਹਾਂ ਕਈ ਵਾਰ, ਮੀਟਿੰਗ ਕਰਨ ਲਈ, ਅਧਿਕਾਰੀਆਂ ਨੂੰ ਮੀਟਿੰਗ ਲਈ, ਵਿਕਾਸ ਕੰਮਾਂ ਦੇ ਐਸਟੀਮੇਟ ਬਣਾਉਣ ਨੂੰ ਕਿਹਾ ਹੈ, ਪਰੰਤੂ ਉਹ ਟਾਲਮਟੋਲ ਕਰਕੇ, ਟਾਈਮ ਟਪਾ ਰਹੇ ਹਨ। ਪ੍ਰਧਾਨ ਰਾਮਣਵਾਸੀਆ ਅਤੇ ਕੌਂਸਲਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਅਪੀਲ ਕੀਤੀ ਕਿ ਸ਼ਹਿਰ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਚੌਤਰਫਾ ਵਿਕਾਸ ਲਈ ਕੌਂਸਲ ਦਾ ਸਾਥ ਦੇਣ, ਸਾਰੇ ਸ਼ਹਿਰੀ ਵਿਕਾਸ ਚਾਹੁੰਦੇ ਹਨ। ਉਨਾਂ ਕਿਹਾ ਕਿ ਲੋਕਾਂ ਨੇ ਐਮ.ਪੀ. ਐਮ.ਐਲ.ਏ. ਤੇ ਕੌਂਸਲਰਾਂ ਨੂੰ ਵਿਕਾਸ ਦੀ ਉਮੀਦ ਨਾਲ ਚੁਣਿਆ ਹੈ। ਇਸ ਲਈ ਆਉ ਸਾਰੇ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਨੂੰ ਤਰਜੀਹ ਦੇਈਏ, ਵਿਕਾਸ ਕੰਮਾਂ ਲਈ ਜਿਵੇਂ ਤੁਹਾਡੇ ਦਿਸ਼ਾ ਨਿਰਦੇਸ਼/ ਗਾਈਡਲਾਈਨ ਹੋਵੇਗੀ, ਉਸ ਤੇ ਅਸੀਂ ਫੁੱਲ ਚੜਾਉਣ ਲਈ ਤਿਆਰ ਹਾਂ। ਉਨਾਂ ਕਿਹਾ ਕਿ ਪਾਰਟੀਬਾਜੀ ਕਾਰਣ, ਸ਼ਹਿਰ ਦੇ ਵਿਕਾਸ ਕੰਮਾਂ ਵਿੱਚ ਅੜਿੱਕਾ ਪਾਉਣਾ ਲੋਕ ਮੱਤ ਅਤੇ ਲੋਕ ਰਾਜ ਨੂੰ ਨੀਵਾਂ ਦਿਖਾਉਣਾ ਹੈ। ਇਸ ਮੌਕੇ ਕੌਂਸਲਰ ਹੇਮ ਰਾਜ ਗਰਗ, ਧਰਮ ਸਿੰਘ ਫੌਜੀ, ਜਗਜੀਤ ਸਿੰਘ ਜੱਗੂ ਮੋਰ , ਹਰਬਖਸ਼ੀਸ਼ ਸਿੰਘ ਗੋਨੀ, ਭੁਪਿੰਦਰ ਸਿੰਘ ਭਿੰਦੀ, ਅਜੇ ਕੁਮਾਰ, ਗੁਰਪ੍ਰੀਤ ਸਿੰਘ , ਰਾਣੀ ਕੌਰ ਡੇਅਰੀਵਾਲਾ, ਗਿਆਨ ਕੌਰ, ਕੌਂਸਲਰ ਦੀਪਕਾ ਸ਼ਰਮਾ ਦੇ ਪਤੀ ਤੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਮੀਨੂੰ ਬਾਂਸਲ ਦੇ ਪਤੀ ਮੰਗਤ ਰਾਏ ਬਾਂਸਲ, ਸ਼ਬਾਨਾ ਦੇ ਪਤੀ ਖੁਸ਼ੀ ਮੁਹੰਮਦ, ਰਣਦੀਪ ਕੌਰ ਬਰਾੜ ਦੇ ਪਤੀ ਗੁਰਦਰਸ਼ਨ ਸਿੰਘ ਬਰਾੜ, ਕਰਮਜੀਤ ਕੌਰ ਰੁਪਾਣਾ ਦੇ ਪਤੀ ਸੁਖਪਾਲ ਸਿੰਘ ਰੁਪਾਣਾ, ਜਸਵੀਰ ਕੌਰ ਢਿੱਲੋਂ ਦੇ ਪਤੀ ਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ, ਸਰੋਜ ਰਾਣੀ ਦੇ ਪੁੱਤਰ ਤੇ ਭਾਜਪਾ ਆਗੂ ਨੀਰਜ ਜਿੰਦਲ ਆਦਿ ਵਿਸ਼ੇਸ ਤੌਰ ਤੇ ਮੋਜੂਦ ਰਹੇ।