– ਫੜੇ ਗਏ ਨੌਜਵਾਨ ਕੋਲੋਂ 6 ਰਾਇਫਲਾਂ, 2 ਪਿਸਟਲ,ਇੱਕ ਰਿਵਾਲਵਰਾਂ ਅਤੇ ਦੋ ਸਕਾਰਪਿਓ ਗੱਡੀਆਂ ਬਰਾਮਦ
ਬਰਨਾਲਾ, 17 ਫਰਵਰੀ (ਜਗਸੀਰ ਸਿੰਘ ਚਹਿਲ) ਸੀਆਈਏ ਬਰਨਾਲਾ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਾਲੀ ਸੀਆਈਏ ਪੁਲਿਸ ਟੀਮ ਵਲੋਂ ਪੰਜਾਬ ਦੇ ਨਾਮਵਰ ਗੈਂਗਸਟਰਾਂ ਦੇ ਸਾਥੀ ਰਹੇ 10 ਨੌਜਵਾਨਾਂ ਨੂੰ ਹਥਿਆਰਾਂ ਦੀ ਵੱਡੀ ਖੇਪ ਸਮੇਤ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਕੀਤੀ ਹੈ। ਇਸ ਸੰਬੰਧੀ ਰੱਖੀ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਐੱਸ ਐੱਸ ਪੀ ਬਰਨਾਲਾ ਸ੍ਰੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਸ਼ਿਆਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਡੀ ਗਈ ਮੁਹਿੰਮ ਤਹਿਤ ਸ੍ਰੀ ਰਮਨੀਸ਼ ਕੁਮਾਰ ਚੌਧਰੀ ਪੀਪੀਐਸ ਕਪਤਾਨ ਪੁਲਿਸ (ਡੀ) ਬਰਨਾਲਾ, ਸ੍ਰੀ ਮਾਨਵਜੀਤ ਸਿੰਘ ਸਿੱਧੂ ਪੀਪੀਐਸ ਉਪ- ਕਪਤਾਨ ਪੁਲਿਸ (ਡੀ) ਬਰਨਾਲਾ ਦੀ ਯੋਗ ਅਗਵਾਈ ਹੇਠ ਬਰਨਾਲਾ ਪੁਲਿਸ ਨੂੰ ਉਸ ਸਮੇਂ ਇੱਕ ਵੱਡੀ ਸਫਲਤਾ ਹਾਸਲ ਹੋਈ ਜਦੋਂ ਇੰਸਪੈਕਟਰ ਬਲਜੀਤ ਸਿੰਘ ਸਿੱਧੂ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਪਾਸ ਸੋਰਸ ਖਾਸ ਨੇ ਇਤਲਾਹ ਦਿੱਤੀ ਕਿ ਸੁਖਚੈਨ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਗੁਰਦਾਸ ਸਿੰਘ, ਸਿਮਰਜੀਤ ਸਿੰਘ, ਨਿਰਵੈਰ ਸਿੰਘ, ਸੁਖਚੈਨ ਸਿੰਘ, ਅਰਸ਼ਦੀਪ ਸਿੰਘ, ਸਮਸ਼ੇਰ ਸਿੰਘ, ਕਰਨਵੀਰ ਸਿੰਘ ਉਕਤਾਨ ਮਿਲਕੇ ਇੱਕ ਗੈਂਗ ਦੇ ਰੂਪ ਵਿੱਚ 02 ਸਕਾਰਪਿਓਂ ਗੱਡੀਆਂ ਪਰ ਨਜਾਇਜ਼ ਅਸਲੇ ਸਮੇਤ ਘੁੰਮਦੇ ਰਹਿੰਦੇ ਹਨ, ਜੋ ਅੱਜ ਵੀ ਲੁਧਿਆਣਾ ਸਾਈਡ ਤੋਂ ਬਰਨਾਲਾ ਦੇ ਏਰੀਆ ਵਿੱਚ ਆ ਰਹੇ ਹਨ। ਇਹ ਵਿਅਕਤੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹਨ ਅਤੇ ਇਸ ਤਰ੍ਹਾਂ ਸ਼ਰੇਆਮ ਨਜਾਇਜ਼ ਅਸਲਾ ਲੈ ਕੇ ਘੁੰਮਦੇ ਹੋਏ ਮਾਨਯੋਗ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਵੀ ਕਰ ਰਹੇ ਹਨ। ਇਸ ਇਤਲਾਹ ਦੇ ਅਧਾਰ ਤੇ ਉਕਤਾਨ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਯੂ/ਐੱਸ 399, 402, 188 ਆਈਪੀਸੀ & 25/54/59 ਆਰਮਜ਼ ਐਕਟ ਥਾਣਾ ਬਰਨਾਲਾ ਦਰਜ ਰਜਿਸਟਰ ਕੀਤਾ ਗਿਆ। ਉਹਨਾ ਦੱਸਿਆ ਕਿ ਦੌਰਾਨੇ ਤਫ਼ਤੀਸ਼ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਬਰਨਾਲਾ-ਮਾਨਸਾ ਮੇਨ ਰੋਡ ਬਾ-ਹੱਦ ਹੰਡਿਆਇਆ ਉੱਪਰ ਨਾਕਾ ਬੰਦੀ ਕਰਕੇ ਸਕਾਰਪੀਓ ਗੱਡੀ ਨੰਬਰੀ ਪੀਬੀ 08 ਈਐੱਕਸ 3907 ਰੰਗ ਚਿੱਟਾ ਅਤੇ ਸਕਾਰਪੀਓ ਗੱਡੀ ਨੰਬਰੀ ਪੀਬੀ 03 ਏਐੱਨ 9106 ਰੰਗ ਚਿੱਟਾ ਵਿੱਚ ਦੋਸ਼ੀਆਂਨ ਨੂੰ ਸਮੇਤ ਅਸਲ੍ਹਾ ਐਸੋਨੀਸ਼ਨ ਕਾਬੂ ਕੀਤਾ ਗਿਆ।
ਕਥਿਤ ਦੋਸ਼ੀਆਂ ਕੋਲੋਂ ਕੁੱਲ ਬ੍ਰਾਮਦਗੀ:-
ਐੱਸ ਐੱਸ ਪੀ ਬਰਨਾਲਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਕਥਿਤ ਗੈਂਗਸਟਰਾਂ ਕੋਲੋਂ 6 ਬੰਦੂਕਾਂ 12 ਬੋਰ ਸਮੇਤ 22 ਕਾਰਤੂਸ 12 ਬੋਰ ਜਿੰਦਾ , 2 ਪਿਸਟਲ 32 ਬੋਰ ਸਮੇਤ 9 ਕਾਰਤੂਸ 32 ਬੋਰ ਜਿੰਦਾ, 1 ਰਿਵਾਲਵਰ 32 ਬੋਰ ਸਮੇਤ 4 ਕਾਰਤੂਸ 32 ਬੋਰ ਜਿੰਦਾ ਅਤੇ 2 ਸਕਾਰਪਿਓ ਗੱਡੀਆਂ ਨੰਬਰੀ ਪੀਬੀ 08 ਈਐਕਸ 3907 ਰੰਗ ਚਿੱਟਾ ਅਤੇ ਪੀਬੀ 03 ਏਐੱਨ 9106 ਰੰਗ ਚਿੱਟਾ
ਵੱਡੇ ਗੈਂਗਸਟਰਾਂ ਨਾਲ ਰਹੇ ਨੇ ਸੰਬੰਧ-
ਉਹਨਾ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀ ਕੁਲਵੀਰ ਨਰੂਆਣਾ ਅਤੇ ਅਜੀਜ਼ ਖਾਨ ਗੈਂਗ
ਨਾਲ ਸਬੰਧ ਰੱਖਦੇ ਹਨ। ਪਹਿਲਾਂ ਮਨਪ੍ਰੀਤ ਮੰਨਾ ਵਾਸੀ ਤਲਵੰਡੀ ਸਾਬੋ ਵੀ ਇਹਨਾਂ ਦਾ ਸਾਥੀ ਹੁੰਦਾ ਸੀ। ਕਾਬੂ ਕੀਤਾ ਸਤਨਾਮ ਸਿੰਘ ਉਰਫ ਖਾਨ ਅਤੇ ਮਨਪ੍ਰੀਤ ਮੰਨਾ ਇੱਕਠੇ ਕੇਸਵਾਲ ਹਨ। ਪਰ ਬਾਅਦ ਵਿੱਚ ਮਨਪ੍ਰੀਤ ਮੰਨਾ ਨੇ ਕੁਲਵੀਰ ਨਰੂਆਣੇ ਦਾ ਕਤਲ ਕਰ ਦਿੱਤਾ ਸੀ ਅਤੇ ਇਹਨਾਂ ਨੇ ਆਪਣੇ 2 ਵੱਖੋ-ਵੱਖਰੇ ਗਰੁੱਪ ਬਣਾ ਲਏ ਸਨ। ਉਹਨਾ ਦੱਸਿਆ ਕੀ ਇਸ ਮਾਮਲੇ ਦੀ ਸੀਆਈਏ ਬਰਨਾਲਾ ਡੁੰਘਾਈ ਨਾਲ ਤਫਤੀਸ਼ ਜਾਰੀ ਹੈ। ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਉਹਨਾ ਦੱਸਿਆ ਕਿ ਇਸ ਗੈਂਗ ਦੇ ਗ੍ਰਿਫ਼ਤਾਰ ਕੀਤੇ ਗਏ ਮੈਂਬਰਾਂ ਖ਼ਿਲਾਫ਼ ਪਹਿਲਾਂ ਵੀ ਕਤਲ, ਲੁੱਟ-ਖੋਹ, ਲੜਾਈ ਝਗੜਿਆਂ, ਐੱਨ.ਡੀ.ਪੀ.ਐੱਸ ਅਤੇ ਆਬਕਾਰੀ ਐਕਟ ਆਦਿ ਤਹਿਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਮੁਕੱਦਮੇ ਦਰਜ ਹਨ।